ਰਾਹਤ ਦੀ ਖ਼ਬਰ: 1 ਅਪ੍ਰੈਲ ਤੋਂ ਹੁਣ ਤਕ 561 ਕੋਵਿਡ ਮਰੀਜ਼ ਠੀਕ ਹੋਏ : ਸਿਵਲ ਸਰਜਨ

Corona

ਬਿਮਾਰੀ ਦੇ ਮੁਕੰਮਲ ਖ਼ਾਤਮੇ ਲਈ ਲੋਕਾਂ ਕੋਲੋਂ ਸਹਿਯੋਗ ਮੰਗਿਆ

ਮੋਹਾਲੀ (ਐੱਮ ਕੇ ਸ਼ਾਇਨਾ)। ਜ਼ਿਲ੍ਹਾ ਮੁਹਾਲੀ ਵਿੱਚ ਜਿੱਥੇ ਲਗਾਤਾਰ ਕੋਵਿਡ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਉਥੇ ਹੀ ਇਕ ਰਾਹਤ ਦੀ ਖ਼ਬਰ ਵੀ ਆਈ ਹੈ। ਜ਼ਿਲ੍ਹਾ ਸਿਹਤ ਵਿਭਾਗ ਵਲੋਂ ਕੋਵਿਡ ਦੀ ਰੋਕਥਾਮ ਲਈ ਵੱਡੇ ਪੱਧਰ ’ਤੇ ਯਤਨ ਜਾਰੀ ਹਨ। ਜਿੱਥੇ ਕੋਵਿਡ ਟੈਸਟਿੰਗ ਤੇਜ਼ ਕਰ ਦਿਤੀ ਗਈ ਹੈ, ਉਥੇ ਵਧੀਆ ਨਿਗਰਾਨੀ ਅਤੇ ਇਲਾਜ ਪ੍ਰਬੰਧਾਂ ਸਦਕਾ ਕੋਵਿਡ ਮਰੀਜ਼ ਜਲਦੀ ਸਿਹਤਯਾਬ ਹੋ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰੁਪਿੰਦਰ ਕੌਰ ਗਿੱਲ ਨੇ ਬੀਤੀ 1 ਅਪ੍ਰੈਲ ਤੋਂ ਹੁਣ ਤਕ ਦਾ ਡੇਟਾ ਸਾਂਝਾ ਕੀਤਾ। (Corona News Update)

ਜ਼ਿਲ੍ਹੇ ਵਿਚ ਕੋਵਿਡ ਦੇ 989 ਕੇਸ ਸਾਹਮਣੇ ਆਏ

ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਜ਼ਿਲ੍ਹੇ ਵਿਚ ਕੋਵਿਡ ਦੇ 989 ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 561 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਬਾਕੀ ਇਕਾਂਤਵਾਸ ਵਿਚ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਕਾਂਤਵਾਸ ਵਾਲੇ ਮਰੀਜ਼ਾਂ ਦੇ ਵੀ ਛੇਤੀ ਹੀ ਠੀਕ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕੋਵਿਡ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਕਾਫ਼ੀ ਹੈ। ਸਿਵਲ ਸਰਜਨ ਨੇ ਦਸਿਆ ਕਿ ਸਿਹਤ ਵਿਭਾਗ ਵਲੋਂ ਕੋਵਿਡ ਟੈਸਟਿੰਗ ਦਾ ਕੰਮ ਪਹਿਲਾਂ ਹੀ ਤੇਜ਼ ਕਰ ਦਿਤਾ ਗਿਆ ਹੈ। ਇਸ ਸਮੇਂ ਦੌਰਾਨ 7840 ਕੋਵਿਡ ਟੈਸਟ ਕੀਤੇ ਗਏ। ਇਸ ਸਮੇਂ ਦੌਰਾਨ 1 ਮਰੀਜ਼ ਦੀ ਮੌਤ ਵੀ ਹੋਈ ਹੈ।

ਕੋਵਿਡ ਤੋਂ ਬਚਾਅ ਲਈ ਮਾਸਕ ਪਾਇਆ ਜਾਵੇ

ਡਾ. ਗਿੱਲ ਨੇ ਆਖਿਆ ਕਿ ਇਸ ਬਿਮਾਰੀ ਦਾ ਫੈਲਾਅ ਰੋਕਣ ਲਈ ਲੋਕਾਂ ਦਾ ਸਹਿਯੋਗ ਅਤਿਅੰਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਮੁੜ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਮਾਸਕ ਪਾਇਆ ਜਾਵੇ ਅਤੇ ਵਾਰ-ਵਾਰ ਹੱਥ ਧੋਣ ਜਿਹੀਆਂ ਜ਼ਰੂਰੀ ਸਾਵਧਾਨੀਆਂ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਾੜੀ-ਮੋਟੀ ਤਕਲੀਫ਼ ਹੋਣ ’ਤੇ ਹਸਪਤਾਲ ਨਾ ਜਾਇਆ ਜਾਵੇ। ਇਸ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਬੀਮਾਰੀ ’ਤੇ ਹਮੇਸ਼ਾ ਲਈ ਕਾਬੂ ਪਾਇਆ ਜਾ ਸਕਦਾ ਹੈ, ਇਸ ਲਈ ਲੋਕਾਂ ਨੂੰ ਤਮਾਮ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਮੌਕੇ ਕੋਵਿਡ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here