ਮਾਂ ਦੀ ਮਿਹਨਤ
ਗੇਲਾ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਮੁੰਡਾ ਸੀ ਭਾਵੇਂ ਉਸਦਾ ਅਸਲ ਨਾਂਅ ਤਾਂ ਗੁਰਮੇਲ ਸਿੰਘ ਸੀ ਪਰ ਪਿੰਡ ਵਿੱਚ ਉਸਦੇ ਸੰਗੀ-ਸਾਥੀ ਅਕਸਰ ਹੀ ਉਹਨੂੰ ਗੇਲੂ ਗੇਲੂ ਆਖ ਕੇ ਬੁਲਾੳਂੁਦੇ। ਉਹ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਉਸਦਾ ਦਿਮਾਗ ਹਮੇਸ਼ਾ ਸ਼ਰਾਰਤਾਂ ਕਰਨ ਅਤੇ ਖੇਡਣ ਵਿੱਚ ਹੀ ਲੱਗਾ ਰਹਿੰਦਾ ਪਰ ਉਸਦੀ ਮਾਂ ਦੀ ਤਮੰਨਾ ਸੀ ਕਿ ਉਹ ਪੜ੍ਹ-ਲਿਖ ਕੇ, ਕਿਸੇ ਕੰਮ-ਧੰਦੇ ਲੱਗ ਕੇ ਘਰ ਨੂੰ ਵਧੀਆ ਢੰਗ ਨਾਲ ਚਲਾਉਣ ਦੇ ਕਾਬਲ ਬਣ ਸਕੇ।
ਗੇਲੇ ਦਾ ਪਿਓ ਸ਼ਰਾਬੀ ਹੋਣ ਕਾਰਨ ਗੇਲੇ ਦੀ ਮਾਂ ਨੇ ਇਸ ਘਰ ਵਿੱਚ ਅੱਜ ਤੱਕ ਨਰਕ ਵਰਗੀ ਜ਼ਿੰਦਗੀ ਹੰਢਾਈ ਸੀ। ਗੇਲੇ ਦੇ ਦੋ ਹੋਰ ਛੋਟੇ ਭੈਣ-ਭਰਾ ਵੀ ਸਨ। ਉਹਦੀ ਮਾਂ ਦਾ ਇੱਕ ਸੁਫ਼ਨਾ ਸੀ ਕਿ ਉਹ ਪੜ੍ਹ-ਲਿਖਕੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਲਾਇਕ ਹੋ ਜਾਵੇ।ਉਹ ਆਪ ਤੰਗੀ ਕੱਟਕੇ ਹਮੇਸ਼ਾ ਹੀ ਗੇਲੇ ਦੇ ਚੰਗੇ ਭਵਿੱਖ ਦੀ ਆਸ ਵਿੱਚ ਲੱਗੀ ਰਹਿੰਦੀ। ਜਿੱਥੇ ਗੇਲਾ ਆਪਣੀ ਮਾਂ ਦਾ ਲਾਡਲਾ ਸੀ, ਉੱਥੇ ਹੀ ਉਹ ਆਪਣੇ ਪਿਉ ਦੇ ਸ਼ਰਾਬੀ ਅਤੇ ਅੜ੍ਹਬ ਸੁਭਾਅ ਕਾਰਨ ਉਸ ਤੋਂ ਡਰਦਾ ਸੀ। ਮਾਂ ਦੀਆਂ ਹੱਲਾਸ਼ੇਰੀਆਂ ਤੇ ਧੱਕੇ-ਧਕਾਈ ਨਾਲ ਉਹ ਅੱਠਵੀਂ ਤੱਕ ਪਹੁੰਚ ਗਿਆ ਤਾਂ ਮਾਂ ਨੂੰ ਵੀ ਇੰਝ ਲੱਗਣ ਲੱਗਾ ਕਿ ਉਹਦਾ ਪੁੱਤ ਹੁਣ ਜ਼ਰੂਰ ਉਸ ਦੀਆਂ ਆਸਾਂ ਨੂੰ ਫ਼ਲ ਲਾਵੇਗਾ ਪਰ ਜਦੋਂ ਉਹ ਅੱਠਵੀਂ ਵਿੱਚੋਂ ਫੇਲ੍ਹ ਹੋਇਆ ਤਾਂ ਨਤੀਜਾ ਸੁਣਨ ਤੋਂ ਬਾਅਦ ਘਰ ਆ ਕੇ ਉਹ ਪਖ਼ਾਨੇ ਵਿੱਚ ਵੜ ਗਿਆ।
ਦਿਨ ਭਰ ਐਨੀਆਂ ਸ਼ਰਾਰਤਾਂ ਕਰਨ ਵਾਲਾ ਅੱਜ ਲੁਕਦਾ ਕਿਉਂ ਫਿਰਦਾ ਹੈ? ਇਹ ਉਸਦੀ ਮਾਂ ਨੇ ਝੱਟ ਸਮਝ ਲਿਆ। ਆਪਣੇ ਪਿਉ ਤੋਂ ਡਰਦਿਆਂ ਫਿਰ ਉਸਨੇ ਹੌਲੀ ਕੁ ਦੇਣੇ ਆਪਣੀ ਮਾਂ ਦੀ ਬੁੱਕਲ ਵਿੱਚ ਵੜਕੇ ਜਦੋਂ ਇਹ ਸ਼ਬਦ ਬੋਲੇ, ‘ਬੀਬੀ ਮੈਂ ਤਾਂ ਫੇਲ੍ਹ ਹੋ ਗਿਆ’ ਤਾਂ ਉਸ ਦੀ ਮਾਂ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਹਿ ਤੁਰੇ। ਕਿਉਂਕਿ ਉਹ ਹੀ ਜਾਣਦੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘ ਕੇ ਪੜ੍ਹਾ ਰਹੀ ਹੈ ਪਰ ਉਸਦਾ ਇਰਾਦਾ ਮਜ਼ਬੂਤ ਸੀ। ਉਸਨੇ ਅੱਜ ਵੀ ਹੌਂਸਲਾ ਨਹੀਂ ਹਾਰਿਆ ਸਗੋਂ ਗੇਲੇ ਨੂੰ ਧਰਵਾਸਾ ਦਿੱਤਾ ਤੇ ਅੱਗੇ ਪੜ੍ਹਨ ਲਈ ਉਸਦਾ ਹੌਂਸਲਾ ਵਧਾਇਆ । ਸਮਾਂ ਬੀਤਦਾ ਗਿਆ।
ਉਹ ਬਾਰ੍ਹਵੀਂ ਤੱਕ ਪਹੁੰਚ ਗਿਆ ਪਰ ਜਦੋਂ ਬਾਰ੍ਹਵੀਂ ਕਲਾਸ ਵਿੱਚੋਂ ਉਹ ਫੇਲ੍ਹ ਹੋ ਗਿਆ ਤਾਂ ਉਸਦਾ ਪਿਤਾ, ਜੋ ਪਹਿਲਾਂ ਹੀ ਉਸ ਤੋਂ ਕਾਫੀ ਪਰੇਸ਼ਾਨ ਹੋ ਚੁੱਕਾ ਸੀ, ਉਸਨੂੰ ਅੱਗੇ ਨਹੀਂ ਸੀ ਪੜ੍ਹਾਉਣਾ ਚਾਹੁੰਦਾ। ਉਸਦੇ ਪਿਤਾ ਨੇ ਘਰ ਵਿੱਚ ਉਸਦੀ ਮਾਂ ਨੂੰ ਵੀ ਸਖ਼ਤ ਆਦੇਸ਼ ਦੇ ਦਿੱਤਾ ਸੀ ਕਿ ਹੁਣ ਇਸਨੂੰ ਕੋਈ ਪੈਸਾ ਵੀ ਨਹੀਂ ਦੇਣਾ ਤੇ ਪੜ੍ਹਨ ਵੀ ਨਹੀਂ ਲਾਉਣਾ। ਇਹ ਆਪੇ ਘਰ ਦੀ ਗੁਜ਼ਾਰੇ ਜੋਗੀ ਖੇਤੀ ਕਰ ਛੱਡਿਆ ਕਰੇਗਾ ਪਰ ਉਸਦੀ ਮਾਂ ਦੇ ਦਿਲ ਵਿੱਚ ਇੱਕ ਰੀਝ ਸੀ, ਜੋ ਉਹ ਪੂਰੀ ਕਰਨਾ ਚਾਹੁੰਦੀ ਸੀ। ਉਹ ਹਮੇਸ਼ਾ ਲੋਕਾਂ ਦੇ ਸਵੈਟਰ-ਕੋਟੀਆਂ ਬੁਣ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਘਰ ਵਿੱਚ ਐਨੀ ਪੂੰਜੀ ਵੀ ਜਮ੍ਹਾ ਨਹੀਂ ਸੀ ਕਿ ਉਹ ਆਪਣੇ ਪੱਧਰ ’ਤੇ ਬੱਚਿਆਂ ਨੂੰ ਪੜ੍ਹਾ ਸਕਦੀ। ਗੇਲੇ ਦਾ ਬਾਪ ਪਹਿਲਾਂ ਹੀ ਉਸਨੂੰ ਅੱਗੇ ਪੜ੍ਹਾਉਣ ਲਈ ਰਾਜ਼ੀ ਨਹੀਂ ਸੀ। ਅਜਿਹੇ ਹਾਲਾਤਾਂ ਵਿੱਚ ਕੀ ਕੀਤਾ ਜਾਵੇ?
ਇਹ ਸਵਾਲ ਗੇਲੇ ਦੀ ਮਾਂ ਦੇ ਦਿਮਾਗ ਵਿੱਚ ਹਰ ਸਮੇਂ ਪਾਰੇ ਵਾਂਗ ਬੈਠਾ ਰਹਿੰਦਾ। ਆਖਰ ਗੇਲੇ ਦੀ ਮਾਂ ਨੇ ਇਹ ਸਾਰੀ ਗੱਲ ਆਪਣੇ ਪਿਤਾ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਸੌ ਰੁਪਏ ਕਿਸੇ ਦੇ ਹੱਥ ਫੜਾ ਦਿੱਤੇ। ਉਹ ਸੌ ਰੁਪਏ ਦੇ ਕੇ ਉਸਦੀ ਮਾਂ ਨੇ ਗੇਲੇ ਨੂੰ ਸਕੂਲ ਆਪਣਾ ਦਾਖ਼ਲਾ ਕਰਾਉਣ ਲਈ ਭੇਜਿਆ। ਉਸ ਸਮੇਂ ਸਕੂਲ ਦੇ ਦਾਖ਼ਲੇ ਦੇ ਵੀ ਦੋ ਕੁ ਦਿਨ ਹੀ ਬਾਕੀ ਸਨ ਪਰ ਸਮੇਂ ਸਿਰ ਪੈਸੇ ਮਿਲ ਜਾਣ ਕਾਰਨ ਗੇਲੇ ਨੇ ਬਾਰ੍ਹਵੀਂ ਵਿੱਚ ਆਪਣਾ ਦਾਖ਼ਲਾ ਕਰਾ ਲਿਆ। ਸਵੈਟਰ-ਕੋਟੀਆਂ ਆਦਿ ਬੁਣਕੇ ਕਮਾਏ ਗਏ ਆਪਣੇ ਪੈਸਿਆਂ ਵਿੱਚੋਂ ਹੀ ਉਸਦੀ ਮਾਂ ਨੇ ਉਸਨੂੰ ਪੜ੍ਹਨ ਲਈ ਕਿਤਾਬਾਂ ਅਤੇ ਵਰਦੀ ਆਦਿ ਖਰੀਦ ਕੇ ਦਿੱਤੀਆਂ।
ਆਖਰ ਉਸਨੇ ਬਾਰ੍ਹਵੀਂ ਕਲਾਸ ਚੰਗੇ ਨੰਬਰਾਂ ਵਿੱਚ ਪਾਸ ਕਰ ਲਈ।ਹੁਣ ਗੇਲਾ ਖੁਦ ਵੀ ਆਪਣੇ ਘਰ ਦੇ ਹਾਲਾਤਾਂ ਨੂੰ ਸਮਝਣ ਲੱਗ ਪਿਆ ਸੀ। ਉਸਨੇ ਬੀ. ਏ. ਵਿੱਚ ਦਾਖ਼ਲਾ ਲੈ ਗਿਆ ਅਤੇ ਕਾਲਜ ਤੋਂ ਆ ਕੇ ਉਹ ਜਿੱਥੇ ਘਰ ਦੇ ਕੰਮਾਂ ਵਿੱਚ ਆਪਣੀ ਮਾਂ ਨਾਲ ਹੱਥ ਵਟਾਉਂਦਾ ਉੱਥੇ ਹੀ ਕਿਸੇ ਨਾ ਕਿਸੇ ਦੇ ਖੇਤ ਜਾਂ ਦੁਕਾਨ ਆਦਿ ’ਤੇ ਕੰਮ ਕਰਕੇ ਆਪਣਾ ਜੇਬ੍ਹ ਖਰਚ ਅਤੇ ਪੜ੍ਹਾਈ ਦਾ ਖਰਚ ਚਲਾਉਂਦਾ। ਮਾਂ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਅਤੇ ਬੇਹੱਦ ਸਹਿਯੋਗ ਨਾਲ ਹੁਣ ਗੇਲੇ ਨੇ ਐਮ. ਏ. ਅਤੇ ਬੀ. ਐੱਡ ਦੀ ਪੜ੍ਹਾਈ ਵੀ ਚੰਗੇ ਨੰਬਰਾਂ ਵਿੱਚ ਪੂਰੀ ਕਰ ਲਈ ਸੀ।
ਉਸ ਦੀ ਪੜ੍ਹਾਈ ਪੂਰੀ ਹੁੰਦਿਆਂ ਹੀ ਅਧਿਆਪਕਾਂ ਦੀਆਂ ਅਸਾਮੀਆਂ ਨਿੱਕਲੀਆਂ ਤਾਂ ਉਸਨੇ ਅਪਲਾਈ ਕਰਦਿਆਂ ਦੇਰ ਨਾ ਲਾਈ। ਆਖ਼ਰ ਗੇਲੇ ਦੀ ਮਾਂ ਦੀਆਂ ਦੁਆਵਾਂ ਨੂੰ ਰੱਬ ਨੇ ਸੁਣ ਲਿਆ ਤੇ ਉਹ ਅਧਿਆਪਕ ਲੱਗ ਗਿਆ। ਇਹ ਖ਼ਬਰ ਮਿਲਦਿਆਂ ਹੀ ਗੇਲੇ ਦੀ ਮਾਂ ਨੇ ਉਸਨੂੰ ਘੁੱਟਕੇ ਆਪਣੇ ਸੀਨੇ ਨਾਲ ਲਾ ਲਿਆ। ਉਸਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਅੱਥਰੂ ਵਹਿ ਤੁਰੇ। ਵਰਿ੍ਹਆਂ ਤੋਂ ਦਿਲ ਵਿੱਚ ਸੰਜੋਈ ਉਸਦੀ ਆਸ ਅੱਜ ਪੂਰੀ ਹੋ ਗਈ ਸੀ।
ਉਸਨੂੰ ਮਿਹਨਤ ਦਾ ਮੁੱਲ ਮਿਲ ਗਿਆ ਸੀ। ਭਾਵੁਕ ਹੋਈ ਉਹ ਵਾਰ-ਵਾਰ ਗੇਲੇ ਦੇ ਮੱਥੇ ਨੂੰ ਚੁੰਮਦੀ ਅਤੇ ਉਸ ਲਈ ਸਹਿਣ ਕੀਤੇ ਦੁੱਖਾਂ ਨੂੰ ਯਾਦ ਕਰਕੇ ਫਿਰ ਹੁਬਕੀਆਂ ਲੈਣੀਆਂ ਸ਼ੁਰੂ ਕਰ ਦਿੰਦੀ। ਗੇਲਾ ਉਸਨੂੰ ਚੁੱਪ ਕਰਾਉਣ ਦੀ ਕੋਸਿਸ਼ ਕਰਦਾ ਪਰ ਉਸਨੂੰ ਲੱਗਦਾ ਜਿਵੇਂ ਕਈ ਵਰਿ੍ਹਆਂ ਦਾ ਬੰਨ੍ਹਕੇ ਰੱਖਿਆ ਹੋਇਆ ਉਸਦੇ ਸਬਰ ਦਾ ਬੰਨ੍ਹ ਅੱਜ ਟੁੱਟ ਗਿਆ ਹੋਵੇ। ਆਪਣੇ ਪੁੱਤ ਨੂੰ ਸੀਨੇ ਨਾਲ ਲਾ ਕੇ ਅੱਜ ਉਸਨੇ ਆਪਣੇ ਦਿਲ ਨੂੰ ਹੌਲਾ ਕੀਤਾ ਸੀ। ਆਪਣੇ ਸੁਫ਼ਨੇ ਨੂੰ ਪੂਰਾ ਹੁੰਦਾ ਵੇਖ ਹੁਣ ਗੇਲੇ ਦੀ ਮਾਂ ਦੀਆਂ ਅੱਖਾਂ ਵਿੱਚ ਸੰਤੁਸ਼ਟੀ ਦੇ ਅੱਥਰੂ ਝਲਕ ਰਹੇ ਸਨ। ਇਹ ਉਸਦੀ ਮਾਂ ਦੀ ਮਿਹਨਤ ਹੀ ਸੀ ਜਿਸ ਕਰਕੇ ਅੱਜ ਪਿੰਡ ਦੇ ਲੋਕਾਂ ਨੇ ਵੀ ਗੇਲੇ ਨੂੰ ਮਾਸਟਰ ਗੁਰਮੇਲ ਸਿੰਘ ਕਹਿਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ।
ਜਗਤਾਰ ਸਮਾਲਸਰ,
ਐਲਨਾਬਾਦ (ਸਰਸਾ)
ਮੋ. 94670-95953
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ