ਮਲਟੀਪਰਪਜ਼ ਸਕੂਲ ਬਣਿਆ ਆਨਲਾਈਨ ਦਾਖਲਾ ਕਰਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਸਕੂਲ
ਪਟਿਆਲਾ, (ਸੱਚ ਕਹੂੰ ਨਿਊਜ)। ਦੇਸ਼ ਦੇ ਇਕਲੌਤੇ ਆਈ.ਐਸ.ਓ. ਸਰਟੀਫਿਕੇਟ ਹਾਸਲ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ, ਪੰਜਾਬ ਦਾ ਆਨਲਾਈਨ ਦਾਖਲਾ ਕਰਨ ਵਾਲਾ ਪਹਿਲਾ ਸਰਕਾਰੀ ਸਕੂਲ ਬਣ ਗਿਆ ਹੈ। ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਉਨ੍ਹਾਂ ਦਾ ਸਕੂਲ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਨ ‘ਚ ਹਮੇਸ਼ਾ ਹੀ ਮੋਹਰੀ ਰਿਹਾ ਹੈ, ਜਿਸ ਤਹਿਤ ਹੀ ਉਨ੍ਹਾਂ ਨੇ ਆਨਲਾਈਨ ਦਾਖਲਾ ਕਰਨ ਦੀ ਮੁਹਿੰਮ ਚਲਾਈ ਹੈ ਅਤੇ ਇਸ ਦੇ ਬਹੁਤ ਹੀ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਪ੍ਰਿੰ. ਚਹਿਲ ਨੇ ਦੱਸਿਆ ਕਿ ਸਕੂਲ ਦੇ ਮਿਹਨਤੀ ਅਧਿਆਪਕਾਂ ਵੱਲੋਂ ਤਿਆਰ ਕੀਤੀ ਵੈਬਸਾਈਟ ‘ਤੇ ਜਾ ਕੇ ਕੋਈ ਵੀ ਵਿਦਿਆਰਥੀ ਸ਼ੈਸ਼ਨ 2020-21 ਲਈ ਆਪਣਾ ਦਾਖਲਾ ਫਾਰਮ ਭਰ ਸਕਦਾ ਹੈ ਅਤੇ ਉਸ ਨੂੰ ਸਬੰਧਤ ਜਮਾਤ ਵਿੱਚ ਦਾਖਲਾ ਮਿਲ ਜਾਂਦਾ ਹੈ। ਜਦੋਂ ਨਵੇਂ ਸ਼ੈਸ਼ਨ ਦੀਆਂ ਜਮਾਤਾਂ ਸ਼ੁਰੂ ਹੋਣਗੀਆਂ ਤਾਂ ਵਿਦਿਆਰਥੀ ਆਪਣੇ ਅਸਲੀ ਦਸਤਾਵੇਜ਼ ਦਿਖਾਕੇ, ਆਪਣੀ ਜਮਾਤ ਵਿੱਚ ਬੈਠ ਜਾਵੇਗਾ।
ਉਨ੍ਹਾਂ ਦੱਸਿਆ ਕਿ ਨਵੇਂ ਸ਼ੈਸ਼ਨ ਲਈ ਉਨ੍ਹਾਂ ਦੇ ਸਕੂਲ ‘ਚ ਅੱਜ ਤੱਕ 1253 ਵਿਦਿਆਰਥੀ ਦਾਖਲਾ ਲੈ ਚੁੱਕੇ ਹਨ ਅਤੇ ਹਰ ਦਿਨ ਇਹ ਗਿਣਤੀ ਵਧ ਰਹੀ ਹੈ। ਪ੍ਰਿੰ. ਚਹਿਲ ਨੇ ਦੱਸਿਆ ਕਿ ਪਿਛਲੇ ਸ਼ੈਸ਼ਨ ਦੌਰਾਨ ਉਨ੍ਹਾਂ ਦੇ ਸਕੂਲ ‘ਚ 2900 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਜੋ ਸ਼ੈਸ਼ਨ 2018-19 ਤੋਂ 1200 ਦੇ ਕਰੀਬ ਵੱਧ ਸੀ ਅਤੇ ਉਹ ਇਸ ਵਾਰ ਵੀ ਆਪਣਾ ਪਿਛਲਾ ਕੀਰਤੀਮਾਨ ਤੋੜਨ ਲਈ ਯਤਨਸ਼ੀਲ ਹਨ। ਜਿਸ ਤਹਿਤ ਆਉਣ ਵਾਲੇ ਦਿਨਾਂ ‘ਚ ਉਨ੍ਹਾਂ ਦੇ ਅਧਿਆਪਕ ਯੋਜਨਾਬੱਧ ਤਰੀਕੇ ਨਾਲ ਮਲਟੀਪਰਪਜ਼ ਸਕੂਲ ‘ਚ ਦਾਖਲੇ ਲਈ ਪ੍ਰਚਾਰ ਮੁਹਿੰਮ ਚਲਾਉਣਗੇ। ਜਿਸ ਤਹਿਤ ਮਾਪਿਆਂ ਤੇ ਵਿਦਿਆਰਥੀਆਂ ਨਾਲ ਸਿੱਧਾ ਰਾਬਤਾ ਬਣਾਇਆ ਜਾਵੇਗਾ। ਪ੍ਰਿੰ. ਚਹਿਲ ਅਨੁਸਾਰ ਇਸ ਵਾਰ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੀ ਦਾਖਲਾ ਵਧਾਉਣ ਲਈ ਮੁਹਿੰਮ ‘ਚ ਹਿੱਸਾ ਪਾਇਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।