ਮੂਸੇਵਾਲਾ ਹੱਤਿਆਕਾਂਡ : ਤਰਨਤਾਰਨ ’ਚ ਗੈਂਗਸਟਰ ਤੂਫ਼ਾਨ ਦੇ ਫਾਰਮ ਹਾਊਸ ’ਚ ਲੁਕੇ ਰਹੇ ਭਗੌੜੇ ਸ਼ਾਰਪ ਸ਼ੂਟਰ
ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਪੰਜਾਬ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਕਤਲ ਤੋਂ ਬਾਅਦ ਵੀ ਪੰਜਾਬ ਵਿੱਚ ਘੁੰਮਦੇ ਰਹੇ। ਸੂਤਰਾਂ ਅਨੁਸਾਰ ਉਹ ਜੂਨ ਦੇ ਅੰਤ ਤੱਕ ਤਰਨਤਾਰਨ ਦੇ ਇੱਕ ਪਿੰਡ ਵਿੱਚ ਲੁਕੇ ਹੋਏ ਸਨ। ਰੂਪਾ ਇਸੇ ਇਲਾਕੇ ਦਾ ਵਸਨੀਕ ਹੈ। ਇੱਥੇ ਇੱਕ ਹੋਰ ਗੈਂਗਸਟਰ ਤੂਫ਼ਾਨ ਨੇ ਉਸਨੂੰ ਆਪਣੇ ਫਾਰਮ ਹਾਊਸ ਵਿੱਚ ਛੁਪਾ ਲਿਆ। ਉਨ੍ਹਾਂ ਨਾਲ ਗੈਂਗਸਟਰ ਰਈਆ ਵੀ ਮੌਜੂਦ ਸੀ।
ਇਸ ਦੇ ਨਾਲ ਹੀ ਪੰਜਾਬ ਪੁਲਿਸ ਹੁਣ ਗੈਂਗਸਟਰ ਲਾਰੈਂਸ ਦੀ ਆਵਾਜ਼ ਦੇ ਨਮੂਨੇ ਲੈ ਰਹੀ ਹੈ। ਉਸ ਦੀ ਆਵਾਜ਼ ਮੂਸੇਵਾਲਾ ਕਤਲ ਕਾਂਡ ਦੀ ਰਚੀ ਗਈ ਸਾਜ਼ਿਸ਼ ਦੀ ਆਵਾਜ਼ ਨਾਲ ਮਿਲਾਈ ਜਾਵੇਗੀ। ਇਸ ਤੋਂ ਇਲਾਵਾ ਫ਼ਿਰੌਤੀ ਦੇ ਮਾਮਲਿਆਂ ਵਿੱਚ ਵੀ ਉਸ ਦੀ ਆਵਾਜ਼ ਦੀ ਜਾਂਚ ਕੀਤੀ ਜਾਵੇਗੀ।
ਦੋਵੇਂ ਸ਼ਾਰਪਸ਼ੂਟਰਾਂ ਨੂੰ 21 ਜੂਨ ਨੂੰ ਮੋਗਾ ’ਚ ਦੇਖਿਆ ਗਿਆ ਸੀ
ਸ਼ਾਰਪਸ਼ੂਟਰ ਮੰਨੂ ਅਤੇ ਰੂਪਾ ਨੂੰ ਮੋਗਾ ਦੇ ਸਮਾਲਸਰ ਵਿਖੇ 21 ਜੂਨ ਨੂੰ ਦੇਖਿਆ ਗਿਆ ਸੀ। ਇੱਥੇ ਇਹ ਦੋਵੇਂ ਚੋਰੀ ਦੇ ਬਾਈਕ ’ਤੇ ਜਾਂਦੇ ਹੋਏ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਏ। ਇਹ ਫੁਟੇਜ 21 ਜੂਨ ਨੂੰ ਸਵੇਰੇ 6 ਵਜੇ ਦੇ ਕਰੀਬ ਲਈ ਗਈ ਸੀ। ਮੂਸੇਵਾਲਾ ਦੀ 29 ਮਈ ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਸ ਦੇ ਬਾਵਜੂਦ ਪੰਜਾਬ ਪੁਲਿਸ ਉਨ੍ਹਾਂ ਨੂੰ ਫੜ ਨਹੀਂ ਸਕੀ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਦੋਵੇਂ ਸ਼ਾਰਪ ਸ਼ੂਟਰ ਹਾਲੇ ਵੀ ਪੰਜਾਬ ਵਿੱਚ ਕਿਤੇ ਛੁਪੇ ਹੋ ਸਕਦੇ ਹਨ ਪਰ ਅਜੇ ਤੱਕ ਪੰਜਾਬ ਪੁਲਿਸ ਉਨ੍ਹਾਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ