ਪਹਿਲਾਂ ਤੋਂ ਲਗਾਇਆ ਜਾ ਰਿਹਾ ਸੀ ਅੰਦਾਜ਼ਾ ਕਿ ਮੁੱਕਰ ਸਕਦੇ ਹਨ ਫੂਲਕਾ
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਧਰਮ ਦੇ ਨਾਂਅ ‘ਤੇ ਸਿਆਸਤ ਕਰ ਰਹੇ ਹਨ ਕਾਂਗਰਸ ਤੇ ਆਪ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਆਮ ਆਦਮੀ ਪਾਰਟੀ ਦੇ ਵਿਧਾਇਕ ਐਚ. ਐਸ. ਫੂਲਕਾ ਆਖ਼ਰਕਾਰ ਆਪਣਾ ਅਸਤੀਫ਼ਾ ਦੇਣ ਤੋਂ ਸਾਫ਼ ਮੁੱਕਰ ਗਏ ਹਨ। ਐਚ. ਐਸ. ਫੂਲਕਾ ਨੇ ਹੁਣ ਪਹਿਲਾਂ ਤੋਂ ਐਲਾਨ ਅਨੁਸਾਰ 15 ਸਤੰਬਰ ਨੂੰ ਅਸਤੀਫ਼ਾ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ ਹੈ। ਫੂਲਕਾ ਹੁਣ 20 ਸਤੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸੁਣਵਾਈ ਤੋਂ ਬਾਅਦ ਆਉਣ ਵਾਲੇ ਆਦੇਸ਼ ਦਾ ਇੰਤਜ਼ਾਰ ਕਰਨਗੇ, ਉਸ ਤੋਂ ਬਾਅਦ ਹੀ ਆਪਣਾ ਅਸਤੀਫ਼ਾ ਦੇਣ ਦੇ ਫੈਸਲੇ ਬਾਰੇ ਕੋਈ ਜਾਣਕਾਰੀ ਦੇਣਗੇ।
ਐਚ.ਐਸ. ਫੂਲਕਾ ਵੱਲੋਂ ਅਸਤੀਫ਼ਾ ਦਿੱਤਾ ਜਾਵੇਗਾ ਜਾਂ ਫਿਰ ਨਹੀਂ, ਇਸ ਮਾਮਲੇ ਸਬੰਧੀ ਪਹਿਲਾਂ ਹੀ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ ਕਿਉਂਕਿ ਫੂਲਕਾ ਨੇ ਭਾਵੁਕ ਹੋ ਕੇ ਐਲਾਨ ਤਾਂ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਜਜ਼ਬਾਤਾਂ ਵਿੱਚ ਕੀਤਾ ਗਿਆ ਐਲਾਨ ਵੀ ਕਰਾਰ ਦਿੱਤਾ ਸੀ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਸੀ ਕਿ ਜੇਕਰ ਪੰਜਾਬ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਕਾਰਵਾਈ ਨਾ ਕੀਤੀ ਤਾਂ ਉਹ 15 ਸਤੰਬਰ ਨੂੰ ਆਪਣਾ ਅਸਤੀਫ਼ਾ ਦੇ ਦੇਣਗੇ। ਐਚ.ਐਸ. ਫੂਲਕਾ ਦੇ ਇਸ ਐਲਾਨ ਤੋਂ ਬਾਅਦ ਹਰ ਪਾਰਟੀ ਦੇ ਹੈਰਾਨਗੀ ਵੀ ਜ਼ਾਹਿਰ ਕੀਤੀ ਸੀ ਅਤੇ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਬਿਆਨ ਵੀ ਕਰਾਰ ਦਿੱਤਾ ਸੀ।
ਐਚ.ਐਸ. ਫੂਲਕਾ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੇ ਇੱਕ ਵਾਰ ਫਿਰ ਦੁਹਰਾਇਆ ਸੀ ਕਿ ਭਾਵੇਂ ਉਨਾਂ ਦਾ ਇਹ ਐਲਾਨ ਭਾਵੁਕ ਹੋਣ ਤੋਂ ਬਾਅਦ ਦਿੱਤਾ ਗਿਆ ਸੀ ਪਰ ਫਿਰ ਵੀ ਉਹ ਆਪਣੇ ਐਲਾਨ ‘ਤੇ ਅਟੱਲ ਹਨ ਅਤੇ ਉਹ ਹਰ ਹਾਲਤ ਵਿੱਚ ਅਸਤੀਫ਼ਾ ਦੇਣਗੇ, ਇਸ ਸਬੰਧੀ ਕਿਸੇ ਦੀ ਵੀ ਨਹੀਂ ਮੰਨਣਗੇ।
ਐਚ.ਐਸ. ਫੂਲਕਾ ਦੇ ਇਸ ਐਲਾਨ ਤੋਂ ਬਾਅਦ ਇੰਝ ਲੱਗ ਰਿਹਾ ਸੀ ਕਿ ਸੱਚ ਵਿੱਚ ਹੀ ਉਹ ਅਸਤੀਫ਼ਾ ਦੇ ਦੇਣਗੇ ਪਰ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਈ ਸੁਣਵਾਈ ਤੋਂ ਬਾਅਦ ਫੂਲਕਾ ਨੇ ਆਪਣਾ ਅਸਤੀਫ਼ਾ ਦੇਣ ਦੀ ਗੱਲ ਨੂੰ ਟਾਲ ਦਿੱਤਾ ਹੈ। ਐਚ.ਐਸ. ਫੂਲਕਾ ਨੇ ਮੁਕਰਦੇ ਹੋਏ ਕਿਹਾ ਕਿ ਹੁਣ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਫੈਸਲਾ ਆਉਣ ਦਾ ਇੰਤਜ਼ਾਰ ਕਰਨਗੇ, ਜਿਸ ਤੋਂ ਬਾਅਦ ਹੀ ਕੋਈ ਫੈਸਲਾ ਲੈਣਗੇ।
ਸ਼ਹੀਦ ਦਾ ਦਰਜਾ ਲੈਣਾ ਚਾਹੁੰਦਾ ਸੀ ਫੂਲਕਾ : ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਦਲਜੀਤ ਚੀਮਾ ਨੇ ਕਿਹਾ ਕਿ ਫੂਲਕਾ ‘ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਇਹ ਐਲਾਨ ਸਿਰਫ਼ ਸ਼ੋਹਰਤ ਹਾਸਲ ਕਰਨ ਲਈ ਹੀ ਦਿੱਤਾ ਸੀ। ਉਨ੍ਹਾਂ ਨੇ ਆਪਣਾ ਫਾਇਦਾ ਦੇਖਣਾ ਸੀ ਕਿ ਕਿਵੇਂ ਆਪਣੀ ਇਸ ਵਿਧਾਇਕ ਦੀ ਜਿੰਮੇਵਾਰੀ ਤੋਂ ਭਜਦੇ ਹੋਏ ਸ਼ਹੀਦ ਦਾ ਦਰਜ਼ਾ ਲਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਫੂਲਕਾ ਨੇ ਤਾਂ ਇਸ ਮੌਕੇ ‘ਤੇ ਸਿਆਸੀ ਲਾਹਾ ਲੈਂਦੇ ਹੋਏ ਆਪਣਾ ਮੁੱਲ ਵੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਿਆਦਾ ਤੋਂ ਜਿਆਦਾ ਮੁੱਲ ਵੱਟਦੇ ਹੋਏ ਸ਼ੋਹਰਤ ਹਾਸਲ ਕੀਤੀ ਜਾ ਸਕੇ। ਇਹ ਸਿਰਫ਼ ਸਿਆਸੀ ਸਟੰਟ ਹੈ ਅਤੇ ਇਸ ਤੋਂ ਜਿਆਦਾ ਕੁਝ ਵੀ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।