ਨਾਭਾ ਪੁਲਿਸ ਨੇ ਨੌਜਵਾਨ ਦੇ ਅੰਨ੍ਹੇ ਕਤਲ ਨੂੰ 24 ਘੰਟਿਆਂ ‘ਚ ਸੁਲਝਾਇਆ

Nabha Murder Case

ਮ੍ਰਿਤਕ ਨੌਜਵਾਨ ਦੇ ਆਪਣੇ ਦੋਸਤ ਹੀ ਨਿਕਲੇ ਕਾਤਲ, ਤਿੰਨ ਗ੍ਰਿਫਤਾਰ

  • ਦੂਜੇ ਗਰੁੱਪ ਨਾਲ ਸੰਬੰਧ ਹੋਣ ਕਾਰਨ ਮਾਰ ਮੁਕਾਇਆ ਆਪਣਾ ਹੀ ਦੋਸਤ

(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਪੁਲਿਸ ਵੱਲੋ ਨੌਜਵਾਨ ਦੇ ਅੰਨ੍ਹੇ ਕਤਲ ਦਾ ਮਾਮਲਾ 24 ਘੰਟਿਆਂ ‘ਚ ਹੀ ਹੱਲ ਕਰ ਕਰਨ ਦਾ ਦਾਅਵਾ ਕੀਤਾ ਗਿਆ। ਨਾਭਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਡੀਐਸਪੀ ਨਾਭਾ ਦਵਿੰਦਰ ਅੱਤਰੀ ਅਤੇ ਸਦਰ ਥਾਣਾ ਇੰਚਾਰਜ ਇੰਸ. ਗੁਰਪ੍ਰੀਤ ਸਿੰਘ ਭਿੰਡਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਮ੍ਰਿਤਕ ਨੌਜਵਾਨ ਕਮਲਪ੍ਰੀਤ ਦਾ ਕਤਲ ਉਸ ਦੇ ਆਪਣੇ ਦੋਸਤਾਂ ਨੇ ਕੀਤਾ ਸੀ। (Nabha Murder Case)

ਇਹ ਵੀ ਪੜ੍ਹੋ : ਦਾਤਰ ਦਿਖਾ ਕੇ ਕਰਦੇ ਸਨ ਲੁੱਟਾਂ ਖੋਹਾਂ, ਚੜ੍ਹ ਗਏ ਪੁਲਿਸ ਅੜਿੱਕੇ

ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਅੰਨ੍ਹੇ ਕਤਲ ਦੇ ਮਾਮਲੇ ਦੀ ਤੇਜ਼ੀ ਨਾਲ ਤਫਤੀਸ਼ ਕਰਦਿਆਂ ਨਾਭਾ ਪੁਲਿਸ ਵੱਲੋਂ 24 ਘੰਟਿਆਂ ‘ਚ ਮ੍ਰਿਤਕ ਨੌਜਵਾਨ ਦੇ ਤਿੰਨ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਦੋਵੇਂ ਹੋਣਹਾਰ ਪੁਲਿਸ ਅਧਿਕਾਰੀਆਂ ਦੱਸਿਆ ਕਿ ਥਾਣਾ ਸਦਰ ਨਾਭਾ ਵਿਖੇ ਕਤਲ ਸੰਬੰਧੀ ਮਸੂਲ ਹੋਈ ਇਤਲਾਹ ਅਨੁਸਾਰ ਪਿੰਡ ਕੋਟਕਲਾ ਦੀ ਸੁੂਆ ਪੁਲੀ ’ਤੇ ਇੱਕ ਨੌਜਵਾਨ ਵਿਅਕਤੀ ਦੀ ਲਾਸ਼ ਦੀ ਜਾਣਕਾਰੀ ਮਿਲੀ। ਮ੍ਰਿਤਕ ਨੂੰ ਕਾਫੀ ਬੁਰੀ ਤਰ੍ਹਾਂ ਨਾਲ ਮਾਰਿਆ ਗਿਆ ਹੈ ਅਤੇ ਜੋ ਪਹਿਲੀ ਨਜ਼ਰੇ ਕਤਲ ਦਾ ਮਾਮਲਾ ਜਾਪਦਾ ਸੀ।

ਇਸ ਵਾਰਦਾਤ ਨੂੰ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਵੱਲੋਂ ਕਾਫੀ ਗੰਭੀਰਤਾ ਨਾਲ ਲੈਂਦੇ ਹੋਏ ਦਿੱਤੇ ਦਿਸ਼ਾ ਨਿਰਦੇਸ਼ ਤਹਿਤ ਹਰਬੀਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈ) ਪਟਿਆਲਾ ਦੀ ਨਿਗਰਾਨੀ ਹੇਠ ਦਵਿੰਦਰ ਕੁਮਾਰ ਪੀ.ਪੀ.ਐਸ ਡੀ.ਐਸ.ਪੀ ਨਾਭਾ ਪਟਿਆਲਾ ਦੀ ਅਗਵਾਈ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਨਾਭਾ ਦੀ ਟੀਮ ਦਾ ਗਠਨ ਕੀਤਾ ਗਿਆ ਅਤੇ ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਪੁੱਤਰ ਸ਼ਾਮ ਸਿੰਘ ਦੇ ਬਿਆਨਾਂ ‘ਤੇ ਆਈਪੀਸੀ ਧਾਰਾ 302, 34 ਅਧੀਨ ਮਾਮਲਾ ਦਰਜ ਕੀਤਾ ਗਿਆ।

ਪੁਲਿਸ ਅਧਿਕਾਰੀਆਂ ਅਨੁਸਾਰ ਦੋਰਾਨੇ ਤਫਤੀਸ਼ ਕਥਿਤ ਦੋਸ਼ੀਆਨ ਪਵਿੱਤਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਹਿੰਮਤਪੁਰਾ ਸੁੱਖੀ ਪੁੱਤਰ ਭਗਵਾਨ ਸਿੰਘ ਵਾਸੀ ਬੀਨਾੜੀ ਅਤੇ ਅਵਤਾਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਕੋਟ ਖੁਰਦ ਨੂੰ ਇੰਸ. ਗੁਰਪ੍ਰੀਤ ਸਿੰਘ ਭਿੰਡਰ ਮੁੱਖ ਅਫਸਰ ਥਾਣਾ ਸਦਰ ਨਾਭਾ ਅਤੇ ਉਨ੍ਹਾਂ ਦੀ ਟੀਮ ਵੱਲੋਂ 24 ਘੰਟਿਆਂ ਅੰਦਰ ਗ੍ਰਿਫਤਾਰ ਕਰਕੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ।

ਕਾਤਲਾਂ ਨੇ ਮੰਨਿਆ ਕਿ ਫੋਨ ਕਰਕੇ ਬੁਲਾਇਆ ਸੀ ਕਮਲ ਪ੍ਰਿੰਸ ਨੂੰ

ਉਨ੍ਹਾਂ ਦਾਅਵਾ ਕੀਤਾ ਕਿ ਦੋਰਾਨੇ ਪੁੱਛ- ਗਿੱਛ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਦੀ ਦੂਜੇ ਗਰੁੱਪ ਦੇ ਕਿਸੇ ਵਿਅਕਤੀ ਨਾਲ ਲਾਗ-ਡਾਂਟ ਸੀ ਜਿਸ ਨੂੰ ਮਿਤਕ ਕਮਲ ਪ੍ਰਿੰਸ ਜਾਣਦਾ ਸੀ ਅਤੇ ਮ੍ਰਿਤਕ ਨੂੰ ਅਸੀਂ ਵੀ ਜਾਣਦੇ ਸੀ। ਜਿਸ ਕਰਕੇ ਅਸੀਂ ਕਮਲ ਪ੍ਰਿਸ ਨੂੰ ਫੋਨ ਕਰਕੇ ਪਿੰਡ ਛੀਟਾਵਾਲਾ ਅਹਾਤੇ ‘ਤੇ ਬੁਲਾਇਆ ਜਿੱਥੇ ਸਾਡੀ ਕਮਲ ਪ੍ਰਿੰਸ ਨਾਲ ਕਾਫੀ ਤਕਰਾਰ ਹੋ ਗਈ। ਉਨ੍ਹਾਂ ਮੰਨਿਆ ਕਿ ਉਨ੍ਹਾਂ ਮ੍ਰਿਤਕ ਨੂੰ ਪਿੰਡ ਕੋਟਕਲਾ ਸੂਆ ਪੁਲੀ ਵਿਖੇ ਲਿਆ ਕੇ ਕਾਫੀ ਬੇਰਹਿਮੀ ਨਾਲ ਕਤਲ ਕਰ ਦਿੱਤਾ। (Nabha Murder Case)

ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਦੌਰਾਨੇ ਕਾਤਲਾਂ ਵੱਲੋਂ ਵਾਰਦਾਤ ਵਿੱਚ ਵਰਤੇ ਹਥਿਆਰ ਬ੍ਰਾਮਦ ਕਰਵਾਏ ਜਾਣਗੇ। ਡੀਐਸਪੀ ਦਵਿੰਦਰ ਅੱਤਰੀ ਨੇ ਮੁੱਖ ਅਫਸਰ ਥਾਣਾ ਸਦਰ ਨਾਭਾ ਇੰਸ. ਗੁਰਪ੍ਰੀਤ ਸਿੰਘ ਭਿੰਡਰ ਦੀ ਕਾਰਜਸ਼ੈਲੀ ਦੀ ਭਰਪੂਰ ਸ਼ਲਾਘਾ ਕਰਦਿਆਂ ਹੌਂਸਲਾ ਅਫਜਾਈ ਕੀਤੀ ਜਿਨਾਂ ਵੱਲੋਂ 24 ਘੰਟਿਆਂ ਅੰਦਰ-ਅੰਦਰ ਕਾਤਲਾਂ ਨੂੰ ਗ੍ਰਿਫਤਾਰ ਕਰ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ