ਸਿੱਖਿਆ ਵਿਭਾਗ ਵੱਲੋਂ ਤਿੰਨ ਹਜ਼ਾਰ ਤੋਂ ਵੱਧ ਬਦਲੀਆਂ

Punjab Government, Transferred, IAS Officers

ਸਭ ਤੋਂ ਵੱਧ ਬਦਲੀਆਂ ਮਾਸਟਰ ਕੇਡਰ ਦੀਆਂ ਕੀਤੀਆਂ

ਕੁਲਵੰਤ ਕੋਟਲੀ, ਮੋਹਾਲੀ:  ਪਿਛਲੇ ਲੰਬੇ ਸਮੇਂ ਤੋਂ ਬਦਲੀਆਂ ਦੀ ਉਡੀਕ ਕਰਦੇ ਆ ਰਹੇ ਅਧਿਆਪਕਾਂ ਦੀਆਂ ਬਦਲੀਆਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਅਧਿਆਪਕਾਂ ‘ਚ ਆਪਸੀ ਹੱਲਚਲ ਪੈਦਾ ਹੋ ਗਈ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਵੱਖ ਵੱਖ ਸੂਚੀਆਂ ‘ਚ ਵੱਖ ਵੱਖ ਕੇਡਰ ਦੇ 3069 ਤੋਂ ਵੱਧ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ।

ਇਹਨਾਂ ਵਿੱਚ ਸਭ ਤੋਂ ਜ਼ਿਆਦਾ ਮਾਸਟਰ ਕੇਡਰ ਦੀਆਂ 1503 ਬਦਲੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਨਾਨ ਟੀਚਿੰਗ ਸਟਾਫ ਦੀਆਂ 411 ਬਦਲੀਆਂ ਸ਼ਾਮਲ ਹਨ। ਬਾਕੀ ਬਦਲੀਆਂ ਦੇ ਵਿਚ ਵੋਕੇਸ਼ਨਲ ਅਧਿਆਪਕ ਦੀਆਂ 15, ਮਾਡਲ/ਆਦਰਸ਼ ਸਕੂਲ ਦੇ 28, ਲੈਕਚਰਾਰ ਕੇਡਰ ਦੀਆਂ 258, ਮੁੱਖ ਅਧਿਆਪਕ/ਸੀਵੀ ਕੇਂਦਰ ਦੀਆਂ 180, ਇਸ ਤੋਂ ਇਲਾਵਾ ਸਰਵ ਸਿੱਖਿਆ ਅਭਿਆਨ ਦੇ ਤਹਿਤ ਕੰਮ ਕਰਦੇ ਦਫ਼ਤਰੀ ਕਰਮਚਾਰੀਆਂ ਦੀਆਂ 32, ਪ੍ਰਾਇਮਰੀ ਅਧਿਆਪਕਾਂ ਦੀਆਂ 20, ਅੱਪਰ ਪ੍ਰਾਇਮਰੀ ਅਧਿਆਪਕ 7, ਐਸਐਸਏ ਬ੍ਰਾਂਚ ਆਈਈਡੀ ‘ਚ ਕੰਮ ਕਰਦੇ ਆਈਈਆਰਟੀ 5, ਐਸਐਸਏ ਅੱਪਰ ਪ੍ਰਾਇਮਰੀ ਅਧਿਆਪਕ ਦੇ 146 ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।

ਰਮਸਾ ਸਕੀਮ ਤਹਿਤ ਸੇਵਾ ਨਿਭਾਅ ਰਹੇ ਅਧਿਆਪਕ 114 ਅਤੇ ਦਫ਼ਤਰੀ ਕਰਮਚਾਰੀ 9 ਦੀਆਂ ਬਦਲੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮਿੱਡ ਡੇ ਮੀਲ ਸਕੀਮ ‘ਚ ਕੰਮ ਕਰਦੇ 10 ਮੁਲਾਜ਼ਮਾਂ ਨੂੰ ਇੱਧਰੋ ਉਧਰ ਕੀਤਾ ਗਿਆ ਹੈ। ਪਿਕਟਸ ਸੁਸਾਇਟੀ ਦੇ ਅਧੀਨ ਕੰਮ ਕਰਦੇ ਕੰਪਿਊਟਰ ਫੈਕਲਟੀਜ਼ ਦੀਆਂ 178 ਬਦਲੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ 81 ਬਦਲੀਆਂ ਆਪਸੀ ਬਦਲੀਆਂ ਹਨ। ਇਸ ਤੋਂ ਇਲਾਵਾ ਬੀਤੀ ਦੇਰ ਰਾਤ ਇਕ ਜਾਰੀ ਸੂਚੀ ‘ਚ 153 ਪੀਈਐਸ ਕੇਡਰ ਦੀਆਂ ਵੀ ਬਦਲੀਆਂ ਕੀਤੀਆਂ ਗਈਆਂ।

ਵਿਭਾਗ ਵੱਲੋਂ ਵੈਬਸਾਈਟ ਉਤੇ ਜਾਰੀ ਕੀਤੀ ਸੂਚੀ ‘ਚ ਕਿਹਾ ਗਿਆ ਹੈ ਕਿ ਅਸਾਮੀ ਖਾਲੀ ਹੋਣ ਜਾਂ ਸਰਪਲਸ ਹੋਣ ਦੀ ਸੂਰਤ ‘ਚ ਲਾਗੂ ਨਹੀਂ ਹੋਵੇਗੀ ਅਤੇ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਵਿਭਾਗੀ ਅਧਿਆਪਕ ਦੀ ਬਦਲੀ ਐਸਐਸਏ/ਰਮਸਾ ਦੇ ਅਧੀਨ ਚਲਦੇ ਸਕੂਲਾਂ ‘ਚ ਹੋ ਗਈ ਹੋਵੇ ਤਾਂ ਇਹ ਲਾਗੂ ਨਹੀਂ ਹੋਵੇਗੀ।

ਅਧਿਆਪਕਾਂ ਦੀਆਂ ਬਦਲੀਆਂ ‘ਚ ਹੱਥ ਦਾ ਅਸ਼ੀਰਵਾਦ

ਅੱਜ ਸਿੱਖਿਆ ਵਿਭਾਗ ਵੱਲੋਂ ਜਾਰੀ ਬਦਲੀਆਂ ਦੀ ਸੂਚੀਆਂ ਤੋਂ ਬਾਅਦ ਅਧਿਆਪਕਾਂ ਦੇ ਵਿੱਚ ਆਪਸ ਇਹ ਵੀ ਚਰਚਾ ਚਲਦੀ ਰਹੀ ਕਿ ਇਸ ਵਾਰ ਹੱਥ ਦਾ ਖੂਬ ਅਸ਼ੀਰਵਾਦ ਰਿਹਾ, ਭਾਵ ਕਿ ਸੱਤਾਧਾਰੀ ਪਾਰਟੀ ਕਾਂਗਰਸ ਦੇ ਵੱਡੇ ਆਗੂਆਂ ਦੀਆਂ ਸਿਫਾਰਸਾਂ ਦੇ ਨਾਲ ਆਪਣੇ ਪਸੰਦੀਦਾ ਸਟੇਸ਼ਨ ਲੈਣ ‘ਚ ਕਾਮਯਾਬ ਹੋ ਗਏ। ਬਹੁਤੇ ਉਹਨਾਂ ਅਧਿਆਪਕਾਂ ਨੂੰ ਅੱਜ ਨਮੋਸ਼ੀ ਝੱਲਣੀ ਪਈ ਜਿਨਾਂ ਨੇ ਆਪਣੇ ਹਲਕੇ ਦੇ ਆਗੂਆਂ ਤੱਕ ਪਹੁੰਚ ਕਰਕੇ ਬਦਲੀ ਕਰਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਬਦਲੀ ਨਹੀਂ ਹੋਈ।

ਇਸ ਸਬੰਧੀ ਕਈ ਅਧਿਆਪਕਾਂ ਨੇ ਕਿਹਾ ਕਿ ਅੱਜ ਜਦੋਂ ਸੂਚੀ ਆਉਣ ਤੋਂ ਬਾਅਦ ਆਗੂਆਂ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਅਸੀਂ ਤਾਂ ਆਪਣੇ ਵੱਲੋਂ ਪੂਰਾ ਜੋਰ ਲਾਇਆ ਕਈ ਬਦਲੀਆਂ ਰਹਿ ਗਈਆਂ ਅਤੇ ਕਈ ਹੋ ਗਈਆਂ। ਆਪਣੇ ਘਰ ਪਰਿਵਾਰ ਛੱਡਕੇ ਬੱਚਿਆਂ ਤੋਂ ਦੂਰ ਰਹਿੰਦੇ ਹੋਏ ਇਕੱਲੇ ਰਹਿ ਕੇ ਨੌਕਰੀ ਕਰ ਰਹੀਆਂ ਕਈ ਮਹਿਲਾ ਅਧਿਆਪਕਾਂ ਦਾ ਬਦਲੀਆਂ ਦੀ ਸੂਚੀ ‘ਚ ਨਾਮ ਨਾ ਆਉਣ ਕਾਰਨ ਉਹਨਾਂ ਦੀਆਂ ਉਮੀਦਾਂ ਇਕ ਵਾਰ ਫਿਰ ਟੁੱਟ ਗਈਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।