ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਨਸ਼ੇ ਦੇ ਤਸਕਰਾਂ...

    ਨਸ਼ੇ ਦੇ ਤਸਕਰਾਂ ਵਿਰੁੱਧ ਲੋਕਾਂ ਦੀ ਲਾਮਬੰਦੀ

    Drug

    ਪੰਜਾਬ ਇਸ ਸਮੇਂ ਬਹੁਪੱਖੀ ਅਤੇ ਬਹੁਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਕਿਸਾਨੀ ਸੰਕਟ, ਬੇਰੁਜ਼ਗਾਰੀ, ਪ੍ਰਵਾਸ, ਰਿਸ਼ਵਤਖੋਰੀ, ਮਹਿੰਗਾਈ ਦੇ ਨਾਲ-ਨਾਲ ਨਸ਼ਿਆਂ ਨੇ ਪੰਜਾਬੀਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਓਂ ਪਤਲੀ ਕਰ ਦਿੱਤੀ ਹੈ। 2 ਅਗਸਤ 2023 ਨੂੰ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਨੇ ਪੰਜਾਬ ਵਿੱਚ ਨਸ਼ਿਆਂ ਦੇ ਪ੍ਰਕੋਪ ਸਬੰਧੀ ਜੋ ਰਿਪੋਰਟ ਪੇਸ਼ ਕੀਤੀ, ਉਸ ਨੇ ਪੰਜਾਬੀਆਂ ਦੇ ਭਵਿੱਖ ’ਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ। (Drug)

    ਸੁੰਨ ਕਰ ਦੇਣ ਵਾਲੀ ਰਿਪੋਰਟ ਵਿੱਚ ਪ੍ਰਗਟਾਵਾ ਕੀਤਾ ਗਿਆ ਹੈ ਕਿ 10-17 ਸਾਲਾਂ ਦੀ ਉਮਰ ਵਰਗ ਦੇ ਅੰਦਾਜ਼ਨ 7 ਲੱਖ ਲੜਕੇ ਨਸ਼ੇ ਦੀ ਬੁਰੀ ਤਰ੍ਹਾਂ ਲਪੇਟ ਵਿੱਚ ਆ ਗਏ ਹਨ ਅਤੇ 66 ਲੱਖ ਤੋਂ ਜ਼ਿਆਦਾ ਵਿਅਕਤੀ ਵੱਖ-ਵੱਖ ਨਸ਼ਿਆਂ ਦੀ ਵਰਤੋਂ ਕਰਦੇ ਹੋਏ ਮਾਨਸਿਕ, ਸਰੀਰਕ, ਆਰਥਿਕ ਅਤੇ ਬੌਧਿਕ ਤੌਰ ’ਤੇ ਖੁੰਘਲ ਹੋ ਰਹੇ ਹਨ। ਹਰ ਰੋਜ਼ 144 ਅਪਰਾਧਕ ਮਾਮਲੇ, 2 ਕਾਤਲਾਨਾ ਹਮਲੇ, 20 ਚੋਰੀ ਦੀਆਂ ਵਾਰਦਾਤਾਂ, ਦੋ ਦਿਨਾਂ ਵਿੱਚ 5 ਔਰਤਾਂ ਦਾ ਜ਼ਬਰ ਜਨਾਹ, ਚੈਨ ਝਪਟਮਾਰੀ, ਗੈਂਗਵਾਰਾਂ ਵੱਲੋਂ ਦਿਨ-ਦਿਹਾੜੇ ਕਤਲ ਕਰਨ ਦੀਆਂ ਧਮਕੀਆਂ ਦੇ ਨਾਲ-ਨਾਲ ਉਨ੍ਹਾਂ ਨੂੰ ਸਮੇਂ-ਸਮੇਂ ਸਿਰ ਅੰਜ਼ਾਮ ਦੇਣ ਦੇ ਨਾਲ-ਨਾਲ ਥਾਣਿਆਂ ਦੇ ਰੋਜ਼ਨਾਮਚੇ ਭਰੇ ਜਾ ਰਹੇ ਹਨ। (Drug)

    ਪਰਿਵਾਰਾਂ ਦੇ ਖਲਜਗਣ ਤੋਂ ਪੋਟਾ ਪੋਟਾ ਦੁਖੀ | Drug

    ਪੰਜਾਬੀਆਂ ਅੰਦਰ ਖੌਫ਼ ਦੀਆਂ ਦੀਵਾਰਾਂ ਉੱਸਰਨ ਦੇ ਨਾਲ-ਨਾਲ ਸਿਵਿਆਂ ਦੀ ਅੱਗ ਹੋਰ ਪ੍ਰਚੰਡ ਹੋਣ ਨਾਲ ਹਰ ਪੰਜਾਬੀ ਬੇਵੱਸੀ ਦੀ ਹਾਲਤ ਵਿੱਚ ਕਦੇ ਘਰ ਅੰਦਰ ਪਸਰੇ ਸੰਨਾਟੇ ਕਾਰਨ ਅਸਮਾਨ ਵੱਲ ਵੇਖ ਲੈਂਦਾ ਹੈ, ਕਦੇ ਘੁਣ ਖਾਧੀਆਂ ਛੱਤਾਂ ਵੱਲ, ਕਦੇ ਹੱਡੀਆਂ ਦੀ ਮੁੱਠ ਬਣੀ ਪਤਨੀ ਵੱਲ ਅਤੇ ਕਦੇ ਰੀਝਾਂ ਤੇ ਛਿਕਲੀ ਪਾਈ ਧੀਆਂ ਵੱਲ! ਚੁੱਲ੍ਹਾ ਬਾਲਣ ਲਈ ਲੋੜੀਂਦਾ ਸਾਮਾਨ ਲਿਆਉਣ ਵਾਸਤੇ ਇਕੱਠੇ ਕੀਤੇ ਪੈਸੇ ਇਕਲੌਤਾ ਪੁੱਤ ਖੌਰੂ ਪਾ ਕੇ ਧੱਕੇ ਨਾਲ ਨਸ਼ੇ ਡੱਫਣ ਲਈ ਲੈ ਜਾਂਦਾ ਹੈ ਅਤੇ ਸਾਰਾ ਪਰਿਵਾਰ ਰੋਜ਼ ਦੇ ਇਸ ਖਲਜਗਣ ਤੋਂ ਪੋਟਾ-ਪੋਟਾ ਦੁਖੀ ਹੈ। ਇਹ ਕਹਾਣੀ ਇੱਕ ਘਰ ਦੀ ਨਹੀਂ।

    ਕਿਸੇ ਵਿਰਲੇ ਘਰ ਨੂੰ ਛੱਡ ਕੇ ਹਰ ਘਰ ਵਿੱਚ ਪੀੜਤ ਪਰਿਵਾਰ ਦਮਘੋਟੂ ਮਾਹੌਲ ਵਿੱਚ ਰਹਿ ਰਿਹਾ ਹੈ। ਕਿਤੇ ਨਸ਼ੱਈ ਦਾ ਬਾਪ ਨੂੰ ਕਤਲ ਕਰ ਦੇਣਾ, ਕਿਤੇ ਮਾਂ ਦੇ ਗਲ ਗੂਠਾ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਾ, ਕਿਤੇ ਨਸ਼ੱਈ ਲੜਕੇ ਵੱਲੋਂ ਘਰ ਦਾ ਕੀਮਤੀ ਸਾਮਾਨ ਕੌਡੀਆਂ ਦੇ ਭਾਅ ਵੇਚ ਕੇ ਨਸ਼ਾ ਡੱਫਣ ਕਾਰਨ ਪੋਟਾ-ਪੋਟਾ ਦੁਖੀ ਬਾਪ, ਕਿਤੇ ਨਸ਼ੱਈ ਪੁੱਤ ਵੱਲੋਂ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਣ ’ਤੇ ਪੁਲਿਸ ਕਰਮਚਾਰੀ ਦਾ ਰੋਅਬ ਨਾਲ ਬਜ਼ੁਰਗ ਬਾਪ ਨੂੰ ਕਹਿਣਾ, ਬੁੜ੍ਹਿਆ, ਕੱਲ੍ਹ ਤੱਕ ਮੁੰਡੇ ਨੂੰ ਥਾਣੇ ਪੇਸ਼ ਕਰ, ਨਹੀਂ ਫਿਰ ਸਾਰਾ ਟੱਬਰ ਅੰਦਰ ਕਰ ਦਿਆਂਗੇ। ਗੁੰਮਸੁੰਮ ਬਾਪ ਪੁਲਿਸ ਵਾਲਿਆਂ ਨੂੰ ਹੱਥ ਜੋੜ ਕੇ ਇਹ ਕਹਿੰਦਿਆਂ, ਠੀਕ ਐ ਜੀ। ਆਪਣੇ-ਆਪ ਨੂੰ ਨਾ ਜਿਉਂਦਿਆਂ ਵਿੱਚ ਸਮਝਦਾ ਹੈ ਅਤੇ ਨਾ ਮਰਿਆਂ ਵਿੱਚ।

    ਨਸ਼ੱਈ ਪੁੱਤ ਦੀ ਮਾਂ ਦਾ ਕਲੇਜਾ | Drug

    ਦੂਜੇ ਪਾਸੇ ਇਕਲੌਤੇ ਨਸ਼ੱਈ ਪੁੱਤ ਦੀ ਮਾਂ ਕਾਲਜੇ ’ਤੇ ਹੱਥ ਰੱਖ ਕੇ ਸੋਚਦੀ ਹੈ, ਸਵੇਰ ਦਾ ਭੁੱਖਣਭਾਣਾ ਘਰੋਂ ਨਿੱਕਲਿਆ ਹੈ। ਮੂੰਹ ਹਨ੍ਹੇਰਾ ਹੋ ਗਿਐ। ਹਾਲੇ ਤੱਕ ਘਰ ਨਹੀਂ ਬਹੁੜਿਆ। ਕਿਤੇ ਕੋਈ ਹੋਰ ਚੰਦਰਾ ਸੁਨੇਹਾ…। ਉਹਦੀਆਂ ਅੱਖਾਂ ’ਚੋਂ ਵਹਿੰਦੇ ਖੂਨ ਦੇ ਅੱਥਰੂ ਅਤੇ ਮਾਰੂ ਸੋਚਾਂ ਕਾਰਨ ਉਹਦਾ ਆਪਣਾ-ਆਪ ਵਿੰਨ੍ਹਿਆ ਪਿਆ ਹੈ। ਅਜਿਹੀ ਸਥਿਤੀ ਹੁਣ ਬਹੁਤ ਸਾਰੇ ਘਰਾਂ ਦੀ ਬਣ ਗਈ ਹੈ।

    ਦੂਜੇ ਪਾਸੇ ਨਸ਼ਾ ਵੇਚਣ ਵਾਲਿਆਂ ਦੀ ਚੜ੍ਹ ਮੱਚੀ ਹੈ। ਮਹਿੰਗੀ ਕਾਰ, ਵੱਡੀ ਕੋਠੀ, ਸੋਨੇ ਦੀਆਂ ਉਂਗਲਾਂ ਵਿੱਚ ਪਾਈਆਂ ਛਾਪਾਂ, ਗਲ ਵਿੱਚ ਪਾਈ ਸੋਨੇ ਦੀ ਚੈਨੀ ਤੇ ਨੋਟਾਂ ਨਾਲ ਭਰੀ ਜੇਬ੍ਹ ਕਾਰਨ ਉਹ ਆਪਣੇ-ਆਪ ਨੂੰ ਖੱਬੀਖਾਨ ਸਮਝਦੇ ਹਨ। ਸੱਥ ਵਿੱਚ ਨਿੰਮੋਝੂਣ ਬੈਠੇ ਬਜ਼ੁਰਗ ਅਤੇ ਘਰਾਂ ਦੀਆਂ ਦੇਹਲੀਆਂ ’ਤੇ ਬੁੱਤ ਜਿਹਾ ਬਣੀਆਂ ਔਰਤਾਂ ਕੋਲ ਦੀ ਜਦੋਂ ਉਨ੍ਹਾਂ ਦੀ ਕਾਰ ਗੁਜ਼ਰਦੀ ਹੈ ਤਾਂ ਉਹ ਕਚੀਚੀਆਂ ਜ਼ਰੂਰ ਵੱਟਦੀਆਂ ਹਨ, ਪਰ ਨਸ਼ਾ ਵੇਚਣ ਵਾਲਿਆਂ ਦੀ ਥਾਣੇ ਅਤੇ ਅਸਰ-ਰਸੂਖ ਵਾਲਿਆਂ ਨਾਲ ਪਹੁੰਚ ਕਰਕੇ ਉਹ ਹੌਕਾ ਭਰ ਕੇ ਸੋਚਦੀਆਂ ਹਨ, ਖੋਟਾ ਸਿੱਕਾ ਆਪਣਾ, ਦੂਜਿਆਂ ਨੂੰ ਕੀ ਦੋਸ਼।

    ਨਸ਼ਾ ਵੇਚਣ ਵਾਲਿਆਂ ’ਤੇ ਸ਼ਿਕੰਜੇ ਦੀ ਲੋੜ

    ਨਸ਼ਿਆਂ ਕਾਰਨ ਪੋਟਾ-ਪੋਟਾ ਦੁਖੀ ਲੋਕ ਪਿੰਡ ਦੇ ਸਰਪੰਚ ਕੋਲ ਜਾਂਦੇ ਹਨ। ਸਰਪੰਚ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਥਾਣੇ ਵਿੱਚ ਜਾ ਕੇ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ’ਤੇ ਸ਼ਿਕੰਜਾ ਕੱਸਣ ਲਈ ਦੁਹਾਈ ਪਾਉਂਦਾ ਹੈ। ਪਰ ਪੰਚਾਇਤਾਂ ਅਤੇ ਲੋਕਾਂ ਦੀ ਨਸ਼ਿਆਂ ਵਿਰੁੱਧ ਦੁਹਾਈ ਦਾ ਕੋਈ ਅਸਰ ਨਹੀਂ ਹੋਇਆ ਤੇ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹੁੰਦੇ ਗਏ।

    ਭਰੇ-ਪੀਤੇ ਲੋਕਾਂ ਨੂੰ ਸੂਝ ਆ ਗਈ | Drug

    ਆਖ਼ਰ ਅੱਕੇ ਹੋਏ ਲੋਕਾਂ ਨੇ ਆਪਣੇ ਆਪਣੇ ਪਿੰਡਾਂ ਵਿੱਚ ਨਸ਼ਾ ਤਸਕਰਾਂ ਨੂੰ ਠੀਕ ਰਾਹ ’ਤੇ ਲਿਆਉਣ ਲਈ ਦਿ੍ਰੜ ਇਰਾਦਾ ਕਰ ਲਿਆ ਤੇ ਆਪਣੇ-ਆਪਣੇ ਪਿੰਡ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣਾ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਬੀੜਾ ਚੁੱਕ ਲਿਆ। ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਪੰਜਾਬ ਦੀਆਂ ਮੁਟਿਆਰਾਂ ਅਤੇ ਔਰਤਾਂ ਵੀ ਕੁੱਦ ਪਈਆਂ ਹਨ। ਭਰੇ-ਪੀਤੇ ਲੋਕਾਂ ਨੂੰ ਹੁਣ ਐਨੀਂ ਸੂਝ ਆ ਗਈ ਹੈ ਕਿ ਸਮਾਜਿਕ, ਆਰਥਿਕ, ਰਾਜਨੀਤਿਕ ਤੇ ਹੋਰ ਤਬਦੀਲੀਆਂ ਲੋਕਾਂ ਵੱਲੋਂ ਲਿਆਂਦੀਆਂ ਜਾਂਦੀਆਂ ਹਨ ਤੇ ਲੋਕਾਂ ਦਾ ਏਕਾ ਸਮਾਜਿਕ ਦਬਾਅ, ਸਮਾਜਿਕ ਨਾਮੋਸ਼ੀ ਅਤੇ ਸਮਾਜਿਕ ਪਹਿਰੇਦਾਰੀ ਨਸ਼ੇ ਦੇ ਖ਼ਾਤਮੇ ਲਈ ਵਰਦਾਨ ਸਾਬਤ ਹੋਣਗੀਆਂ। ਪਿੰਡਾਂ ਵਿੱਚ ਰੋਸ ਰੈਲੀਆਂ, ਡਾਂਗ ਮਾਰਚ ਤੇ ਨਸ਼ਿਆਂ ਵਿਰੁੱਧ ਗੂੰਜਦੇ ਨਾਅਰੇ ਜਾਗਿ੍ਰਤੀ ਦਾ ਸੁਨੇਹਾ ਦਿੰਦੇ ਹਨ। ਰੋਸ ਰੈਲੀਆਂ ਵਿੱਚ ਸਿਆਣੀਆਂ ਧੀਆਂ ਦੇ ਅਜਿਹੇ ਸੁਨੇਹੇ ਹਵਾ ਵਿੱਚ ਗੂੰਜਦੇ ਹਨ:-

    ਸਾਡੇ ਪਿੰਡ ਨਸ਼ਾ ਵੇਚਣ ਨਾ ਆਈਂ ਵੇ
    ਇੱਥੇ ਪਹਿਰਾ ਲਗਦੈ।
    ਐਵੇਂ ਛਿੱਤਰ ਨਾ ਖਾ ਕੇ ਜਾਈਂ ਵੇ
    ਇੱਥੇ ਪਹਿਰਾ ਲਗਦੈ।
    ਕਿਸੇ ਹੋਰ ਪਿੰਡ ਦੇ ਇਕੱਠ ਵਿੱਚ ਜਾਗਰੂਕ ਧੀਆਂ ਸਟੇਜ ’ਤੇ ਜਾ ਕੇ ਪੁੱਤ ਬਚਾਉਣ ਦਾ ਇੰਜ ਹੌਕਾ ਦਿੰਦੀਆਂ ਨੇ:-
    ਕਿਉਂ ਨਸ਼ਿਆਂ ਦੀ ਵਰਤੋਂ ਕਰਦੈਂ
    ਧਰਤੀ ਮਾਂ ਕਿਉਂ ਗਹਿਣੇ ਧਰਦੈਂ
    ਤੇਰੇ ਵਰਗੇ ਠੀਕ ਕਰਨ ਲਈ
    ਅਸਾਂ ਨੇ ਲਹਿਰ ਚਲਾਈ ਐ
    ਬਈ ਹੁਣ ਜਾਗੋ ਆਈਐ।
    ਮੁੰਡਿਆ ਜਾਗ ਬਈ, ਹੁਣ ਜਾਗੋ ਆਈਐ।

    ਇਹ ਵੀ ਪੜ੍ਹੋ : ਪੰਜਾਬ ਦੀ ਇਸ ਧੀ ਨੇ ਮਾਰਿਆ ਮਾਅਰਕਾ, ਬਣੇਗੀ ਆਰਮੀ ਅਫ਼ਸਰ

    ਸ਼ਾਲਾ! ਇਹ ਜਾਗੋ ਦੀ ਲਾਟ ਲੋਕਾਂ ਦੇ ਮਨਾਂ ਅੰਦਰ ਬਲਦੀ ਰਹੇ ਅਤੇ ਨਸ਼ਾ ਤਸਕਰ ਇਹਦੇ ਸਾਹਮਣੇ ਢਹਿ-ਢੇਰੀ ਹੋ ਜਾਣ। ਇੱਥੇ ਇਹ ਵੀ ਵਰਨਣਯੋਗ ਹੈ ਕਿ ਨਸ਼ਾ ਵਿਰੋਧੀ ਕਮੇਟੀਆਂ ਵੱਲੋਂ ਸਰਗਰਮ ਭੂਮਿਕਾ ਨਿਭਾਉਣ ਕਾਰਨ ਬਹੁਤ ਸਾਰੇ ਨਸ਼ਾ ਤਸਕਰ ਇਸ ਵੇਲੇ ਘਰਾਂ ਵਿੱਚ ਦੁਬਕੇ ਬੈਠੇ ਹਨ। ਲੋਕਾਂ ਦੇ ਰੋਹ ਕਾਰਨ ਪੁਲਿਸ ਪ੍ਰਸ਼ਾਸਨ ਵੀ ਕੁਝ ਸਰਗਰਮ ਹੋਇਆ ਹੈ।

    ਮੋਹਨ ਸ਼ਰਮਾ
    ਕਿਸ਼ਨਪੁਰਾ ਬਸਤੀ, ਬਾਹਰ ਨਾਭਾ ਗੇਟ, ਸੰਗਰੂਰ।
    ਮੋ. 94171-48866

    LEAVE A REPLY

    Please enter your comment!
    Please enter your name here