ਪ੍ਰਿੰਸੀਪਲ ਤੋਂ ਵੱਧ ਮਾਲੀ ਦੀ ਮਿਹਨਤ ਨੇ ਸੁਧਾਰੇ ਨਤੀਜੇ

More Financially, Improved, Principal

ਸਵੇਰੇ ਘਰ-ਘਰ ਜਾ ਕੇ ਵਿਦਿਆਰਥੀਆਂ ਦਾ ਖੜਕਾਉਂਦੈ ਕੁੰਡਾ, ਕਈਆਂ ਨੂੰ ਖ਼ੁਦ ਲੈ ਕੇ ਪੁੱਜਦਾ ਐ ਸਕੂਲ

ਗੁਰਦੁਆਰਾ ਸਾਹਿਬ ਤੋਂ ਕਰਵਾਉਂਦਾ ਐ ਅਨਾਊਸਮੈਂਟ, ਰੋਜ਼ਾਨਾ 10 ਘੰਟੇ ਹੁੰਦੀ ਐ ਸਕੂਲ ‘ਚ ਪੜ੍ਹਾਈ

ਵਿਦਿਆਰਥੀਆਂ ਲਈ ਦੁਪਹਿਰ ਨੂੰ ਖਾਣਾ ਤੇ ਸ਼ਾਮ ਦੀ ਚਾਹ ਦਾ ਵੀ ਕਰਦਾ ਹੈ ਪ੍ਰਬੰਧ

ਅਸ਼ਵਨੀ ਚਾਵਲਾ, ਚੰਡੀਗੜ੍ਹ

ਸਰਕਾਰੀ ਸਕੂਲ ‘ਚ ਮਾਲੀ ਦਾ ਕੰਮ ਕਰਨ ਵਾਲੇ ਹਰਭਜਨ ਸਿੰਘ ਨੇ ਪਿੰ੍ਰਸੀਪਲ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਨਾ ਸਿਰਫ਼ ਸਕੂਲ ਦੀ ਦਿੱਖ ਨੂੰ ਨਿਖਾਰਿਆ, ਸਗੋਂ ਨਤੀਜਿਆਂ ‘ਚ ਵੀ ਵੱਡਾ ਸੁਧਾਰ ਲਿਆਉਣ ਦੀ ਭੂਮਿਕਾ ਨਿਭਾਈ ਵਿਦਿਆਰਥੀਆਂ ਨੂੰ ਘਰੋਂ ਸਾਈਕਲ ‘ਤੇ ਲਿਆਉਣ ਤੇ ਛੱਡਣ ਦਾ ਕੰਮ ਕਰਦਿਆਂ ਅਨਪੜ੍ਹ ਹੋਣ ਦੇ ਬਾਵਜ਼ੂਦ ਪੜ੍ਹਾਈ ਵਿੱਚ ਵੀ ਸਭ ਵੱਧ ਯੋਗਦਾਨ ਦਿੱਤਾ। ਹਰਭਜਨ ਸਿੰਘ ਦੀ ਇਸ ਮਿਹਨਤ ਨਾਲ ਸਕੂਲ ਦੇ ਵਿਦਿਆਰਥੀਆਂ

ਦੀ ਹਾਜ਼ਰੀ ਵੀ 100 ਫੀਸਦੀ ਹੋ ਗਈ ਅਤੇ ਪਿਛਲੀਆਂ ਪਰੀਖਿਆਵਾਂ ਵਿੱਚ ਨਤੀਜਾ ਵੀ ਕਾਫ਼ੀ ਜਿਆਦਾ ਚੰਗਾ ਆਇਆ ਹੈ। ਹਰਭਜਨ ਸਿੰਘ ਦੇ ਇਸ ਕੰਮ ਤੋਂ ਸਿੱਖਿਆ ਵਿਭਾਗ ਵੀ ਇੰਨਾ ਜਿਆਦਾ ਖੁਸ ਹੋਇਆ ਕਿ ਚੰਡੀਗੜ ਸੱਦ ਕੇ ਹਰਭਜਨ ਮਾਲੀ ਦਾ ਸ਼ਾਹੀ ਸਨਮਾਨ ਕਰਦੇ ਹੋਏ ਬਕਾਇਦਾ ਪ੍ਰਸੰਸਾ ਪੱਤਰ ਵੀ ਦਿੱਤਾ ਗਿਆ ਹੈ।

ਬੀਤੇ ਦਿਨੀਂ ਹਰਭਜਨ ਸਿੰਘ ਮਾਲੀ ਨੂੰ ਚੰਡੀਗੜ ਵਿਖੇ ਸਨਮਾਨਿਤ ਕਰਦੇ ਹੋਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਵਿਭਾਗੀ ਅਧਿਆਪਕ ਤਾਂ ਸਿੱਖਿਆ ਨੂੰ ਲੈ ਕੇ ਚਿੰਤਤ ਹੁੰਦੇ ਹਨ ਪਰ ਉਨਾਂ ਨੇ ਮਾਲੀ ਬਾਰੇ ਪਹਿਲੀ ਵਾਰ ਸੁਣਿਆ ਸੀ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਉਨਾਂ ਨੇ ਖ਼ੁਦ ਤਰਨਤਾਰਨ ਦੇ ਪਿੰਡ ਪੰਜ ਵੜ ਵਿਖੇ ਸਥਿਤ ਸਰਕਾਰੀ ਹਾਈ ਸਕੂਲ ਬਾਰੇ ਸਾਰੀ ਜਾਣਕਾਰੀ ਤੱਕ ਮੰਗਵਾਈ ਅਤੇ ਜਿਸ ਤੋਂ ਬਾਅਦ ਉਹ ਖ਼ੁਦ ਹੈਰਾਨ ਹੋ ਗਏ ਕਿ ਇੱਕ ਮਾਲੀ ਇੰਨੀ ਜਿਆਦਾ ਮਿਹਨਤ ਕਰ ਰਿਹਾ ਹੈ। ਜਿਸ ਕਾਰਨ ਹੀ ਉਸ ਨੂੰ ਸੱਦ ਕੇ ਚੰਡੀਗੜ ਵਿਖੇ ਸਨਮਾਨਿਤ ਕੀਤਾ ਗਿਆ ਹੈ।

ਪੰਜ ਵੜ ਦੇ ਇਸ ਸਰਕਾਰੀ ਸਕੂਲ ਦੀ ਪਿੰ੍ਰਸੀਪਲ ਜੀਤ ਕੌਰ ਨੇ ਦੱਸਿਆ ਕਿ ਪਿਛਲੇ ਸਾਲ ਹੀ ਉਨਾਂ ਦੀ ਇਸ ਸਕੂਲ ‘ਚ ਤੈਨਾਤੀ ਹੋਈ ਸੀ ਤਾਂ ਹਰਭਜਨ ਸਿੰਘ ਮਾਲੀ ਦਾ ਕੰਮ ਕਰਨ ਦੇ ਨਾਲ ਹੀ ਵਿਦਿਆਰਥੀਆਂ ਦੀ ਪੜਾਈ ਨੂੰ ਸਬੰਧਪੀ ਲਈ ਕਾਫ਼ੀ ਜਿਆਦਾ ਚਿੰਤਤ ਰਹਿੰਦਾ ਸੀ, ਜਿਸ ਕਾਰਨ ਉਸ ਨੇ ਪਿੰਡ ਵਾਲਿਆਂ ਨੂੰ ਬੇਨਤੀ ਕਰਕੇ ਸਕੂਲ ਦੀ ਬਿਲਡਿੰਗ ਵੀ ਚੰਗੀ ਬਣਵਾਈ ਹੋਈ ਸੀ ਅਤੇ ਇੱਕ ਐਨ.ਆਈ.ਆਰ. ਨਾਲ ਸੰਪਰਕ ਕਰਦੇ ਹੋਏ ਸਕੂਲ ਵਿੱਚ ਪਾਣੀ ਵਾਲੀ ਮੋਟਰ ਤੱਕ ਲਗਵਾਈ ਸੀ ਪਰ ਸਕੂਲ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਕਾਫ਼ੀ ਜਿਆਦਾ ਘਟ ਸੀ।

ਜਿਸ ਤੋਂ ਬਾਅਦ ਉਨਾਂ ਨੇ ਮਾਲੀ ਹਰਭਜਨ ਸਿੰਘ ਨਾਲ ਮਿਲ ਕੇ ਵਿਦਿਆਰਥੀਆਂ ਦੀ ਹਾਜ਼ਰੀ ਵਲ ਧਿਆਨ ਦਿੱਤਾ ਤਾਂ ਹਰਭਜਨ ਸਿੰਘ ਰੋਜ਼ਾਨਾ ਸਵੇਰੇ ਨਾ ਸਿਰਫ਼ ਗੁਰਦੁਆਰਾ ਤੋਂ ਅਨਾਉਸਮੈਂਟ ਕਰਵਾਉਣ ਲਗ ਪਏ ਸਗੋਂ ਖ਼ੁਦ ਹਰ ਵਿਦਿਆਰਥੀ ਦੇ ਘਰ ਜਾ ਕੇ ਉਨਾਂ ਨੂੰ ਲੈ ਕੇ ਵੀ ਆਉਣ ਲਗ ਪਏ। ਹਰਭਜਨ ਸਿੰਘ ਸਾਈਕਲ ਤੇ  ਵਿਦਿਆਰਥੀਆਂ ਨੂੰ ਖ਼ੁਦ ਘਰੋਂ ਲਿਆਉਂਦਾ  ਅਤੇ ਵਿਦਿਆਰਥੀਆਂ ਦੇ ਮਾਪਿਆ ਨੂੰ ਮਿਲ ਕੇ ਸਕੂਲ ਭੇਜਣ ਲਈ ਵੀ ਕਹਿੰਦਾ। ਜਿਸ ਕਾਰਨ ਸਕੂਲ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ 100 ਫੀਸਦੀ ਤੱਕ ਪੁੱਜ ਗਈ ਸੀ ਪਰ ਵਿਦਿਆਰਥੀ ਪੜਾਈ ਵਿੱਚ ਕਾਫ਼ੀ ਪਿੱਛੇ ਸਨ।

ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ 10-10 ਘੰਟੇ ਪੜਾਉਣਾ ਸ਼ੁਰੂ ਕੀਤਾ ਗਿਆ ਤਾਂ ਵਿਦਿਆਰਥੀਆਂ ਲਈ ਦੁਪਹਿਰ ਦੇ ਖ਼ਾਣੇ ਅਤੇ ਸ਼ਾਮ ਦੀ ਚਾਹ ਦਾ ਇੰਤਜ਼ਾਮ ਖ਼ੁਦ ਹਰਭਜਨ ਸਿੰਘ ਨੇ ਕੀਤਾ। ਹਰਭਜਨ ਸਿੰਘ ਗੁਰਦੁਆਰਾ ਸਾਹਿਬ ਤੋ ਲੰਗਰ ਲਿਆ ਕੇ ਖਿਲਾਉਂਦਾ ਸੀ ਤੇ ਬੱਚਿਆ ਨੂੰ ਪੜ੍ਹਨ ਲਈ ਕਹਿੰਦਾ ਸੀ ਜਿਸ ਤੋਂ ਬਾਅਦ ਹੁਣ ਜਦੋਂ ਨਤੀਜੇ ਆਏ ਤਾਂ ਹਰ ਕੋਈ ਹੈਰਾਨ ਸੀ ਕਿ ਤਰਨਤਾਰਨ ਜ਼ਿਲੇ ਵਿੱਚ ਇਸ ਸਕੂਲ ਨੇ ਕਾਫ਼ੀ ਜਿਆਦਾ ਚੰਗਾ ਪ੍ਰਦਰਸ਼ਨ ਕਰਦੇ ਹੋਏ 100 ਫੀਸਦੀ ਨਤੀਜਾ ਦਿੱਤਾ ਹੈ। ਜੀਤ ਕੌਰ ਨੇ ਦੱਸਿਆ ਕਿ ਹਰਭਜਨ ਸਿੰਘ ਦੀ ਲਗਨ ਅਤੇ ਮਿਹਨਤ ਕਾਬਲੇ ਤਾਰੀਫ਼ ਹੈ।

ਕੁਝ ਲੋਕ ਬਣ ਜਾਂਦੇ ਹਨ ਮਿਸਾਲ: ਕ੍ਰਿਸ਼ਨ ਕੁਮਾਰ

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਹਰਭਜਨ ਸਿੰਘ ਇੱਕ ਮਾਲੀ ਹੁੰਦੇ ਹੋਏ ਵੀ ਸਕੂਲ ਤੇ ਵਿਦਿਆਰਥੀਆਂ ਲਈ ਸਭ ਤੋਂ ਚੰਗਾ ਕੰਮ ਕਰ ਰਿਹਾ ਸੀ। ਹਰਭਜਨ ਸਿੰਘ ਨੇ ਘਰ ਘਰ ਜਾ ਕੇ ਨਾ ਸਿਰਫ਼ ਮਾਪਿਆ ਨੂੰ ਪ੍ਰੇਰਿਤ ਕੀਤਾ, ਸਗੋਂ ਵਿਦਿਆਰਥੀਆਂ ਨੂੰ ਵੀ ਭਵਿੱਖ ਸੁਧਾਰਨ ਲਈ ਸਕੂਲ ਆਉਣ ਲਈ ਕਿਹਾ। ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਕੁਝ ਲੋਕ ਹੁੰਦੇ ਹਨ ਜਿਹੜੇ ਕਿ ਦਿਲ ਨਾਲ ਕੰਮ ਕਰਦੇ ਹੋਏ ਹੋਰਨਾ ਲਈ ਮਿਸਾਲ ਬਣ ਜਾਂਦੇ ਹਨ ਤੇ ਹਰਭਜਨ ਸਿੰਘ ਵੀ ਕੁਝ ਇਸੇ ਤਰ੍ਹਾਂ ਦੀ ਮਿਸਾਲ ਬਣ ਰਹੇ ਹਨ।

ਛੋਟੇ ਜਿਹੇ ਮਾਲੀ ਦਾ ਹੋਇਆ ਸਨਮਾਨ ਤਾਂ ਨਹੀਂ ਰੁਕੇ ਹੰਝੂ : ਹਰਭਜਨ ਸਿੰਘ

ਹਰਭਜਨ ਸਿੰਘ ਨੇ ਕਿਹਾ ਕਿ ਉਸ ਨੇ ਇਹ ਸਾਰਾ ਕੁਝ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਕੀਤਾ ਸੀ ਨਾ ਕਿ ਕਿਸੇ ਸਨਮਾਨ ਲਈ। ਉਸ ਨੇ ਦੱਸਿਆ ਕਿ ਜਦੋਂ ਚੰਡੀਗੜ੍ਹ ਸੱਦ ਕੇ ਵੱਡੇ ਅਧਿਕਾਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਉਨਾਂ ਦਾ ਸਨਮਾਨ ਕੀਤਾ ਤਾਂ ਉਸ ਦਾ ਮਨ ਭਰ ਆਇਆ ਅਤੇ ਹੰਝੂ ਵੀ ਆ ਗਏ ਸਨ। ਉਸ ਨੇ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਸਕੂਲ ਲਈ ਕੰਮ ਕਰਦੇ ਰਹਿਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।