ਮਾਂ ਦੀ ਮਮਤਾ (ਪੰਜਾਬੀ ਕਹਾਣੀ)

Punjabi Story

ਸਰਦੀਆਂ ਦੇ ਦਿਨ ਸਨ । ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਾਰੇ ਭਰਾ ਬੈਠੇ ਆਪਣੀ ਜਾਇਦਾਦ ਦਾ ਪੱਕਾ ਬਟਵਾਰਾ ਕਰਨ ਲੱਗੇ ਭਾਵੇਂ ਕੱਚੇ ਬਟਵਾਰੇ ਤਹਿਤ ਸਭ ਦੀ ਕਬੀਲਦਾਰੀ ਅਲੱਗ-ਅਲੱਗ ਸੀ। ਸਾਰੀ ਜਾਇਦਾਦ ਦੇ ਹਿੱਸੇ ਵੰਡਣ ਲਈ ਸਾਰੇ ਭਰਾ ਇਸ ਗੱਲ ’ਤੇ ਸਹਿਮਤ ਸਨ ਕਿ ਦੂਜੇ ਕੰਨੀਂ ਭਿਣਕ ਨਹੀਂ ਪੈਣੀ ਚਾਹੀਦੀ। ਬਾਕੀ ਗੱਲ ਇਹ ਵੀ ਸੀ ਕਿ ਸਾਰੇ ਦੇ ਸਾਰੇ ਚੰਗੇ ਮੁਲਾਜ਼ਮ ਜਾਂ ਅਫਸਰ ਲੱਗੇ ਹੋਣ ਦੇ ਨਾਲ-ਨਾਲ ਉਨ੍ਹਾਂ ਦੀਆਂ ਘਰਵਾਲੀਆਂ ਵੀ ਨੌਕਰੀਆਂ ’ਤੇ ਲੱਗੀਆਂ ਹੋਈਆਂ ਸਨ। ਬਟਵਾਰਾ ਤਾਂ ਹੋ ਗਿਆ ਪਰ ਬਜ਼ੁਰਗ ਮਾਤਾ ਦੀ ਵੰਡ ਅਜੇ ਅਧੂਰੀ ਸੀ। ਕਿਸੇ ਨੇ ਪੱਕੀ ਜਿੰਮੇਵਾਰੀ ਨਾ ਲਈ ।ਆਖਰ ਇਹ ਗੱਲ ’ਤੇ ਸਹਿਮਤੀ ਬਣ ਗਈ ਕਿ ਬਜ਼ੁਰਗ ਮਾਤਾ ਦਾ ਸਭ ਖਿਆਲ ਰੱਖਣਗੇ ਪਰ ਵੰਡ ਅਨੁਸਾਰ ਭਾਵ ਚਾਰੇ ਭਰਾ ਵਾਰੀ-ਵਾਰੀ ਆਪਣੇ ਘਰ ਲਿਜਾ ਕੇ ਸਾਂਭ-ਸੰਭਾਲ ਕਰਨਗੇ।

ਅਚਾਨਕ ਇੱਕ ਭੂਰੇ ਰੰਗ ਦੀ ਕੁੱਤੀ ਉਨ੍ਹਾਂ ਦੇ ਦਰਵਾਜੇ ਅੱਗੇ ਆ ਕੇ ਰੋਣ ਲੱਗੀ। ਪਹਿਲਾਂ ਤਾਂ ਉਹ ਡਰ ਗਏ ਸ਼ਾਇਦ ਕੋਈ ਅਪਸ਼ਗਨ ਨਾ ਹੋਵੇ ਪਰ ਫਿਰ ਵੀ ਉਨ੍ਹਾਂ ਨੇ ਦਲੇਰੀ ਕਰਕੇ ਉਸਨੂੰ ਦੂਰ ਭਜਾਉਣਾ ਚਾਹਿਆ ਪਰ ਕੁੱਤੀ ਉੱਥੋਂ ਨਾ ਗਈ, ਸ਼ਾਇਦ ਇਸ ਕਰਕੇ ਬਈ ਕਿ ਉਹ ਉਸ ਨੂੰ ਰੋਟੀ ਵਗੈਰਾ ਪਾਉਂਦੇ ਰਹਿੰਦੇ ਸਨ। ਕੁੱਤੀ ਕੁੱਝ ਦੇਰ ਚੁੱਪ ਕਰਕੇ ਫਿਰ ਰੋਣ ਲੱਗ ਜਾਂਦੀ। ਉਸ ਦੀਆਂ ਅਜੀਬੋ-ਗਰੀਬ ਆਵਾਜਾਂ ਨੇ ਪੁੱਤਰਾਂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਤਾਂ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਨੂੰ ਕਿਹਾ,

‘‘ਜਾਹ ਇਹਨੂੰ ਰੋਟੀ ਪਾ ਦੇ।’’ ਉਹ ਉੱਠਿਆ ਤੇ ਰਸੋਈ ਵਿੱਚੋਂ ਰੋਟੀ ਲੈਣ ਚਲਾ ਗਿਆ ਤੇ ਰੋਟੀ ਲਿਆ ਕੇ ਉਸਨੇ ਉਸ ਦੇ ਅੱਗੇ ਸੁੱਟ ਦਿੱਤੀ ਪਰ ਉਸਨੇ ਰੋਟੀ ਨਾ ਖਾਧੀ ਤੇ ਫਿਰ ਉੱਚੀ-ਉੱਚੀ ਰੋਣ ਲੱਗੀ। ਸਾਰੇ ਹੈਰਾਨ ਸਨ ਕਿ ਇਸ ਨੂੰ ਕੀ ਹੋਇਆ ਹੈ? ਅਚਾਨਕ ਉਨ੍ਹਾਂ ਦੇ ਘਰ ਦੇ ਅੱਗੋਂ ਇੱਕ ਬਜ਼ੁਰਗ ਔਰਤ ਲੰਘਣ ਲੱਗੀ ਤਾਂ ਕੁੱਤੀ ਫੇਰ ਉੱਚੀ-ਉੱਚੀ ਰੋਈ। ਉਸ ਨੇ ਉਸਨੂੰ ਬੁਚਕਰ ਮਾਰੀ। ਕੁੱਤੀ ਲੇਟਣ ਲੱਗ ਪਈ ਤਾਂ ਛੋਟਾ ਮੁੰਡਾ ਦਰਵਾਜੇ ਵਿੱਚ ਆ ਗਿਆ ਤੇ ਬਜ਼ੁਰਗ ਔਰਤ ਨੂੰ ਕਹਿਣ ਲੱਗਾ,

Read Also : ਇਕਲਾਪੇ ਦੀ ਤੁਲਨਾ

‘‘ਚਾਚੀ ਆਹ ਕੁੱਤੀ ਨੂੰ ਪਤਾ ਨਹੀਂ ਕੀ ਹੋਇਆ?’’
‘‘ਕੀ ਹੋਇਆ ਪੁੱਤ?’’
‘‘ਪਤਾ ਨਹੀਂ ਕਦੋਂ ਦੀ ਰੋਣ ਲੱਗੀ ਹੈ । ਸਾਡਾ ਤਾਂ ਚਿੱਤ ਈ ਖਰਾਬ ਹੋ ਗਿਆ ।’’
‘‘ਵੇ ਭਾਈ ਮੈਂ ਦੱਸਦੀ ਹਾਂ, ਇਹ ਵਿਚਾਰੀ ਕਿਉਂ ਰੋਂਦੀ ਹੈ ।’’
‘‘ਦੱਸ ਚਾਚੀ ।’’ ਉਸ ਨੇ ਉਤਸੁਕਤਾ ਨਾਲ ਪੁੱਛਿਆ ਤੇ ਚਾਰੇ ਭਰਾ ਉਸ ਵੱਲ ਦੇਖਣ ਲੱਗੇ ।
‘‘ਵੇ ਭਾਈ ਕੀ ਦੱਸਾਂ, ਇਹਦੀ ਕਸੂਰਵਾਰ ਮੈਂ ਹਾਂ ।’’
‘‘ਕਿਵੇਂ ਚਾਚੀ?’’
‘‘ਇਹ ਸਾਡੇ ਘਰੇ ਸੂਈ ਹੋਈ ਹੈ, ਮੈਂ ਵਗ ’ਗੀ ਸ਼ਹਿਰ, ਇਹ ਬਾਹਰ ਸੀ ਉਦੋਂ। ਹੁਣ ਇਹ ਆਵਦੇ ਕਤੂਰਿਆਂ ਨੂੰ ਮਿਲਣ ਲਈ ਰੋਂਦੀ ਹੈ।’’
‘‘ਅੱਛਾ-ਅੱਛਾ!’’
‘‘ਹੋਰ ਭਾਈ, ਦੇਖ ਲਓ ਮਾਂ ਦੀ ਮਮਤਾ ਕਿੱਡੀ ਵੱਡੀ ਚੀਜ਼ ਹੈ, ਕੀ ਵਿਚਾਰੀ ਨੇ ਜਾਇਦਾਦ ਵੰਡ ਕੇ ਦੇਣੀ ਹੈ? ਬੱਸ ਮੋਹ ਹੈ ਬਈ ਉਹ ਇਹਦੇ ਜਿਗਰ ਦੇ ਟੋਟੇ ਨੇ, ਅੱਡ ਨਹੀਂ ਕਰ ਸਕਦੀ।’’ ਕਹਿ ਕੇ ਬਜ਼ੁਰਗ ਔਰਤ ਅੱਗੇ ਚਲੀ ਗਈ ਤੇ ਚਾਰੇ ਭਰਾ ਇੱਕ-ਦੂਜੇ ਦੇ ਮੂੰਹ ਵੱਲ ਬਿੱਟ-ਬਿੱਟ ਤੱਕਣ ਲੱਗੇ।

ਜਤਿੰਦਰ ਮੋਹਨ
ਮੋ. 94630-20766