ਲੁਧਿਆਣਾ (ਜਸਵੀਰ ਸਿੰਘ ਗਹਿਲ)। ਅਣਪਤਛਾਤੇ ਚੋਰਾਂ ਨੇ ਸਥਾਨਕ ਆਤਮ ਪਾਰਕ ਇਲਾਕੇ ’ਚ ਸਥਿੱਤ ਸੇਵਾ ਕੇਂਦਰ ਨੂੰ ਨਿਸ਼ਾਨਾ ਬਣਾਉਂਦਿਆਂ ਉਥੋਂ ਲੱਖਾਂ ਰੁਪਏ ਦਾ ਕੀਮਤੀ ਸਮਾਨ ਤੇ ਡਾਟਾ ਚੋਰੀ ਕਰ ਲਿਆ ਹੈ। ਜਿਸ ਦੇ ਸਬੰਧ ’ਚ ਸੁਪਰਵਾਈਜਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕਰਕੇ ਪੁਲਿਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ। ਜਗਦੀਪ ਸਿੰਘ ਵਾਸੀ ਪਿੰਡ ਕਲਾੜ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਤਮ ਪਾਰਕ ਮਾਡਲ ਟਾਊਨ ਇਲਾਕੇ ’ਚ ਸਥਿੱਤ ਸੇਵਾ ਕੇਂਦਰ ’ਚ ਬਤੌਰ ਸੁਪਰਵਾਇਜ਼ਰ ਨੌਕਰੀ ਕਰਦਾ ਹੈ।
ਇਹ ਵੀ ਪੜ੍ਹੋ : ਸਾਵਧਾਨ! ਸਕੂਲ ਬੰਦ, ਟਰੇਨਾਂ ਵੀ ਰੱਦ, ਆ ਰਿਹੈ ਮਿਚੌਂਗ ਤੂਫਾਨ
ਜਿੱਥੇ 2 ਦਸੰਬਰ ਤੋਂ 4 ਦਸੰਬਰ ਦੌਰਾਨ ਕਿਸੇ ਨਾਮਲੂਮ ਵਿਅਕਤੀ ਨੇ ਸੇਵਾ ਕੇਂਦਰ ਦਾ ਜਿੰਦਰਾ ਤੋੜਿਆ ਅਤੇ ਅੰਦਰ ਪਈਆਂ ਯੂਪੀਐਸ ਦੀਆਂ 16 ਬੈਟਰੀਆਂ, ਅਧਾਰ ਕਾਰਡ ਦੀ ਬਾਇਓ ਮੈਟਰਿਕ ਮਸ਼ੀਨ, ਇੱਕ ਅੱਖਾਂ ਦਾ ਸਕੈਨਰ, ਇੱਕ ਹਾਰਡ ਡਿਸਕ (ਡਾਟਾ) ਚੋਰੀ ਕਰਕੇ ਲੈ ਗਿਆ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਜਗਦੀਪ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਪਿੰਡ ਕਲਾੜ ਦੇ ਬਿਆਨਾਂ ’ਤੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਤਫ਼ਤੀਸੀ ਅਫ਼ਸਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਮਿਲੀ ਸ਼ਿਕਾਇਤ ਦੇ ਅਧਾਰ ’ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਤੇ ਨਾਮਲੂਮ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। (Ludhiana News)