ਸ੍ਰੀਦੇਵੀ ਦੇ ਪਰਸ਼ੰਸਕਾਂ ਲਈ ਤੋਹਫ਼ਾ
ਮੁੰਬਈ (ਏਜੰਸੀ)। ਵੱਡੇ ਪਰਦੇ ‘ਤੇ ਹਮੇਸ਼ਾ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸ਼੍ਰੀਦੇਵੀ ਦੇ ਅਚਾਨਕ ਦਿਹਾਂਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। 24 ਫਰਵਰੀ ਨੂੰ ਦੁਬਈ ਦੇ ਇਕ ਹੋਟਲ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਬਾਲੀਵੁੱਡ ਦੀ ਬਿਹਤਰੀਨ ਅਭਿਨੇਤਰੀਆਂ ‘ਚੋਂ ਇਕ ਸ਼੍ਰੀਦੇਵੀ ਨੂੰ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਨਮ ਅੱਖਾਂ ਨਾਲ ਯਾਦ ਕਰਦੇ ਹਨ। ਇਸ ਵਿਚਕਾਰ ਪ੍ਰਸ਼ੰਸਕਾਂ ਲਈ ਇਕ ਖੁਸ਼ਖਬਰੀ ਸਾਹਮਣੇ ਆਈ ਹੈ। ਮੀਡੀਆ ‘ਚ ਚੱਲ ਰਹੀਆਂ ਖਬਰਾਂ ਮੁਤਾਬਕ ਮੁੰਬਈ ‘ਚ ਇਕ ਫਲਾਈਓਵਰ ਨੂੰ ਸ਼੍ਰੀਦੇਵੀ ਦਾ ਨਾਂ ਦਿੱਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਭਾਜਪਾ ਕਾਰਪੋਰੇਟਰ ਯੋਗੀਰਾਜ ਦਾਭਦਕਰ ਨੇ ਮੁੰਬਈ ਦੇ ਅੰਧੇਰੀ ਇਲਾਕੇ ਦੇ ਇਕ ਫਲਾਈਓਵਰ ਨੂੰ ਸ਼੍ਰੀਦੇਵੀ ਦਾ ਨਾਂ ਦੇਣ ਲਈ ਉੱਥੋਂ ਦੇ ਮੇਅਰ ਤੋਂ ਅਪੀਲ ਕੀਤੀ ਹੈ। ਉਨ੍ਹਾਂ ਨੇ ਉੱਥੋਂ ਦੇ ਮੇਅਰ ਨੂੰ ਇਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਮੁੰਬਈ ਸਥਿਤ ਅੰਧੇਰੀ ਲੋਖੰਡਵਾਲਾ ਕੰਪਲੈਕਸ ਕੋਲ ਮੋਗਰਾ ਨਾਲੇ ਵਾਲੇ ਫਲਾਈਓਵਰ ਨੂੰ ਸ਼੍ਰੀਦੇਵੀ ਦਾ ਨਾਂ ਦਿੱਤਾ ਜਾਵੇ। ਯੋਗੀਰਾਜ ਨੇ ਮੇਅਰ ਤੋਂ ਆਪਣੀ ਮੰਗ ਰੱਖਦੇ ਹੋਏ ਕਿਹਾ ਕਿ ਸ਼੍ਰੀਦੇਵੀ ਦੀ ਯਾਦ ‘ਚ ਇਸ ਫਲਾਈਓਵਰ ਨੂੰ ‘ਅਭਿਨੇਤਰੀ ਸ਼੍ਰੀਦੇਵੀ ਉੜਾਨਪੂਲ’ ਦਾ ਨਾਂ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਮੇਅਰ ਯੋਗੀਰਾਜ ਦਾਭਦਕਰ ਦੀ ਗੱਲ ‘ਤੇ ਵਿਚਾਰ ਕਰ ਰਹੇ ਹਨ। ਜੇਕਰ ਉਹ ਯੋਗੀਰਾਜ ਦੀ ਗੱਲ ਮੰਨ ਲੈਂਦੇ ਹਨ ਤਾਂ ਜਲਦ ਹੀ ਫਲਾਈਓਵਰ ਦਾ ਨਾਂ ਬਦਲ ਦਿੱਤਾ ਜਾਵੇਗਾ। ਉੱਥੇ ਕੁਝ ਲੋਕਾਂ ਨੇ ਯੋਗੀਰਾਜ ਦੀ ਇਸ ਮੰਗ ਨੂੰ ਗੈਰ-ਜ਼ਰੂਰੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਯੋਗੀਰਾਜ ਨੂੰ ਸਲਾਹ ਦਿੱਤੀ ਹੈ ਕਿ ਫਲਾਈਓਵਰ ਦੀ ਬਜਾਏ ਕਿਸੇ ਚੌਕ ਜਾਂ ਰੋਡ ਨੂੰ ਸ਼੍ਰੀਦੇਵੀ ਦਾ ਨਾਂ ਦੇਣਾ ਚਾਹੀਦਾ।