ਨਾਗਰਿਕਤਾ ਕਾਨੂੰਨ ਖ਼ਿਲਾਫ਼ ਵਿਰੋਧ ਨੂੰ ਕੁਚਲਣ ਲਈ ਮੋਦੀ ਹਕੂਮਤ ਵਿੱਢ ਰਹੀ ਐ ਜਾਬਰ ਹੱਲੇ

Modi, Government , Citizenship law

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ

ਸੱਚ ਕਹੂੰ ਨਿਊਜ਼/ਚੰਡੀਗੜ੍ਹ। ਪੂਰੇ ਦੇਸ਼ ਨੂੰ ਫਿਰਕੂ ਅੱਗ ਦੀ ਭੱਠੀ ‘ਚ ਝੋਕਣ ਵੱਲ ਸੇਧਤ ਨਾਗਰਿਕਤਾ (ਸੋਧ) ਕਾਨੂੰਨ ਵਿਰੁੱਧ ਦੇਸ਼ ਦੇ ਕੋਨੇ-ਕੋਨੇ ‘ਚ ਹੋ ਰਹੇ ਹੱਕੀ ਤੇ ਸ਼ਾਂਤਮਈ ਵਿਆਪਕ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਮੋਦੀ(Modi) ਹਕੂਮਤ ਵੱਲੋਂ ਵਿੱਢੇ ਗਏ ਜਾਬਰ ਹੱਲੇ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ ਤੇ ਇਹ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ।ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਖੁਲਾਸਾ ਕਰਦੇ ਸਾਂਝੇ ਲਿਖਤੀ ਬਿਆਨ ਵਿੱਚ ਦੋਸ਼ ਲਾਇਆ ਗਿਆ ਹੈ।

ਥਾਂ-ਥਾਂ ਪੁਲਿਸ ਲਾਠੀਚਾਰਜ ਤੇ ਫਾਇਰਿੰਗ ਰਾਹੀਂ 30 ਤੋਂ ਵਧੇਰੇ ਨਿਹੱਥੇ ਪ੍ਰਦਰਸ਼ਨਕਾਰੀਆਂ ਨੂੰ ਮੌਤ ਦੇ ਘਾਟ ਉਤਾਰਨ ਤੇ ਸੈਂਕੜਿਆਂ ਦੀ ਤਾਦਾਦ ‘ਚ ਗੰਭੀਰ ਜ਼ਖਮੀ ਕਰਨ ਤੋਂ ਇਲਾਵਾ ਹਜ਼ਾਰਾਂ ਬੇਦੋਸ਼ੇ ਲੋਕਾਂ ‘ਤੇ ਝੂਠੇ ਕੇਸ ਮੜ ਕੇ ਜੇਲ੍ਹ ਡੱਕਿਆ ਗਿਆ ਹੈ। ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਲੇਖਿਕਾ ਅਰੁੰਧਤੀ ਰਾਏ ਸਮੇਤ ਅਨੇਕਾਂ ਨਾਮਵਰ ਬੁੱਧੀਜੀਵੀਆਂ ਖਿਲਾਫ਼ ਝੂਠੀਆਂ ਸ਼ਿਕਾਇਤਾਂ ਤੇ ਮੁਕੱਦਮੇ ਦਰਜ਼ ਕਰਨ ਵਰਗੇ ਸਾਰੇ ਜਾਬਰ ਹੱਲਿਆਂ ਨੂੰ ਇਸ ਮੁੱਦੇ ‘ਤੇ ਹੋਈ ਮੋਦੀ ਹਕੂਮਤ ਦੀ ਜਨਤਕ ਸਿਆਸੀ ਹਾਰ ਦਾ ਬੁਖਲਾਹਟ ਭਰਿਆ ਪ੍ਰਤੀਕਰਮ ਕਰਾਰ ਦਿੱਤਾ ਗਿਆ ਹੈ।ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਬੁੱਧੀਜੀਵੀਆਂ ਸਣੇ ਪ੍ਰਦਰਸ਼ਕਾਰੀਆਂ ਵਿਰੁੱਧ ਦਰਜ ਸਾਰੇ ਝੂਠੇ ਕੇਸ ਰੱਦ ਕੀਤੇ ਜਾਣ ਤੇ ਸਾਰੇ ਨਜ਼ਰਬੰਦ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ। ਹਿੰਸਾ, ਭੰਨਤੋੜ ਤੇ ਜਾਨੋਂ ਮਾਰਨ ਦੇ ਅਸਲ ਦੋਸ਼ੀ ਪੁਲਿਸ ਅਫਸਰਾਂ ਨੂੰ ਕਤਲਾਂ ਤੇ ਭੰਨਤੋੜ ਦੇ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।