ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਬਲਾਕ ਪ੍ਰਧਾਨਾਂ ਨਾਲ ਕੀਤੀ ਮੀਟਿੰਗ
- ਹਰੇਕ ਵਾਰਡ ਵਿੱਚ 21 ਮੈਂਬਰੀ ਕਮੇਟੀਆਂ ਹੋਣਗੀਆਂ ਗਠਿਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। (Municipal Corporation Election) ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ’ਤੇ ਸਰਗਰਮੀ ਵਿੱਢੀ ਹੋਈ ਹੈ ਅਤੇ ਚੋਣਾਂ ਨੂੰ ਲੈ ਕੇ ਧਰਾਤਲ ਪੱਧਰ ਤੱਕ ਪੁੱਜਣ ਲਈ ਤਿਆਰੀਆਂ ਵਿੱਢੀਆਂ ਹਨ। ਕੈਬਨਿਟ ਮੰਤਰੀ ਤੋਂ ਲੈ ਕੇ ਵਿਧਾਇਕ ਸਮੇਤ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੱਕ ਇਸ ਚੋਣ ਲਈ ਡਟੇ ਹੋਏ ਹਨ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਤਕੜੀ ਜਿੱਤ ਹਾਸਲ ਕਰ ਸਕੇ।
ਜਾਣਕਾਰੀ ਅਨੁਸਾਰ ਕਿਆਸਅਰਾਈਆਂ ਹਨ ਕਿ ਨਵੇਂ ਸਾਲ ਦੇ ਪਹਿਲੇ ਮਹੀਨੇ ਨਗਰ ਨਿਗਮ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਸਕਦਾ ਹੈ, ਜਿਸ ਦੇ ਮੱਦੇਨਜ਼ਰ ਸੱਤਾਧਿਰ ਆਮ ਆਦਮੀ ਪਾਰਟੀ ਨਗਰ ਨਿਗਮ ਪਟਿਆਲਾ ਉੱਪਰ ਵੀ ਆਪਣੀ ਸਰਕਾਰ ਸਥਾਪਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਵੱਲੋਂ ਬਲਾਕ ਪ੍ਰਧਾਨਾਂ ਦੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਵੱਲੋਂ ਨਿਗਮ ਚੋਣਾਂ ਸਬੰਧੀ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਪਤਾ ਲੱਗਾ ਹੈ ਕਿ ਇਸ ਮੀਟਿੰਗ ਦੌਰਾਨ ਹਰੇਕ ਬਲਾਕ ਪ੍ਰਧਾਨ ਨੂੰ 3 ਤੋਂ 4 ਵਾਰਡਾਂ ਦੀ ਜਿੰਮੇਵਾਰੀ ਸੌਂਪੀ ਗਈ ਕਿ ਉਹ ਪੁਰਾਣੇ ਵਲੰਟੀਅਰਾਂ ਅਤੇ ਆਗੂਆਂ ਨੂੰ ਨਾਲ ਲੈ ਕੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਕੰਮਾਂ ਅਤੇ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ। Municipal Corporation Election
ਇਹ ਵੀ ਪੜ੍ਹੋ : ਮੁੜ ਹਾਈਕੋਰਟ ਦੀ ਪੌੜੀ ਚੜ੍ਹੇਗੀ ‘ਆਟਾ ਸਕੀਮ’, ਡਿਪੂ ਹੋਲਡਰ ਦੇਣ ਜਾ ਰਹੇ ਹਨ ਸਰਕਾਰ ਨੂੰ ਚੁਣੌਤੀ
ਇਸ ਤੋਂ ਇਲਾਵਾ ਵਾਰਡਾਂ ’ਚ ਰਹਿੰਦੇ ਵਿਕਾਸ ਕੰਮਾਂ ਬਾਰੇ ਜਾਣਕਾਰੀ ਇਕੱਤਰ ਕਰਨ। ਹਰੇਕ ਵਾਰਡ ਵਿੱਚ 21 ਮੈਂਬਰੀਆਂ ਕਮੇਟੀਆਂ ਨੂੰ ਗਠਿਤ ਕੀਤਾ ਜਾਵੇ ਅਤੇ ਇਨ੍ਹਾਂ ਕਮੇਟੀਆਂ ਵਿੱਚੋਂ ਚੋਣ ਲੜਨ ਵਾਲੇ ਚਾਹਵਾਨਾਂ ਦੇ ਨਾਂਅ ਸਰਵੇ ਵਿੱਚ ਭੇਜੇ ਜਾਣ, ਜੋ ਕਿ ਪਾਰਟੀ ਲਈ ਅਤੇ ਜਨਤਾ ਦੀ ਭਲਾਈ ਲਈ ਪਿਛਲੇ ਸਮੇਂ ਤੋਂ ਡਟੇ ਹੋਏ ਹਨ। ਆਮ ਆਦਮੀ ਪਾਰਟੀ ਵੱਲੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਬਲਾਕ ਪ੍ਰਧਾਨਾਂ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਨਿਗਮ ਚੋਣਾਂ ਲਈ ਜੀ-ਜਾਨ ਨਾਲ ਡਟਣ ਦਾ ਨਿਰਦੇਸ਼ ਜਾਰੀ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਨਗਰ ਨਿਗਮ ਪਟਿਆਲਾ ਅੰਦਰ 60 ਵਾਰਡਾਂ ਆਉਂਦੀਆਂ ਹਨ ਅਤੇ ਨਵੀਂ ਵਾਰਡਬੰਦੀ ਕੀਤੀ ਗਈ ਹੈ। ਭਾਵੇਂ ਕਿ ਇਸ ਵਾਰਡਬੰਦੀ ’ਤੇ ਵਿਰੋਧੀ ਧਿਰਾਂ ਵੱਲੋਂ ਇਤਰਾਜ਼ ਵੀ ਜ਼ਾਹਰ ਕੀਤੇ ਗਏ ਸਨ। ਸੱਤਾਧਿਰ ਆਮ ਆਦਮੀ ਪਾਰਟੀ ਅੰਦਰ ਸਭ ਤੋਂ ਵੱਧ ਚਾਹਵਾਨ ਟਿਕਟ ਲੈਣ ਲਈ ਆਪਣੀ ਆਪਣੀ ਵਿਉਂਤਬੰਦੀ ਵਿੱਚ ਲੱਗੇ ਹੋਏ ਹਨ ਅਤੇ ਸਰਵੇ ਦਾ ਗੁਣੀਆ ਕਿਸ ਚਾਹਵਾਨ ’ਤੇ ਪੈਂਦਾ ਹੈ, ਇਹ ਆਉਂਦੇ ਦਿਨਾਂ ਵਿੱਚ ਸਾਹਮਣੇ ਆ ਜਾਵੇਗਾ।
ਆਮ ਆਦਮੀ ਪਾਰਟੀ ਨਿਗਮ ਚੋਣਾਂ ’ਚ ਕਰੇਗੀ ਵੱਡੀ ਜਿੱਤ ਪ੍ਰਾਪਤ: ਤੇਜਿੰਦਰ ਮਹਿਤਾ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦਾ ਕਹਿਣਾ ਹੈ ਕਿ ਰੋਜ਼ਾਨਾ ਹੀ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਜੋ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਗਈ ਹੈ, ਇਸ ਵਿੱਚ ਨਿਗਮ ਚੋਣਾਂ ਸਬੰਧੀ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਿਹੜੀਆਂ 21 ਮੈਂਬਰੀ ਕਮੇਟੀਆਂ ਬਣਾਉਣੀਆਂ ਹਨ, ਉਹ 18 ਤਾਰੀਖ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪਟਿਆਲਾ ਸ਼ਹਿਰ ਅੰਦਰ ਵਿਕਾਸ ਦੇ ਨਾਂਅ ’ਤੇ ਵੱਡੀ ਪੱਧਰ ’ਤੇ ਆਪਣੀਆਂ ਜੇਬ੍ਹਾਂ ਭਰੀਆਂ ਹਨ ਅਤੇ ਪਟਿਆਲਾ ਅੰਦਰ ਵਿਕਾਸ ਪ੍ਰੋਜੈਕਟਾਂ ਅੰਦਰ ਕਾਫ਼ੀ ਉਣਤਾਈਆਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਚੋਣਾਂ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਜਾਵੇਗੀ।