Drug Free Punjab: (ਵਿੱਕੀ ਕੁਮਾਰ) ਮੋਗਾ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਮੋਗਾ ਪੁਲਿਸ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਗ਼ਲਤ ਅਨਸਰਾਂ ਨੂੰ ਫੜ ਕੇ ਨਸ਼ਿਆਂ ਨੂੰ ਖਤਮ ਕੀਤਾ ਜਾ ਸਕੇ। ਇਸੇ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਮੋਗਾ ਅਜੇ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੁਰਸ਼ਰਨਜੀਤ ਸਿੰਘ, ਐੱਸਪੀ (ਸਥਾਨਕ) ਮੋਗਾ ਅਤੇ ਰਵਿੰਦਰ ਸਿੰਘ ਡੀਐੱਸਪੀ ਸਿਟੀ ਮੋਗਾ ਦੀ ਸੁਪਰਵਿਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਥਾਣਾ ਸਦਰ ਮੋਗਾ ਨੂੰ ਮੁਖਬਰ ਵੱਲੋਂ ਇਤਲਾਹ ਮਿਲੀ ਕਿ ਪਿੰਡ ਖੋਸਾ ਪਾਂਡੋ ਵਿਖੇ ਪਾਰਸ ਫੈਕਟਰੀ ਦੇ ਨਾਲ ਮੇਨ ਰੋਡ ਤੋਂ ਕਰੀਬ ਸੱਜੇ ਹੱਥ ਵਾਲੀ ਸਾਈਡ ’ਤੇ ਗਲੀ ਦੇ ਅੰਦਰ ਜਾ ਕੇ ਇੱਕ ਘਰ ਮੌਜ਼ੂਦ ਹੈ, ਜਿਸ ਨੂੰ ਨਸ਼ਾ ਛੁਡਾਊ ਕੇਂਦਰ ਦੇ ਤੌਰ ’ਤੇ ਵਰਤਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab Police: ਪੁਲਿਸ ਤੇ ਅਗਵਾਕਾਰਾਂ ਦਰਮਿਆਨ ਮੁਕਾਬਲਾ, 24 ਘੰਟਿਆਂ ਦੇ ਅੰਦਰ ਬੱਚਾ ਸੁਰੱਖਿਅਤ ਛੁਡਵਾਇਆ
ਇਸ ਸੈਂਟਰ ਦਾ ਮਾਲਕ ਜਤਿੰਦਰ ਸਿੰਘ ਪੁੱਤਰ ਨਾ ਮਲੂਮ ਵਾਸੀ ਮੋਗਾ ਵੱਲੋਂ ਨਸ਼ੇ ਤੋਂ ਪੀੜਿਤ ਵਿਅਕਤੀਆਂ ਦੇ ਵਾਰਸਾਂ ਨੂੰ ਨਸ਼ਾ ਛੁਡਾਉਣ ਦਾ ਲਾਲਚ ਦੇ ਕੇ ਧੋਖਾਧੜੀ ਨਾਲ ਪੈਸਿਆਂ ਦੀ ਠੱਗੀ ਮਾਰਦਾ ਹੈ ਅਤੇ ਕੁਝ ਨੌਜਵਾਨਾਂ ਨੂੰ ਬੰਧਕ ਬਣਾ ਕੇ ਵੀ ਰੱਖਿਆ ਹੋਇਆ ਹੈ ਅਤੇ ਜਿਸ ਪਾਸ ਨਸ਼ਾ ਛੁਡਾਊ ਕੇਂਦਰ ਸ਼ੁਰੂ ਕਰਨ ਸਬੰਧੀ ਕੋਈ ਵੀ ਲਾਇਸੰਸ ਨਹੀਂ ਹੈ, ਜੋ ਕਿ ਫ਼ਰਜ਼ੀ ਖੋਲ੍ਹਿਆ ਹੋਇਆ ਹੈ।
ਇਸ ਉਪਰ ਮੋਗਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨਸ਼ਾ ਛੁਡਾਊ ਕੇਂਦਰ ਖੋਸਾ ਪਾਂਡੋ, ਜੋ ਘਰ ਵਿਚ ਬਣਾਇਆ ਹੋਇਆ ਸੀ, ਉੱਪਰ ਰੇਡ ਕੀਤੀ ਜਿੱਥੇ ਕੁੱਲ 26 ਨੌਜਵਾਨ ਮਿਲੇ। ਜਿਨ੍ਹਾਂ ਵਿੱਚੋਂ 20 ਨੌਜਵਾਨਾਂ ਨੂੰ ਬਾਅਦ ਤਫਤੀਸ਼ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਅਤੇ 5 ਨੌਜਵਾਨਾਂ ਨੂੰ ਮੈਡੀਕਲ ਨਸ਼ਾ ਛੁਡਾਊ ਕੇਂਦਰ ਜਨੇਰ ਵਿਖੇ ਦਾਖਲ ਕਰਵਾਇਆ ਗਿਆ। ਇੱਕ ਨੌਜਵਾਨ, ਜਿਸ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਉਸ ਨੂੰ ਬਿਰਧ ਆਸ਼ਰਮ ਰੌਲੀ ਵਿਖੇ ਦਾਖਲ ਕਰਵਾਇਆ ਗਿਆ। ਇਸ ਕੇਸ ਦੇ ਮੁਲਜ਼ਮ ਜਤਿੰਦਰ ਸਿੰਘ ਪੁੱਤਰ ਨਾਮਲੂਮ ਵਾਸੀ ਮੋਗਾ ਖਿਲਾਫ਼ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ । Drug Free Punjab