ਅਜੋਕੀ ਸਿੱਖਿਆ ਅਤੇ ਅਧਿਆਪਕ-ਵਿਦਿਆਰਥੀ ਦਾ ਰਿਸ਼ਤਾ

ਅਜੋਕੀ ਸਿੱਖਿਆ ਅਤੇ ਅਧਿਆਪਕ-ਵਿਦਿਆਰਥੀ ਦਾ ਰਿਸ਼ਤਾ

ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਕਿਸੇ ਵੇਲੇ ਗੁਰੂ-ਚੇਲੇ ਵਾਲਾ ਹੁੰਦਾ ਸੀ ਪਰ ਅੱਜ ਤਾਂ ਇਹ ਰਿਸ਼ਤਾ ਇੰਨਾ ਧੁੰਦਲਾ ਪੈ ਗਿਆ ਹੈ ਕਿ ਹੁਣ ਯਕੀਨ ਹੀ ਨਹੀਂ ਹੁੰਦਾ ਕਿ ਕਦੇ ਇਸ ਤਰ੍ਹਾਂ ਦਾ ਰਿਸ਼ਤਾ ਵੀ ਹੋਇਆ ਕਰਦਾ ਸੀ, ਕਿਉਂਕਿ ਅੱਜ-ਕੱਲ੍ਹ ਦੀ ਜ਼ਿਆਦਾਤਰ ਨੌਜਵਾਨ ਪੀੜ੍ਹੀ ਦੇ ਵਿਦਿਆਰਥੀ ਅਧਿਆਪਕ ਨੂੰ ਦੁਕਾਨਦਾਰ ਤੇ ਆਪਣੇ-ਆਪ ਨੂੰ ਗ੍ਰਾਹਕ ਸਮਝਦੇ ਹਨ। ਉਹ ਸੋਚਦੇ ਹਨ ਕਿ ਉਹ ਫੀਸ ਦੇ ਕੇ ਵਿੱਦਿਆ ਖਰੀਦ ਰਹੇ ਹਨ, ਦੂਸਰੇ ਪਾਸੇ ਸਾਡੇ ਬਹੁਤ ਸਾਰੇ ਅਧਿਆਪਕ ਵੀ ਵਿਦਿਆਰਥੀਆਂ ਨੂੰ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਪੜ੍ਹਾਉਣ ਦੀ ਬਜਾਏ ਉਨ੍ਹਾਂ ਨੂੰ ਇਮਤਿਹਾਨਾਂ ਵਿੱਚੋਂ ਪਾਸ ਕਰਵਾਉਣ ਤੱਕ ਸੀਮਤ ਰਹਿੰਦੇ ਹਨ।

ਨਤੀਜੇ ਵਜੋਂ ਅਧਿਆਪਕ ਅਤੇ ਵਿਦਿਆਰਥੀ ਵਿੱਚ ਪਾੜਾ ਵਧਦਾ ਜਾ ਰਿਹਾ ਹੈ ਅਤੇ ਸਿੱਖਿਆ ਦਾ ਮਿਆਰ ਵੀ ਦਿਨੋ-ਦਿਨ ਡਿੱਗਦਾ ਜਾ ਰਿਹਾ ਹੈ। ਮੈਂ ਮੰਨਦਾ ਹਾਂ ਕਿ ਸਿੱਖਿਆ ਦੇ ਡਿੱਗ ਰਹੇ ਮਿਆਰ ਲਈ ਅਧਿਆਪਕ ਅਤੇ ਵਿਦਿਆਰਥੀ ਵਰਗ ਤੋਂ ਇਲਾਵਾ ਸਾਡੇ ਹੋਰ ਵਰਗ ਵੀ ਹਨ ਜਿਵੇਂ ਮਾਪੇ ਅਤੇ ਸਰਕਾਰ ਵੀ ਜ਼ਿੰਮੇਵਾਰ ਹਨ, ਪਰ ਜਿੱਥੋਂ ਤੱਕ ਅਧਿਆਪਕ ਵਰਗ ਦਾ ਸੁਆਲ ਹੈ, ਉਸ ਦੀ ਜ਼ਿੰਮੇਵਾਰੀ ਦੂਜੇ ਸਾਰੇ ਵਰਗਾਂ ਨਾਲੋਂ ਜ਼ਿਆਦਾ ਸਮਝੀ ਜਾਂਦੀ ਹੈ, ਕਿਉਂਕਿ ਅਧਿਆਪਕ ਹੀ ਸਾਡੀ ਵਿੱਦਿਅਕ ਪ੍ਰਣਾਲੀ ਦਾ ਇੱਕ ਅਜਿਹਾ ਧੁਰਾ ਹੈ ਜਿਸ ਦੇ ਦੁਆਲੇ ਸਾਰਾ ਵਿੱਦਿਅਕ ਢਾਂਚਾ ਘੁੰਮਦਾ ਹੈ।

ਸਿੱਖਿਆ ਦੀ ਕੁਠਾਲੀ ਵਿੱਚ ਪੈ ਕੇ, ਕੁੰਦਨ ਬਣ ਕੇ ਨਿੱਕਲਿਆ ਅਧਿਆਪਕ ਹੀ ਪੜ੍ਹਾਈ ਦੇ ਖੇਤਰ ਵਿੱਚ ਢੁੱਕਵੀਂ ਭੂਮਿਕਾ ਨਿਭਾ ਸਕਦਾ ਹੈ। ਅਧਿਆਪਕ ਦਾ ਪੜ੍ਹਾਈ ਵਿੱਚ ਵਿਸ਼ਵਾਸ ਹੋਵੇ ਤੇ ਵਿਦਿਆਰਥੀਆਂ ਦਾ ਵੀ ਇਸ ਵਿੱਚ ਵਿਸ਼ਵਾਸ ਪੈਦਾ ਕਰੇ। ਵਿਦਿਆਰਥੀਆਂ ਦਾ ਆਪਣੇ ਅਧਿਆਪਕ ਵਿੱਚ ਰੱਬ ਵਰਗਾ ਪੱਕਾ ਵਿਸ਼ਵਾਸ ਹੋਵੇ, ਇਸ ਤਪੱਸਿਆ ਲਈ ਉਸ ਦੀ ਕਹਿਣੀ ਤੇ ਕਰਨੀ ਵਿਚ ਕੋਈ ਫਰਕ ਨਾ ਹੋਵੇ।

ਅਧਿਆਪਕ ਵਿਦਿਆਰਥੀਆਂ ਨੂੰ ਸਿਰਫ਼ ਪ੍ਰੀਖਿਆ ਪਾਸ ਕਰਵਾਉਣ ਲਈ ਹੀ ਨਾ ਪੜ੍ਹਾਵੇ, ਸਗੋਂ ਉਹ ਵਿੱਦਿਆ ਦੇ ਫਲਸਫੇ ਨੂੰ ਵੀ ਸਮਝੇ ਤੇ ਵਿਦਿਆਰਥੀਆਂ ਦੀ ਜਗਿਆਸਾ ਪ੍ਰਵਿਰਤੀ ਨੂੰ ਸੰਤੁਸ਼ਟ ਕਰਨ ਦੇ ਨਾਲ-ਨਾਲ ਵਰਤਮਾਨ ਵਿੱਚ ਬਦਲ ਰਹੀਆਂ ਪ੍ਰਸਥਿਤੀਆਂ ਤੇ ਜੀਵਨ ਤੇ ਜੀਵਨ ਨੂੰ ਸਮਝਣ ਲਈ ਤਿਆਰ ਕਰੇ, ਸਿਰਫ਼ ਤੱਥਾਂ ਦੀ ਸਿੱਖਿਆ ਹੀ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਨਹੀਂ ਬਣਾ ਸਕਦੀ, ਸਭ ਤੋਂ ਵੱਡੀ ਸਿੱਖਿਆ ਮਨੁੱਖ ਨੂੰ ਆਪਣੇ-ਆਪ ਨੂੰ ਸਮਝਣ ਤੇ ਦੂਜਿਆਂ ਨੂੰ ਸਮਝਣ ਦੇ ਯੋਗ ਬਣਾਉਂਦੀ ਹੈ।

ਅਧਿਆਪਕ ਬੱਚਿਆਂ ਨੂੰ ਸਿਰਫ਼ ਰੁਪਏ-ਪੈਸੇ ਬਣਾਉਣ ਵਾਲੀ ਮਸ਼ੀਨ ਹੀ ਨਾ ਬਣਾਵੇ ਸਗੋਂ ਉਨ੍ਹਾਂ ਵਿੱਚ ਨੈਤਿਕ, ਸਦਾਚਾਰਕ ਤੇ ਸਮਾਜਿਕ ਮੁੱਲਾਂ ਦਾ ਵੀ ਸੰਚਾਰ ਕਰੇ। ਇਹ ਤਾਹੀਓਂ ਹੋ ਸਕਦਾ ਹੈ, ਜੇਕਰ ਅਧਿਆਪਕ ਆਪਣੇ ਅਧਿਆਪਕ ਵਾਲੇ ਮੁੱਢਲੇ ਫਰਜ ਨੂੰ ਸਮਝੇ ਤੇ ਫ਼ਰਜ਼ਾਂ ਨੂੰ ਨਿਭਾਉਣ ਦਾ ਨਿਸ਼ਚਾ ਕਰੇ। ਮੈਂ ਵਿਦਵਾਨਾਂ ਦੇ ਵਿਚਾਰਾਂ ਨਾਲ ਸੌ ਪ੍ਰਤੀਸ਼ਤ ਸਹਿਮਤ ਹਾਂ ਜੋ ਲਿਖਦੇ ਹਨ ਕਿ ਚੰਗੇ ਅਧਿਆਪਕ ਦੀ ਅਣਹੋਂਦ ਵਿੱਚ ਸਭ ਤੋਂ ਵਧੀਆ ਸਿੱਖਿਆ ਪ੍ਰਬੰਧ ਵੀ ਅਸਫ਼ਲ ਹੋ ਜਾਂਦਾ ਹੈ,

ਜਦੋਂ ਕਿ ਚੰਗੇ ਅਧਿਆਪਕ ਦੀ ਹੋਂਦ ਨਾਲ ਮਾੜੇ ਤੋਂ ਮਾੜੇ ਸਿੱਖਿਆ ਪ੍ਰਬੰਧ ਦੇ ਨੁਕਸ ਵੀ ਢੱਕੇ ਜਾਂਦੇ ਹਨ ਇਸ ਲਈ ਅਧਿਆਪਕ ਲਈ ਜਰੂਰੀ ਹੋ ਜਾਂਦਾ ਹੈ ਕਿ ਉਹ ਆਪਣੇ ਵਿਸ਼ੇ ਵਿੱਚ ਰੁਚੀ ਰੱਖਣ ਦੇ ਨਾਲ-ਨਾਲ ਜਿਨ੍ਹਾਂ ਨੂੰ ਉਸ ਨੇ ਪੜ੍ਹਾਉਣਾ ਹੈੈ ਬੱਚਿਆਂ ਨੂੰ ਜਾਣਨ ਤੇ ਸਮਝਣ ਲਈ ਮਨੋਵਿਗਿਆਨ ਦੇ ਗਿਆਨ ਦੀ ਵਰਤੋਂ ਕਰਨੀ ਬਹੁਤ ਜਰੂਰੀ ਹੈ। ਮਨੋਵਿਗਿਆਨ ਦੇ ਗਿਆਨ ਦੀ ਵਰਤੋਂ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਹਾਂ ਕਿਉਂਕਿ ਸਾਡੇ ਅਧਿਆਪਕ ਈ.ਟੀ.ਟੀ. ਜਾਂ ਬੀ ਐੱਡ ਆਦਿ ਕਰਕੇ ਹੀ ਨੌਕਰੀ ਵਿਚ ਆਉਂਦੇ ਹਨ ਅਤੇ ਸਾਰੇ ਅਧਿਆਪਕਾਂ ਨੇ ਆਪਣੀ ਟ੍ਰੇਨਿੰਗ ਦੌਰਾਨ ਮਨੋਵਿਗਿਆਨ ਪੜਿ੍ਹਆ ਹੁੰਦਾ ਹੈ। ਇਸ ਗਿਆਨ ਰਾਹੀਂ ਅਧਿਆਪਕ ਨੂੰ ਬੱਚਿਆਂ ਦੀਆਂ ਰੁਚੀਆਂ, ਪ੍ਰਵਿਰਤੀਆਂ, ਯੋਗਤਾਵਾਂ ਤੇ ਕੰਮ ਕਰਨ ਦੀ ਸਮਰੱਥਾ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ।

ਸਿੱਖਿਆ ਦਾ ਉਦੇਸ਼ ਬੱਚਿਆਂ ਨੂੰ ਕੇਵਲ ਕਿਤਾਬੀ ਕੀੜਾ ਬਣਾਉਣਾ ਹੀ ਨਹੀਂ ਸਗੋਂ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਕੇ, ਉਨ੍ਹਾਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਾਉਣਾ ਵੀ ਹੈ, ਇਸ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਆਪਣੀ ਕਲਾਸ ਜਾਂ ਸਕੂਲ ਦੇ ਵਿਦਿਆਰਥੀਆਂ ਵਿਚ ਵੇਖੇ ਕਿ ਕਿਹੜਾ ਬੱਚਾ ਕਿਹੜੀ ਰੁਚੀ ਰੱਖਦਾ ਹੈ, ਜਿਵੇਂ ਖੇਡਾਂ, ਭਾਸ਼ਣ, ਵਿਚਾਰ-ਵਟਾਂਦਰਾ, ਪੇਂਟਿੰਗ, ਸੁੰਦਰ ਲਿਖਤ, ਮੌਲਿਕ ਲਿਖਤ, ਸਵਾਲ-ਜਵਾਬ, ਕਵਿਤਾ ਉਚਾਰਣ, ਗੀਤ-ਸੰਗੀਤ ਜਾਂ ਹੋਰ ਸਾਹਿਤਕ ਤੇ ਸੱਭਿਆਚਾਰਕ ਰੁਚੀਆਂ ਵੱਲ ਪ੍ਰੇਰਿਤ ਕਰ ਕੇ ਅੱਗੇ ਵਧਣ ਲਈ, ਅਧਿਆਪਕ ਉਨ੍ਹਾਂ ਦੇ ਮਾਪਿਆਂ ਦਾ ਵੀ ਸਹਿਯੋਗ ਲਵੇ।

ਇੱਥੇ ਅਧਿਆਪਕ ਲਈ ਇੱਕ ਹੋਰ ਵੱਡੀ ਜ਼ਿੰਮੇਵਾਰੀ ਅਤੇ ਫ਼ਰਜ਼ ਬਣਦਾ ਹੈ ਕਿ ਉਹ ਬੱਚਿਆਂ ਲਈ ਇਕ ਰੋਲ ਮਾਡਲ ਬਣੇ, ਉਹ ਮਾਂ-ਬਾਪ, ਭੈਣ-ਭਰਾ ਅਤੇ ਦੋਸਤ, ਸਹੇਲੀ ਵਾਂਗ ਬੱਚਿਆਂ ਦਾ ਹਮਰਾਜ਼ ਅਤੇ ਹਿਤੈਸ਼ੀ ਬਣ ਕੇ ਆਪਣੇ ਪਿਆਰ ਰਾਹੀਂ ਬੱਚਿਆਂ ਦੇ ਮਨਾਂ ਨੂੰ ਜਿੱਤੇ, ਤਾਹੀਓਂ ਅਜੋਕੇ ਯੁੱਗ ਵਿੱਚ ਅਧਿਆਪਕ ਦੀ ਭੂਮਿਕਾ ਇਕ ਅਹਿਮ ਭੂਮਿਕਾ ਹੋ ਸਕਦੀ ਹੈ।
ਪਿੰਡ: ਸਿਵੀਆਂ, ਬਠਿੰਡਾ
ਮੋ. 80547-57806
ਹਰਮੀਤ ਸਿਵੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ