ਬਾਲ ਕਹਾਣੀ : ਮਾਂ ਦੀ ਮਿਹਨਤ

Mother's Hard Work, Mother's Hard Work

ਬਾਲ ਕਹਾਣੀ : ਮਾਂ ਦੀ ਮਿਹਨਤ (Mother’s Hard Work)

ਗੇਲਾ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਮੁੰਡਾ ਸੀ, ਭਾਵੇਂ ਉਸਦਾ ਅਸਲ ਨਾਂਅ ਤਾਂ ਗੁਰਮੇਲ ਸਿੰਘ ਸੀ ਪਰ ਪਿੰਡ ਵਿੱਚ ਉਸਦੇ ਸੰਗੀ-ਸਾਥੀ ਅਕਸਰ ਹੀ ਉਹਨੂੰ ਗੇਲੂ ਆਖ ਕੇ ਬੁਲਾਉਂਦੇ। ਉਹ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਅਤੇ ਉਸਦਾ ਦਿਮਾਗ ਹਮੇਸ਼ਾ ਸ਼ਰਾਰਤਾਂ ਕਰਨ ਅਤੇ ਖੇਡਣ ਵਿੱਚ ਹੀ ਲੱਗਾ ਰਹਿੰਦਾ ਸੀ ਪਰ ਉਸ ਦੀ ਮਾਂ ਦੀ ਤਮੰਨਾ ਸੀ ਕਿ ਉਹ ਪੜ੍ਹ-ਲਿਖ ਕੇ ਅਤੇ ਕਿਸੇ ਅਹੁਦੇ ’ਤੇ ਲੱਗ ਕੇ ਘਰ ਨੂੰ ਵਧੀਆ ਢੰਗ ਨਾਲ ਚਲਾਉਣ ਦੇ ਕਾਬਲ ਬਣ ਸਕੇ। (Mother’s Hard Work)

ਬਾਲ ਕਹਾਣੀ : ਮਾਂ ਦੀ ਮਿਹਨਤ (Mother’s Hard Work)

ਗੇਲੇ ਦਾ ਪਿਉ ਸ਼ਰਾਬੀ ਹੋਣ ਕਾਰਨ ਗੇਲੇ ਦੀ ਮਾਂ ਨੇ ਇਸ ਘਰ ਵਿੱਚ ਅੱਜ ਤੱਕ ਨਰਕ ਵਰਗੀ ਜ਼ਿੰਦਗੀ ਹੰਢਾਈ ਸੀ। ਗੇਲੇ ਦੇ ਦੋ ਹੋਰ ਛੋਟੇ ਭੈਣ-ਭਰਾ ਸਨ। ਘਰ ਦੀ ਆਰਥਿਕ ਹਾਲਤ ਕੋਈ ਬਹੁਤੀ ਚੰਗੀ ਨਾ ਹੋਣ ਕਾਰਨ ਉਹਦੀ ਮਾਂ ਦਾ ਇੱਕ ਸੁਫ਼ਨਾ ਸੀ ਕਿ ਉਹ ਪੜ੍ਹ-ਲਿਖ ਕੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਲਾਇਕ ਹੋ ਜਾਵੇ। ਉਹ ਆਪ ਤੰਗੀ ਕੱਟ ਕੇ ਹਮੇਸ਼ਾ ਹੀ ਗੇਲੇ ਦੇ ਚੰਗੇ ਭਵਿੱਖ ਦੀ ਆਸ ਵਿੱਚ ਲੱਗੀ ਰਹਿੰਦੀ। ਗੇਲੇ ਦਾ ਪਿਉ ਸ਼ਰਾਬੀ ਤੇ ਬਹੁਤਾ ਹੀ ਅੜ੍ਹਬ ਸੁਭਾਅ ਦਾ ਹੋਣ ਕਾਰਨ ਜਿੱਥੇ ਗੇਲਾ ਆਪਣੀ ਮਾਂ ਦਾ ਲਾਡਲਾ ਸੀ, ਉੱਥੇ ਹੀ ਉਹ ਆਪਣੇ ਪਿਉ ਤੋਂ ਹਮੇਸ਼ਾ ਹੀ ਡਰਦਾ ਸੀ।

ਮਾਂ ਦੀਆਂ ਹੱਲਾਸ਼ੇਰੀਆਂ ਨਾਲ ਜਦੋਂ ਉਹ ਅੱਠਵੀਂ ਤੱਕ ਪਹੁੰਚ ਗਿਆ ਤਾਂ ਮਾਂ ਨੂੰ ਵੀ ਇੰਝ ਲੱਗਣ ਲੱਗਾ ਸੀ ਕਿ ਉਹਦਾ ਪੁੱਤ ਹੁਣ ਜ਼ਰੂਰ ਉਸ ਦੀਆਂ ਆਸਾਂ ਨੂੰ ਫ਼ਲ ਲਾਵੇਗਾ ਪਰ ਜਦੋਂ ਉਹ ਅੱਠਵੀਂ ਵਿੱਚੋਂ ਫੇਲ੍ਹ ਹੋਇਆ ਤਾਂ ਨਤੀਜਾ ਸੁਣਨ ਤੋਂ ਬਾਅਦ ਘਰ ਆ ਕੇ ਉਹ ਪਖ਼ਾਨੇ ਵਿੱਚ ਵੜ ਗਿਆ ਸੀ। ਦਿਨ ਭਰ ਐਨੀਆਂ ਸ਼ਰਾਰਤਾਂ ਕਰਨ ਵਾਲਾ ਅੱਜ ਲੁਕਦਾ ਕਿਉਂ ਫਿਰਦਾ ਹੈ ਇਹ ਉਸ ਦੀ ਮਾਂ ਨੇ ਝੱਟ ਸਮਝ ਲਿਆ ਸੀ।

ਆਪਣੇ ਪਿਉ ਤੋਂ ਡਰਦਿਆਂ ਫਿਰ ਉਸ ਨੇ ਹੌਲੀ ਕੁ ਦੇਣੇ ਆਪਣੀ ਮਾਂ ਦੀ ਬੁੱਕਲ ਵਿੱਚ ਵੜ ਕੇ ਜਦੋਂ ਇਹ ਸ਼ਬਦ ਬੋਲੇ, ਬੀਬੀ ਮੈਂ ਤਾਂ ਫੇਲ੍ਹ ਹੋ ਗਿਆ, ਤਾਂ ਉਸ ਦੀ ਮਾਂ ਦੀਆਂ ਅੱਖਾਂ ਵਿੱਚੋਂ ਵੀ ਪਰਲ-ਪਰਲ ਹੰਝੂ ਵਹਿ ਤੁਰੇ। ਕਿਉਂਕਿ ਉਹ ਜਾਣਦੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਕਿਨ੍ਹਾਂ ਹਾਲਾਤਾਂ ਵਿੱਚੋਂ ਨਿੱਕਲ ਕੇ ਪੜਾ ਰਹੀ ਹੈ ਪਰ ਉਸਦਾ ਨਿਸ਼ਚਾ ਦਿ੍ਰੜ ਸੀ। ਉਸ ਨੇ ਅੱਜ ਵੀ ਹੌਂਸਲਾ ਨਹੀਂ ਸੀ ਹਾਰਿਆ ਸਗੋਂ ਗੇਲੇ ਨੂੰ ਧਰਵਾਸਾ ਹੀ ਦਿੱਤਾ ਸੀ ਅਤੇ ਅੱਗੇ ਪੜ੍ਹਨ ਲਈ ਉਸਦਾ ਹੌਂਸਲਾ ਵਧਾਇਆ ਸੀ।

ਬਾਲ ਕਹਾਣੀ : ਮਾਂ ਦੀ ਮਿਹਨਤ (Mother’s Hard Work)

ਸਮਾਂ ਬੀਤਦਾ ਗਿਆ ਆਖਰ ਮਾਂ ਦੀਆਂ ਹੱਲਾਸ਼ੇਰੀਆਂ ਨਾਲ ਉਹ ਬਾਰ੍ਹਵੀਂ ਤੱਕ ਪਹੁੰਚ ਗਿਆ ਸੀ ਪਰ ਜਦੋਂ ਬਾਰ੍ਹਵੀਂ ਕਲਾਸ ਵਿੱਚੋਂ ਉਹ ਫੇਲ੍ਹ ਹੋ ਗਿਆ ਤਾਂ ਉਸ ਦਾ ਪਿਤਾ ਜੋ ਪਹਿਲਾਂ ਹੀ ਉਸ ਤੋਂ ਕਾਫੀ ਪ੍ਰੇਸ਼ਾਨ ਹੋ ਚੁੱਕਾ ਸੀ ਉਸ ਨੂੰ ਅੱਗੇ ਨਹੀਂ ਸੀ ਪੜ੍ਹਾਉਣਾ ਚਾਹੁੰਦਾ। ਉਸਦੇ ਪਿਤਾ ਨੇ ਘਰ ਵਿੱਚ ਉਸਦੀ ਮਾਂ ਨੂੰ ਵੀ ਸਖ਼ਤ ਆਦੇਸ਼ ਦੇ ਦਿੱਤਾ ਸੀ ਕਿ ਹੁਣ ਇਸ ਨੂੰ ਕੋਈ ਪੈਸਾ ਵੀ ਨਹੀਂ ਦੇਣਾ ਅਤੇ ਪੜ੍ਹਨ ਵੀ ਨਹੀਂ ਲਾਉਣਾ। ਇਹ ਆਪੇ ਘਰ ਦੀ ਗੁਜ਼ਾਰੇ ਜੋਗੀ ਖੇਤੀ ਕਰ ਛੱਡਿਆ ਕਰੇਗਾ। ਪਰ ਉਸਦੀ ਮਾਂ ਦੇ ਦਿਲ ਵਿੱਚ ਇੱਕ ਰੀਝ ਸੀ ਜੋ ਉਹ ਪੂਰੀ ਕਰਨਾ ਚਾਹੁੰਦੀ ਸੀ। ਉਹ ਹਮੇਸ਼ਾ ਲੋਕਾਂ ਦੇ ਸਵੈਟਰ-ਕੋਟੀਆਂ ਬੁਣ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਘਰ ਵਿੱਚ ਐਨੀ ਪੂੰਜੀ ਵੀ ਜਮ੍ਹਾ ਨਹੀਂ ਸੀ ਕਿ ਉਹ ਆਪਣੇ ਪੱਧਰ ’ਤੇ ਬੱਚਿਆਂ ਨੂੰ ਪੜ੍ਹਾ ਸਕਦੀ।

ਬਾਲ ਕਹਾਣੀ : ਮਾਂ ਦੀ ਮਿਹਨਤ (Mother’s Hard Work)

ਗੇਲੇ ਦਾ ਬਾਪ ਪਹਿਲਾਂ ਹੀ ਉਸ ਨੂੰ ਅੱਗੇ ਪੜ੍ਹਾਉਣ ਲਈ ਰਾਜ਼ੀ ਨਹੀਂ ਸੀ ਅਜਿਹੇ ਹਾਲਾਤਾਂ ਵਿੱਚ ਕੀ ਕੀਤਾ ਜਾਵੇ? ਇਹ ਸਵਾਲ ਗੇਲੇ ਦੀ ਮਾਂ ਦੇ ਦਿਮਾਗ ਵਿੱਚ ਹਰ ਸਮੇਂ ਪਾਰੇ ਵਾਂਗ ਬੈਠਾ ਰਹਿੰਦਾ। ਗੇਲੇ ਦਾ ਨਾਨਾ ਲਾਗਲੇ ਪਿੰਡ ਦੇ ਇੱਕ ਗੁਰੂ ਘਰ ਵਿੱਚ ਪਾਠੀ ਸੀ। ਆਖਿਰ ਗੇਲੇ ਦੀ ਮਾਂ ਨੇ ਇਹ ਸਾਰੀ ਗੱਲ ਆਪਣੇ ਪਿਤਾ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਕੁਝ ਰੁਪਏ ਕਿਸੇ ਦੇ ਹੱਥ ਫੜਾ ਦਿੱਤੇ। ਰੁਪਏ ਦੇ ਕੇ ਉਸ ਦੀ ਮਾਂ ਨੇ ਗੇਲੇ ਨੂੰ ਸਕੂਲ ਆਪਣਾ ਦਾਖ਼ਲਾ ਕਰਾਉਣ ਲਈ ਭੇਜਿਆ। ਉਸ ਸਮੇਂ ਸਕੂਲ ਦੇ ਦਾਖ਼ਲੇ ਦੇ ਵੀ ਦੋ ਕੁ ਦਿਨ ਹੀ ਬਾਕੀ ਸਨ ਪਰ ਸਮੇਂ ਸਿਰ ਪੈਸੇ ਮਿਲ ਜਾਣ ਕਾਰਨ ਗੇਲੇ ਨੇ ਬਾਰ੍ਹਵੀਂ ਵਿੱਚ ਆਪਣਾ ਦਾਖ਼ਲਾ ਕਰਾ ਲਿਆ। ਸਵੈਟਰ-ਕੋਟੀਆਂ ਆਦਿ ਬੁਣ ਕੇ ਕਮਾਏ ਗਏ ਆਪਣੇ ਪੈਸਿਆਂ ਵਿੱਚੋਂ ਹੀ ਉਸ ਦੀ ਮਾਂ ਨੇ ਉਸਨੂੰ ਪੜ੍ਹਨ ਲਈ ਕਿਤਾਬਾਂ ਅਤੇ ਵਰਦੀ ਆਦਿ ਖਰੀਦ ਕੇ ਦਿੱਤੀਆਂ।

ਆਖਿਰ ਉਸਨੇ ਬਾਰ੍ਹਵੀਂ ਕਲਾਸ ਚੰਗੇ ਨੰਬਰਾਂ ਵਿੱਚ ਪਾਸ ਕਰ ਲਈ। ਹੁਣ ਗੇਲਾ ਖੁਦ ਵੀ ਆਪਣੇ ਘਰ ਦੇ ਹਾਲਾਤਾਂ ਨੂੰ ਸਮਝਣ ਲੱਗ ਪਿਆ ਸੀ। ਉਸ ਨੇ ਬੀ ਏ ਵਿੱਚ ਦਾਖ਼ਲਾ ਲੈ ਗਿਆ ਤੇ ਕਾਲਜ ਤੋਂ ਆ ਕੇ ਉਹ ਜਿੱਥੇ ਘਰ ਦੇ ਕੰਮਾਂ ਵਿੱਚ ਆਪਣੀ ਮਾਂ ਨਾਲ ਹੱਥ ਵਟਾਉਂਦਾ ਉੱਥੇ ਹੀ ਕਿਸੇ ਨਾ ਕਿਸੇ ਦੇ ਖੇਤ ਜਾਂ ਦੁਕਾਨ ਆਦਿ ’ਤੇ ਕੰਮ ਕਰਕੇ ਆਪਣਾ ਜੇਬ੍ਹ ਖਰਚ ਅਤੇ ਪੜ੍ਹਾਈ ਦਾ ਖਰਚ ਚਲਾਉਂਦਾ। ਮਾਂ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਤੇ ਬੇਹੱਦ ਸਹਿਯੋਗ ਨਾਲ ਹੁਣ ਗੇਲੇ ਨੇ ਐਮ ਏ ਅਤੇ ਬੀ ਐਡ ਦੀ ਪੜ੍ਹਾਈ ਵੀ ਚੰਗੇ ਨੰਬਰਾਂ ਵਿੱਚ ਪੂਰੀ ਕਰ ਲਈ ਸੀ।

ਮਾਂ ਦੀ ਮਿਹਨਤ (Mother’s Hard Work)

ਉਸ ਦੀ ਪੜ੍ਹਾਈ ਪੂਰੀ ਹੁੰਦਿਆਂ ਹੀ ਅਧਿਆਪਕਾਂ ਦੀਆਂ ਅਸਾਮੀਆਂ ਨਿੱਕਲੀਆਂ ਤਾਂ ਉਸ ਨੇ ਅਪਲਾਈ ਕਰਦਿਆਂ ਦੇਰ ਨਾ ਲਾਈ। ਆਖਿਰ ਗੇਲੇ ਦੇ ਮਾਂ ਦੀਆਂ ਦੁਆਵਾਂ ਨੂੰ ਰੱਬ ਨੇ ਸੁਣਿਆ ਤੇ ਉਹ ਅਧਿਆਪਕ ਲੱਗ ਗਿਆ। ਇਹ ਖ਼ਬਰ ਮਿਲਦਿਆਂ ਹੀ ਗੇਲੇ ਦੀ ਮਾਂ ਨੇ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ। ਉਸ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਅੱਥਰੂ ਵਹਿ ਤੁਰੇ। ਵਰ੍ਹਿਆਂ ਤੋਂ ਦਿਲ ਵਿੱਚ ਸੰਜੋਈ ਉਸ ਦੀ ਆਸ ਅੱਜ ਪੂਰੀ ਹੋ ਗਈ ਸੀ।

ਉਸ ਨੂੰ ਮਿਹਨਤ ਦਾ ਮੁੱਲ ਮਿਲ ਗਿਆ ਸੀ। ਭਾਵੁਕ ਹੋਈ ਉਹ ਵਾਰ-ਵਾਰ ਗੇਲੇ ਦੇ ਮੱਥੇ ਨੂੰ ਚੁੰਮਦੀ ਅਤੇ ਗੇਲੇ ਲਈ ਸਹਿਣ ਕੀਤੇ ਦੁੱਖਾਂ ਨੂੰ ਯਾਦ ਕਰਕੇ ਫਿਰ ਹੁਬਕੀਆਂ ਲੈਣੀਆਂ ਸ਼ੁਰੂ ਕਰ ਦਿੰਦੀ। ਗੇਲਾ ਉਸਨੂੰ ਚੁੱਪ ਕਰਾਉਣ ਦੀ ਕੋਸਿਸ਼ ਕਰਦਾ ਪਰ ਉਸਨੂੰ ਲੱਗਦਾ ਜਿਵੇਂ ਕਈ ਵਰ੍ਹਿਆਂ ਦਾ ਬੰਨ੍ਹ ਕੇ ਰੱਖਿਆ ਹੋਇਆ ਉਸਦਾ ਸਬਰ ਦਾ ਬੰਨ੍ਹ ਅੱਜ ਟੁੱਟ ਗਿਆ ਹੋਵੇ। ਆਪਣੇ ਪੁੱਤ ਨੂੰ ਸੀਨੇ ਨਾਲ ਲਾ ਕੇ ਅੱਜ ਉਸ ਨੇ ਆਪਣੇ ਦਿਲ ਨੂੰ ਹੌਲਾ ਕੀਤਾ ਸੀ। ਆਪਣੇ ਸੁਫ਼ਨੇ ਨੂੰ ਪੂਰਾ ਕਰਕੇ ਹੁਣ ਗੇਲੇ ਦੀ ਮਾਂ ਦੀਆਂ ਅੱਖਾਂ ਵਿੱਚ ਸੰਤੁਸ਼ਟੀ ਦੇ ਅੱਥਰੂ ਝਲਕ ਰਹੇ ਸਨ। ਇਹ ਉਸ ਦੀ ਮਾਂ ਦੀ ਮਿਹਨਤ ਹੀ ਸੀ ਕਿ ਅੱਜ ਪਿੰਡ ਦੇ ਲੋਕਾਂ ਨੇ ਵੀ ਗੇਲੇ ਨੂੰ ਮਾਸਟਰ ਗੁਰਮੇਲ ਸਿੰਘ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ।

ਜਗਤਾਰ ਸਮਾਲਸਰ,
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ