ਬ੍ਰਹਮ ਮਹਿੰਦਰਾ ਆਪਣੇ ਖੇਮੇ ਦਾ ਮੇਅਰ ਬਣਾਉਣ ਲਈ ਪੱਬਾਂ ਭਾਰ
- ਹਲਕਾ ਪਟਿਆਲਾ ਦਿਹਾਤੀ ਤੇ ਸ਼ਹਿਰੀ ਦੇ ਕੌਂਸਲਰਾਂ ਦੀ ਕੀਤੀ ਜਾ ਰਹੀ ਐ ਪਰੇਡ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੇਅਰ ਬਦਲਣ ਸਬੰਧੀ ਮੋਤੀ ਮਹਿਲ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ’ਚ ਆਪਸੀ ਖਾਨਾਜੰਗੀ ਭਾਰੂ ਹੋ ਗਈ ਹੈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਮੋਤੀ ਮਹਿਲ ਦੇ ਮੇਅਰ ਦੀ ਕੁਰਸੀ ਖੋਹ ਕੇ ਆਪਣੇ ਖੇਮੇ ਦੇ ਕੌਂਸਲਰ ਨੂੰ ਮੇਅਰ ਬਣਾਉਣ ਲਈ ਪੱਬਾਂ ਭਾਰ ਹੋ ਗਏ ਹਨ। ਉਨ੍ਹਾਂ ਵੱਲੋਂ ਲਗਾਤਾਰ ਹਲਕਾ ਪਟਿਆਲਾ ਦਿਹਾਤੀ ਅਤੇ ਸ਼ਹਿਰੀ ਅਧੀਨ ਆਉਂਦੇ ਕੌਸਲਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇੱਧਰ ਮੋਤੀ ਮਹਿਲ ਅੰਦਰ ਵੀ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੱਲੋਂ ਆਪਣੇ ਖੇਮੇ ਦੇ ਕੌਂਸਲਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ।
ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਸ਼ਨਿੱਚਰਵਾਰ ਤੋਂ ਪਟਿਆਲਾ ਵਿਖੇ ਹੀ ਹਨ ਅਤੇ ਆਪਣੇ ਹਲਕਾ ਦਿਹਾਤੀ ਦੇ ਕੌਂਸਲਰਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਮੌਜੂਦਾ ਮੇਅਰ ਸੰਜੀਵ ਸ਼ਰਮਾ ਬਿੱਟੂ ਮੋਤੀ ਮਹਿਲ ਖੇਮੇ ਦੇ ਹਨ ਅਤੇ ਉਹ ਬ੍ਰਹਮ ਮਹਿੰਦਰਾ ਵਿਰੁੱਧ ਹਲਕਾ ਪਟਿਆਲਾ ਦਿਹਾਤੀ ਤੋਂ ਚੋਣ ਲਈ ਆਪਣੀ ਕਮਰ ਕੱਸ ਚੁੱਕੇ ਹਨ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕਾਂਗਰਸ ਦੇ ਇੰਚਾਰਜ ਹਰੀਸ ਚੌਧਰੀ ਵੱਲੋਂ ਪਟਿਆਲਾ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਮੇਅਰ ਸੰਜੀਵ ਬਿੱਟੂ ਸ਼ਾਮਲ ਨਹੀਂ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਖਿਲਾਫ਼ ਲਗਾਤਾਰ ਰਣਨੀਤੀ ਘੜੀ ਜਾ ਰਹੀ ਹੈ। ਬੀਤੇ ਕੱਲ੍ਹ ਬ੍ਰਹਮ ਮਹਿੰਦਰਾ ਵੱਲੋਂ ਹਲਕਾ ਪਟਿਆਲਾ ਸ਼ਹਿਰੀ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਦਰਜ਼ਨ ਤੋਂ ਵੱਧ ਕੌਂਸਲਰਾਂ ਵੱਲੋਂ ਮੇਅਰ ਖਿਲਾਫ਼ ਦਸਖਤ ਕੀਤੇ ਗਏ। ਅੱਜ ਸ਼ਾਮ ਨੂੰ ਬ੍ਰਹਮ ਮਹਿੰਦਰਾ ਵੱਲੋਂ ਆਪਣੇ ਹਲਕਾ ਦਿਹਾਤੀ ਅਧੀਨ ਆਉਂਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਦੋ ਦਰਜ਼ਨ ਕੌਂਸਲਰ ਮੇਅਰ ਖਿਲਾਫ਼ ਭੁਗਤੇ ਅਤੇ ਉਸ ਨੂੰ ਬਦਲਣ ਲਈ ਆਪਣੀ ਸਹਿਮਤੀ ਦਿੱਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੋਤੀ ਮਹਿਲ ਅੰਦਰ ਵੀ ਪਰਨੀਤ ਕੌਰ ਵੱਲੋਂ ਆਪਣੇ ਕੌਂਸਲਰਾਂ ਸਮੇਤ ਆਪਣੇ ਸਮਰੱਥਕਾਂ ਸਮੇਤ ਮੀਟਿੰਗ ਕੀਤੀ ਗਈ ਅਤੇ ਚੱਲ ਰਹੀ ਮੌਜੂਦਾ ਸਥਿਤੀ ’ਤੇ ਚਰਚਾ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੌਕੇ ਬ੍ਰਹਮ ਮਹਿੰਦਰਾ ਦੂਜੇ ਨੰਬਰ ਦੇ ਮੰਤਰੀ ਸਨ ਅਤੇ ਇਨ੍ਹਾਂ ਵਿੱਚ ਆਪਸੀ ਤਾਲਮੇਲ ਸੀ। ਇੱਥੋਂ ਤੱਕ ਕਿ ਬ੍ਰਹਮ ਮਹਿੰਦਰਾ ਵੱਲੋਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਉਸ ਵੇਲੇ ਇਹ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਿ ਉਹ ਪਹਿਲਾਂ ਕੈਪਟਨ ਤੋਂ ਮੁਆਫ਼ੀ ਮੰਗਣ। ਇੱਧਰ ਹੁਣ ਅਮਰਿੰਦਰ ਸਿੰਘ ਦੀ ਸਰਦਾਰੀ ਖੁੱਸਣ ਤੋਂ ਬਾਅਦ ਮੋਤੀ ਮਹਿਲ ਦੇ ਗੁਆਂਢੀ ਬ੍ਰਹਮ ਮਹਿੰਦਰਾ ਮੁੜ ਪਹਿਲੇ ਰੂਪ ਵਿੱਚ ਆ ਗਏ ਹਨ ਅਤੇ ਉਹ ਹਲਕਾ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਅੰਦਰ ਆਪਣੀ ਪੂਰੀ ਕਮਾਂਡ ਬਣਾੳਣ ਦੇ ਰੌਅ ਵਿੱਚ ਹਨ।
ਬ੍ਰਹਮ ਮਹਿੰਦਰਾ ਅਤੇ ਅਮਰਿੰਦਰ ਸਿੰਘ ਵਿਚਕਾਰ ਛੱਤੀ ਦਾ ਅੰਕੜਾ ਹੀ ਰਿਹਾ ਹੈ। ਸੂਤਰਾਂ ਅਨੁਸਾਰ ਅਗਲੇ ਦਿਨਾਂ ਵਿੱਚ ਨਗਰ ਨਿਗਮ ਦੀ ਜਨਰਲ ਇਜਲਾਸ ਦੀ ਮੀਟਿੰਗ ਸੱਦੀ ਜਾ ਸਕਦੀ ਹੈ, ਜਿਸ ਵਿੱਚ ਮੇਅਰ ਖਿਲਾਫ਼ ਅਵਿਸਵਾਸ਼ ਦਾ ਮਤਾ ਪਾਸ ਕੀਤਾ ਜਾ ਸਕਦਾ ਹੈ। ਇੱਧਰ ਜਦੋਂ ਇਸ ਸਬੰਧੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਪੀਏ ਨੇ ਕਿਹਾ ਕਿ ਮੰਤਰੀ ਸਾਹਿਬ ਮੀਟਿੰਗ ਕਰ ਰਹੇ ਹਨ ਅਤੇ ਬਾਅਦ ਵਿੱਚ ਗੱਲ ਕਰਵਾਈ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ