
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਾਗਰੂਕਤਾ ਸਮੱਗਰੀ ਵੰਡ ਕੇ ਲੋਕਾਂ ਨੂੰ ਡੇਂਗੂ ਪ੍ਰਤੀ ਕੀਤਾ ਜਾਗਰੂਕ | National Dengue Day 2025
National Dengue Day 2025: (ਸੱਚ ਕਹੂੰ ਨਿਊਜ਼) ਬਠਿੰਡਾ। ਜ਼ਿਲ੍ਹਾ ਬਠਿੰਡਾ ’ਚ ਵੱਖ-ਵੱਖ ਥਾਈਂ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਗਰੂਕਤਾ ਸਮੱਗਰੀ ਵੰਡ ਕੇ ਜਾਗਰੂਕ ਕੀਤਾ ਗਿਆ। ਇਸੇ ਲੜੀ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਦੀ ਅਗਵਾਈ ਹੇਠ ਸਿਹਤ ਵਿਭਾਗ ਬਠਿੰਡਾ ਵੱਲੋਂ ਰਾਸ਼ਟਰੀ ਡੇਂਗੂ ਦਿਵਸ ਮੌਕੇ ਡੇਂਗੂ ਜਾਗਰੂਕਤਾ ਰੈਲੀ ਕੱਢੀ ਗਈ।
ਇਸ ਰੈਲੀ ਨੂੰ ਡਾ. ਰਮਨਦੀਪ ਸਿੰਗਲਾ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਹਨਾਂ ਰੈਲੀ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਹਰੇਕ ਸਾਲ ਡੇਂਗੂ ਦੇ ਬਹੁਤ ਮਰੀਜ਼ ਪਾਏ ਜਾਂਦੇ ਹਨ। ਇਸ ਲਈ ਡੇਂਗੂ ਦੀ ਬਿਮਾਰੀ ਨੂੰ ਕੰਟਰੋਲ ਕਰਨ ਦੀ ਲੋੜ ਹੈ। ਸਿਹਤ ਵਿਭਾਗ ਵੱਲੋਂ ਹਰੇਕ ਸਾਲ 16 ਮਈ ਨੂੰ ਰਾਸ਼ਟਰੀ ਡੇਂਗੂ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡੇਂਗੂ ਦਿਵਸ ਮਨਾਉਣ ਦਾ ਮਕਸਦ ਇਸ ਦਿਨ ਆਮ ਲੋਕਾਂ, ਸਕੂਲਾਂ ਵਿੱਚ ਅਤੇ ਪਬਲਿਕ ਥਾਵਾਂ ’ਤੇ ਲੋਕਾਂ ਨੂੰ ਡੇਂਗੂ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਨਾ ਹੈ।
ਇਹ ਵੀ ਪੜ੍ਹੋ: National Dengue Day: ਡੇਂਗੂ ਮੱਛਰ ਤੋਂ ਬਚਣਾ ਚਾਹੁੰਦੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਧਿਆਨ, ਡੇਂਗੂ ਨੇੜੇ ਵੀ ਨਹੀਂ ਆ…
ਜ਼ਿਲ੍ਹਾ ਸਿਹਤ ਅਫਸਰ ਡਾ. ਊਸ਼ਾ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਬਠਿੰਡਾ ਵੱਲੋਂ ਰੈਲੀ ਤੋਂ ਇਲਾਵਾ ਡੇਂਗੂ ਸਰਵੇ, ਚਾਰਟ ਮੇਕਿੰਗ ਕੰਪੀਟੀਸ਼ਨ ਅਤੇ ਕੁਇਜ਼ ਮੁਕਾਬਲੇ ਕਰਵਾਏ ਵੀ ਕਰਵਾਏ ਗਏ ਜਿਸ ਵਿੱਚ ਜੀ.ਐਨ.ਐਮ ਅਤੇ ਏ.ਐਨ.ਐਮ ਸਕੂਲ ਦੇ ਬੱਚਿਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਜੀ.ਐਨ.ਐਮ ਸਕੂਲ ਦੇ ਬੱਚਿਆ ਵੱਲੋਂ ਡੇਂਗੂ ਜਾਗਰੂਕਤਾ ਨਾਟਕ ਵੀ ਪੇਸ਼ ਕੀਤਾ ਗਿਆ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਕਰਿਤੀ ਵੱਲੋਂ ਡੇਂਗੂ ਦੇ ਲੱਛਣਾ ਅਤੇ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।
ਉਹਨਾਂ ਕਿਹਾ ਕਿ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਮੁਹਿੰਮ ਤਹਿਤ ਹਰ ਸ਼ੁੱਕਰਵਾਰ ਨੂੰ ਪਾਣੀ ਵਾਲੇ ਸੋਮਿਆਂ ਨੂੰ ਸੁਕਾ ਕੇ ਦੁਬਾਰਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਇਸ ਮੌਕੇ ਡਾ. ਪ੍ਰਨੀਤ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਮਲਕੀਤ ਕੌਰ, ਰੋਹਿਤ ਜਿੰਦਲ ਜ਼ਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ, ਏ.ਐਮ.ਓ ਮੱਘਰ ਸਿੰਘ, ਹਰਵਿੰਦਰ ਸਿੰਘ, ਪ੍ਰਿੰਸੀਪਲ ਏ.ਐਨ.ਐਮ ਸਕੂਲ ਅਤੇ ਸਟਾਫ ਹਾਜ਼ਰ ਸਨ।
ਇਸ ਤੋਂ ਇਲਾਵਾ ਪਿੰਡ ਮਹਿਤਾ ਵਿਖੇ ਆਯੂਸ਼ਮਾਨ ਅਰੋਗਿਆ ਕੇਂਦਰ ਮਹਿਤਾ ਦੀ ਟੀਮ ਵੱਲੋਂ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਸ਼ਵ ਡੇਂਗੂ ਦਿਵਸ ਅਤੇ ਡਰਾਈ ਡੇਅ ਮਨਾਇਆ ਗਿਆ। ਇਸ ਮੌਕੇ ਸਿਹਤ ਕਰਮਚਾਰੀ ਅਵਤਾਰ ਸਿੰਘ ਮਲਟੀਪਰਪਜ ਹੈਲਥ ਵਰਕਰ (ਮੇਲ) ਅਤੇ ਸੁਖਜੀਤ ਕੌਰ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਵੱਲੋਂ ਬੱਚਿਆਂ ਅਤੇ ਸਮੂਹ ਸਟਾਫ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ ਗਿਆ।
ਲੋਕਾਂ ਨੂੰ ਡੇਂਗੂ ਦੇ ਲੱਛਣਾਂ ਬਾਰੇ ਅਤੇ ਬਚਾਅ ਬਾਰੇ ਜਾਗਰੂਕ ਕੀਤਾ

ਇਸ ਤੋਂ ਇਲਾਵਾ ਮਨਜੀਤ ਕੌਰ ਆਸ਼ਾ ਵਰਕਰ ਪਤਨੀ ਧਰਮ ਸਿੰਘ ਅਤੇ ਮਨਜੀਤ ਕੌਰ ਆਸ਼ਾ ਵਰਕਰ ਪਤਨੀ ਜੱਗਾ ਸਿੰਘ ਵੱਲੋਂ ਡਰਾਈਡੇਅ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਘਰ ਘਰ ਸੁਨੇਹਾ ਪਹੁੰਚਾਉਣ ਦਾ ਉਪਰਾਲਾ ਕੀਤਾ । ਇਸ ਮੌਕੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਬਾਰੇ ਅਤੇ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਵਿੱਚ ਸਿਹਤ ਵਿਭਾਗ ਨਥਾਣਾ ਵੱਲੋਂ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ। ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਸਿਹਤ ਸੁਪਰਵਾਈਜ਼ਰ ਅਜੈ ਕੁਮਾਰ ਸਿਹਤ ਵਿਭਾਗ ਨਥਾਣਾ ਦੇ ਟੀਮ ਮੈਂਬਰਾਂ ਅਤੇ ਨਰਸਿੰਗ ਵਿਦਿਆਰਥਣਾਂ ਵਲੋਂ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਵੱਖ-ਵੱਖ ਥਾਂਵਾਂ ਉਤੇ ਲੋਕਾਂ ਨੂੰ ਜਾਗਰੂਕਤਾ ਸਮੱਗਰੀ ਵੰਡ ਕੇ ਜਾਗਰੂਕ ਕੀਤਾ ਗਿਆ।