ਪੈਸੇ ਨਾ ਮਿਲਣ ‘ਤੇ ਕੀਤਾ ਕਤਲ

Murder For Not Paying Money

ਫੇਸਬੁੱਕ ਵਾਲੇ ਦੋਸਤ ਹੀ ਨਿਕਲੇ ਮਾਸੂਮ ਦੀ ਜਾਨ ਦੇ ਦੁਸ਼ਮਣ

ਅਗਵਾਕਾਰਾਂ ਨੇ 2 ਕਰੋੜ ਦੀ ਫਿਰੌਤੀ ਨਾ ਮਿਲਣ ‘ਤੇ ਕੀਤਾ ਕਤਲ

ਪੁਲਿਸ ਵੱਲੋਂ ਦੋਵੇਂ ਕਾਤਲ ਗ੍ਰਿਫਤਾਰ : ਆਈਜੀ ਫਾਰੂਕੀ

ਅਮਿਤ ਗਰਗ, ਰਾਮਪੁਰਾ ਫੂਲ

ਸਥਾਨਕ ਸ਼ਹਿਰ ਦੇ ਕਰਿਆਨਾ ਵਪਾਰੀ ਦੇ ਨਾਬਾਲਗ ਬੱਚੇ ਨੂੰ ਅਗਵਾਕਾਰਾਂ ਨੇ ਫਿਰੌਤੀ ਦੀ ਰਕਮ 2 ਕਰੋੜ ਨਾ ਮਿਲਣ?ਕਾਰਨ ਕਤਲ ਕਰਨ ਦਾ ਮਾਮਲੇ ਨੂੰ ਬਠਿੰਡਾ ਪੁਲਿਸ ਨੇ 8 ਘੰਟਿਆਂ ‘ਚ ਹੱਲ ਕਰ ਲਿਆ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਅਗਵਾਕਾਰ ਮ੍ਰਿਤਕ ਬੱਚੇ ਦੇ ਫੇਸਬੁੱਕ ਦੋਸਤ ਹੀ ਨਿਕਲੇ ਹਨ। ਬੇਸ਼ੱਕ ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਆਪਣੀ ਟੀਮ ਨਾਲ ਮੰਗਲਵਾਰ ਦੇਰ ਰਾਤ ਅਗਵਾਕਾਰਾਂ ਦੀ ਭਾਲ ‘ਚ ਛਾਪੇਮਾਰੀ ਕਰਦੇ ਰਹੇ ਤੇ ਉਨ੍ਹਾਂ ਨੇ ਅਗਵਾਕਾਰਾਂ ਨੂੰ ਤਾਂ ਕਾਬੂ ਕਰ ਲਿਆ ਪਰ ਅਨਮੋਲ ਦੀ ਜਾਨ ਨਾ ਬਚਾ ਸਕੇ ਅੱਜ ਥਾਣਾ ਸਿਟੀ ਰਾਮਪੁਰਾ ‘ਚ ਆਈਜੀ ਬਠਿੰਡਾ ਰੇਂਜ ਐੱਮ ਐੱਫ ਫਾਰੂਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੁਸ਼ਾਂਤ ਗਰਗ ਉਰਫ ਅਨਮੋਲ (16) ਪੁੱਤਰ ਵਿਵੇਕ ਗਰਗ ਵਾਸੀ ਭਗਤ ਸਿੰਘ ਕਲੋਨੀ ਮੰਗਲਵਾਰ ਨੂੰ ਸ਼ਾਮ ਕਰੀਬ 5 ਵਜੇ ਘਰੋਂ ਮੋਬਾਇਲ ਫੋਨ ‘ਚ ਪੈਸੇ ਪਵਾਉਣ ਲਈ ਗਿਆ ਪਰ ਘਰ ਵਾਪਸ ਨਾ ਆਇਆ। ਦੇਰ ਸ਼ਾਮ ਅੱਠ ਵਜੇ ਤੱਕ ਘਰ ਨਾ ਪਹੁੰਚਿਆ ਤਾਂ ਘਰਦਿਆਂ ਨੇ ਉਸ ਦੇ ਮੋਬਾਇਲ ਨੰਬਰ ‘ਤੇ ਫੋਨ ਲਾਇਆ ਜੋ ਕਿ ਬੰਦ ਆ ਰਿਹਾ ਸੀ|

ਅਨਮੋਲ ਦੇ ਪਿਤਾ ਨੇ ਦੱਸਿਆ ਕਿ ਰਾਤ 9 ਵੱਜ ਕੇ 21 ਮਿੰਟ ‘ਤੇ ਉਸਦੇ ਪੁੱਤਰ ਅਨਮੋਲ ਦੇ ਨੰਬਰ ਤੋਂ ਫੋਨ ਆਇਆ ਕਿ ਤੁਹਾਡਾ ਲੜਕਾ ਸਾਡੇ ਕੋਲ ਹੈ ਜੇਕਰ ਇਸ ਦੀ ਜਾਨ ਬਚਾਉਣਾ ਚਾਹੁੰਦੇ ਹੋ ਤਾਂ 2 ਕਰੋੜ ਰੁਪਏ ਦੋ ਘੰਟਿਆਂ ਵਿੱਚ ਤਿਆਰ ਕਰ ਲਓ ਤੇ ਕੁਝ ਮਿੰਟਾਂ ਬਾਅਦ ਫਿਰ ਫੋਨ ਆਇਆ ਤਾਂ ਵਿਵੇਕ ਗਰਗ ਨੇ 2 ਕਰੋੜ ਦੀ ਰਕਮ ਨਾ ਹੋਣ ਦੀ ਗੱਲ ਕਹੀ ਤਾਂ ਅਗਵਾਕਾਰਾਂ ਨੇ ਰਕਮ ਘਟਾ ਕੇ 1 ਕਰੋੜ ਕਰ ਦਿੱਤੀ ਤੇ ਫਿਰ ਅੱਸੀਂ ਲੱਖ ਰੁਪਏ ਮੰਗੇ। ਇਸ ਤਰ੍ਹਾਂ ਕਰਦੇ-ਕਰਦੇ ਉਹ ਰਕਮ ਘੱਟ ਕੇ ਤਿੰਨ ਲੱਖ ‘ਤੇ ਆ ਗਏ ਤੇ ਅਗਵਾਕਾਰਾਂ ਨੇ ਕਿਹਾ ਕਿ ਇਹ ਰੁਪਏ ਬਠਿੰਡਾ ਤੋਂ ਆ ਰਹੀ ਕਾਲਕਾ ਗੱਡੀ ਦੇ ਚੌਥੇ ਡੱਬੇ ਜਿਸਦਾ ਨੰ: 07217 ਹੈ ਵਿੱਚ ਰੱਖ ਦਿਓ ਤਾਂ ਅਸੀਂ ਤੁਹਾਡੇ ਲੜਕੇ ਨੂੰ ਛੱਡ ਦੇਵਾਂਗੇ। ਐੱਸਐੱਸਪੀ ਡਾ. ਨਾਨਕ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਬੈਗ ਤਿਆਰ ਕਰਕੇ ਗੱਡੀ ‘ਚ ਰਖਵਾ ਦਿੱਤਾ ਤੇ ਸਿਵਲ ਵਰਦੀ ‘ਚ ਪੁਲਿਸ ਕਰਮਚਾਰੀ ਵੀ ਉਸ ‘ਚ ਤੈਨਾਤ ਹੋ ਗਏ।

ਉਨ੍ਹਾਂ ਦੱਸਿਆ ਕਿ ਜਦੋਂ ਬੈਗ ਲੈਣ ਕੋਈ ਨਾ ਆਇਆ ਤਾਂ ਗੱਡੀ ਦੇ ਡੱਬੇ ਦੀ ਚੈਕਿੰਗ ਸ਼ੁਰੂ ਕੀਤੀ ਗਈ ਤਾਂ ਉਸ ਡੱਬੇ ‘ਚੋਂ ਇੱਕ ਹੋਰ ਬੈਗ ਪ੍ਰਾਪਤ ਹੋਇਆ, ਜਿਸ ਵਿੱਚ ਅਨਮੋਲ ਦੇ ਕੁਝ ਦੋਸਤਾਂ ਦੀਆਂ ਫੋਟੋਆਂ ਸਨ। ਉਨ੍ਹਾਂ ਦੱਸਿਆ ਕਿ ਮੁਹੱਲੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਕੀਤੀ ਜਾਂਚ ‘ਚ ਇਹ ਉਹ ਹੀ ਬੈਗ ਸੀ ਜੋ ਕੈਮਰੇ ‘ਚ ਅਨਮੋਲ ਦੇ ਨਾਲ ਜਾ ਰਹੇ ਲੜਕੇ ਦੇ ਮੋਢਿਆਂ ‘ਤੇ ਟੰਗਿਆ ਹੋਇਆ ਸੀ, ਜਿਸ ਫੋਟੋਆਂ ‘ਤੇ ਅਨਮੋਲ ਦੇ ਫੇਸਬੁੱਕ ਅਕਾਊਂਟ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਨਮੋਲ ਦੇ ਪਿਤਾ ਨੂੰ ਸਵੇਰੇ ਕਰੀਬ ਚਾਰ ਵਜੇ ਫਿਰ ਫੋਨ ਆਇਆ ਕਿ ਤੁਸੀਂ ਪੈਸਿਆਂ ਵਾਲਾ ਬੈਗ ਬੱਸ ਸਟੈਂਡ ਰਾਮਪੁਰਾ ਫੂਲ ਵਿਖੇ ਰੱਖ ਦਿਓ। ਆਈਜੀ ਐੱਮਐੱਫ ਫਾਰੂਕੀ ਨੇ ਦੱਸਿਆ ਕਿ ਜਦੋਂ ਦੋ ਨੌਜਵਾਨ ਉਸ ਬੈਗ ਨੂੰ ਚੁੱਕਣ ਲੱਗੇ ਤਾਂ ਮੌਕੇ ‘ਤੇ ਸਿਵਲ ਵਰਦੀ ‘ਚ ਲੁਕ ਕੇ ਖੜ੍ਹੇ ਪੁਲਿਸ ਟੀਮ ਦੇ ਮੈਂਬਰਾਂ ਨੇ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਫੜ੍ਹ ਲਿਆ ਜਿਨ੍ਹਾਂ ਦੀ ਪਛਾਣ ਜਸਪ੍ਰੀਤ ਸਿੰਘ (18) ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਕਰਾੜਵਾਲਾ ਤੇ ਹਰਸ਼ ਗਾਂਧੀ (22) ਵਾਸੀ ਲੁਧਿਆਣਾ ਵਜੋਂ ਹੋਈ ਹੈ।

ਆਈਜੀ ਨੇ ਦੱਸਿਆ ਕਿ ਸਖਤੀ ਨਾਲ ਕੀਤੀ ਪੁੱਛਗਿੱਛ ਵਿੱਚ ਦੋਵਾਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਨਮੋਲ ਨੂੰ ਸਥਾਨਕ ਫੂਲ ਰੋਡ ਸਥਿਤ ਬਾਗਵਾਨੀ ਵਿਭਾਗ ਨੇੜੇ ਬਣੇ ਜੰਗਲ ‘ਚ ਲਿਜਾ ਕੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵੱਲੋਂ ਦਿੱਤੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਅਨਮੋਲ ਦੀ ਲਾਸ਼ ਨੂੰ ਉਕਤ ਜਗ੍ਹਾ ਤੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ ਤੇ ਕਥਿਤ ਦੋਸ਼ੀਆਂ ਤੋਂ ਕਤਲ ‘ਚ ਵਰਤੇ ਗਏ ਤੇਜ਼ਧਾਰ ਹਥਿਆਰ ਤੇ ਵਾਰਦਾਤ ‘ਚ ਵਰਤੇ ਮੋਟਰਸਾਈਕਲ ਨੂੰ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨ ਅਨਮੋਲ ਦੇ ਫੇਸਬੁੱਕ ਮਿੱਤਰ ਹਨ, ਜਿਨ੍ਹਾਂ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਇਸ ਘਟਨਾ ਨੂੰ ਲੈ ਕੇ ਸ਼ਹਿਰ ਵਾਸੀਆਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅਨਮੋਲ ਦੇ ਕਤਲ ਨੂੰ ਲੈ ਕੇ ਰੋਸ ਵਜੋਂ ਸ਼ਹਿਰ ਦੇ ਵਪਾਰ ਅਦਾਰੇ ਬੰਦ ਰੱਖੇ ਗਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।