ਲੁਧਿਆਣਾ (ਜਸਵੀਰ ਸਿੰਘ ਗਹਿਲ)। ਤਲਾਸ਼ੀ ਮੁਹਿੰਮ ਦੌਰਾਨ ਪ੍ਰਸ਼ਾਸਨ ਨੂੰ ਕੇਂਦਰੀ ਜੇਲ (Central Jail) ਲੁਧਿਆਣਾ ਵਿੱਚੋਂ 22 ਮੋਬਾਇਲ, ਇੱਕ ਸਿੰਮ ਅਤੇ 65 ਪੁੜੀਆਂ ਤੰਬਾਕੂ ਬਰਾਮਦ ਹੋਇਆ ਹੈ। ਮੌਸੂਲ ਹੋਣ ’ਤੇ ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਨੇ 9 ਹਵਾਲਾਤੀਆਂ ਸਮੇਤ ਨਾਮਲੂਮ ਹਵਾਲਾਤੀਆਂ/ ਬੰਦੀਆਂ ’ਤੇ ਮਾਮਲਾ ਦਰਜ਼ ਕਰ ਲਿਆ ਹੈ। ਜੇਲ ਦੇ ਸਹਾਇਕ ਸੁਪਰਡੈਂਟ ਸੂਰਜ ਮੱਲ ਵੱਲੋਂ ਮੌਸੂਲ ਹੋਣ ’ਤੇ ਪੁਲਿਸ ਨੇ ਜਗਤਾਰ ਸਿੰਘ ਉਰਫ਼ ਜੱਗੀ, ਰਵਿੰਦਰ ਸਿੰਘ ਸਾਹਨੀ ਉਰਫ਼ ਰੁਬੇਨ ਉਰਫ਼ ਰਮਾਇਣ, ਪਵਨ ਕੁਮਾਰ, ਵਿਜੈ ਕੁਮਾਰ ਤੇ ਬਲਦੇਵ ਸਿੰਘ ਵਿਰੁੱਧ ਜੇਲ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਮਾਮਲਾ ਦਰਜ਼ ਕੀਤਾ ਕਿਉਂਕਿ 21 ਜੁਲਾਈ ਨੂੰ ਜੇਲ ਅਧਿਕਾਰੀਆਂ ਨੂੰ ਚੈਕਿੰਗ ਮੁਹਿੰਮ ਦੌਰਾਨ ਉਕਤਾਨ ਪਾਸੋਂ 4 ਮੋਬਾਇਲ ਫੋਨ ਤੇ 1 ਏਅਰਟੈੱਲ ਕੰਪਨੀ ਦਾ ਸਿੰਮ ਬਰਾਮਦ ਹੋਇਆ।
ਸਹਾਇਕ ਸੁਪਰਡੈਂਟ ਸੁਖਦੇਵ ਸਿੰਘ ਵੱਲੋਂ ਭੇਜੇ ਗਏ ਮੌਸੂਲ ਮੁਤਾਬਕ ਜੇਲ ਪ੍ਰਸ਼ਾਸਨ ਵੱਲੋਂ 23 ਜੁਲਾਈ ਨੂੰ ਕੇਂਦਰੀ ਜੇਲ ਚੈਕਿੰਗ ਦੌਰਾਨ ਰਣਜੀਤ ਸਿੰਘ ਪਾਸੋਂ ਇੱਕ ਕੀ- ਪੈੜ ਮੋਬਾਇਲ ਫੋਨ ਬਰਾਮਦ ਹੋਇਆ। ਇਸੇ ਤਰਾਂ ਸਹਾਇਕ ਸੁਪਰਡੈਂਟ ਗਗਨਦੀਪ ਸ਼ਰਮਾਂ ਅਨੁਸਾਰ ਤਲਾਸੀ ਮੁਹਿੰਮ ਤਹਿਤ 26 ਜੁਲਾਈ ਨੂੰ ਅਧਿਕਾਰੀਆਂ ਨੇ ਚੈਕਿੰਗ ਕੀਤੀ ਤਾਂ ਜੇਲ ਅੰਦਰੋਂ 65 ਪੁੜੀਆਂ ਤੰਬਾਕੂ ਮਾਰਕਾ ਪੰਛੀ ਤੇ ਲਵਾਰਿਸ ਹਾਲਤ ’ਚ ਵੱਖ ਵੱਖ ਕੰਪਨੀਆਂ ਦੇ 11 ਮੋਬਾਇਲ ਫੋਨ ਬਰਾਮਦ ਹੋਏ। (Central Jail)
ਇਹ ਵੀ ਪੜ੍ਹੋ : ਫਲਿੱਪ ਕਾਰਟ ਅਕਾਊਂਟ ਐਕਟੀਵੇਟ ਕਰਾਉਣ ਬਹਾਨੇ ਬੈਂਕ ਖਾਤੇ ’ਚੋਂ 85 ਹਜ਼ਾਰ ਰੁਪਏ ਕੀਤੇ ਟਰਾਂਸਫ਼ਰ
ਇਸੇ ਤਰਾਂ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਮੁਤਾਬਕ 28 ਜੁਲਾਈ ਨੂੰ ਤਲਾਸੀ ਮੁਹਿੰਮ ਦੌਰਾਨ ਜਗਦੀਪ ਸਿੰਘ, ਪ੍ਰਦੀਪ ਸਿੰਘ ਤੇ ਭੂਸ਼ਣ ਕੁਮਾਰ ਕੋਲੋਂ 3 ਮੋਬਾਇਲ ਫੋਨ ਬਰਾਮਦ ਹੋਏ। ਚੌਥੇ ਮਾਮਲੇ ਵਿੱਚ ਸਹਾਇਕ ਸੁਪਰਡੈਂਟ ਗਗਨਦੀਪ ਸ਼ਰਮਾ ਵੱਲੋਂ ਮੌਸੂਲ ਹੋਣ ਪਿੱਛੋਂ 3 ਮੋਬਾਇਲ ਫੋਨ ਮਿਲਣ ’ਤੇ ਨਾਮਲੂਮ ਹਵਾਲਾਤੀਆਂ/ ਬੰਦੀਆਂ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ।