ਵਿਧਾਇਕ ਦਾ ਫੋਨ ਨਹੀਂ ਚੁੱਕਦਾ ਥਾਣੇਦਾਰ, ਸਪੀਕਰ ਰਾਣਾ ਕੋਲ ਪੁੱਜੀ ਸ਼ਿਕਾਇਤ

MLA Phone, Police, Speaker, Rana, Complaints, Reached

ਵਿਧਾਇਕ ਦਾ ਨਾ ਫੋਨ ਚੁੱਕਦਾ ਐ ਥਾਣੇਦਾਰ ਨਾ ਹੀ ਕਰਦਾ ਐ ਕੋਈ ਕੰਮ

ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਕੀਤਾ ਹੋਇਆ ਸੀ ਤਲਬ

ਐਸ.ਐਸ.ਪੀ. ਨੂੰ ਵੀ ਕੀਤੀ ਸੀ ਸ਼ਿਕਾਇਤ ਪਰ ਟੱਸ ਤੋਂ ਮਸ ਨਹੀਂ ਹੋਇਆ ਥਾਣੇਦਾਰ : ਸੁਖਵਿੰਦਰ ਕੁਮਾਰ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਥਾਣੇਦਾਰੀ ਦੀ ਸਰਦਾਰੀ ਤੋਂ ਆਮ ਲੋਕ ਹੀ ਨਹੀਂ ਸਗੋਂ ਖ਼ੁਦ ਪੰਜਾਬ ਦੇ ਵਿਧਾਇਕ ਤੱਕ ਦੁਖੀ ਹਨ। ਬੰਗਾ ਇਲਾਕੇ ਦਾ ਥਾਣੇਦਾਰ ਆਮ ਲੋਕਾਂ ਤਾਂ ਦੂਰ ਦੀ ਗਲ ਆਪਣੇ ਇਲਾਕੇ ਦੇ ਵਿਧਾਇਕ ਦਾ ਫੋਨ ਤੱਕ ਨਹੀਂ ਚੁੱਕਿਆ। ਵਿਧਾਇਕ ਨੇ ਡੀ.ਐਸ.ਪੀ. ਤੋਂ ਲੈ ਕੇ ਐਸ.ਐਸ.ਪੀ. ਤੱਕ ਸ਼ਿਕਾਇਤ ਕੀਤੀ ਪਰ ਥਾਣੇਦਾਰ ਵੀ ਟੱਸ ਤੋਂ ਮੱਸ ਨਹੀਂ ਹੋਇਆ ਹੁਣ ਇਸ ਮਾਮਲੇ ਸਬੰਧੀ ਵਿਧਾਇਕ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਸ਼ਿਕਾਇਤ ਕਰ ਦਿੱਤੀ ਹੈ ਇਸ ਸਬੰਧੀ ਸੁਣਵਾਈ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਚੱਲ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਸੁਖਵਿੰਦਰ ਕੁਮਾਰ ਨੇ ਇਸ ਸਬੰਧੀ ਦੱਸਿਆ ਕਿ ਬੰਗਾ ਸਦਰ ਥਾਣੇ ਦੇ ਐਸ.ਐਚ.ਓ. ਰਾਜੀਵ ਕੁਮਾਰ ਨੂੰ ਉਨ੍ਹਾਂ ਨੇ ਪਹਿਲੀਵਾਰ ਪਿਛਲੇ ਸਾਲ ਨਵੰਬਰ 2017 ਵਿੱਚ ਫੋਨ ਕੀਤਾ ਸੀ, ਜਿਸ ਦੌਰਾਨ ਐਚ.ਐਸ.ਓ. ਨੇ ਫੋਨ ਨਹੀਂ ਚੁੱਕਿਆ, ਇਸ ਤੋਂ ਬਾਅਦ ਉਹ ਲਗਾਤਾਰ ਨਵੰਬਰ 2017 ਤੋਂ ਲੈ ਕੇ ਅਪ੍ਰੈਲ 2018 ਤੱਕ ਰਾਜੀਵ ਕੁਮਾਰ ਨੂੰ ਫੋਨ ਕਰਦੇ ਆ ਰਹੇ ਸਨ ਪਰ ਇੱਕ ਵਾਰੀ ਵੀ ਐਸ.ਐਚ.ਓ. ਨੇ ਫੋਨ ਨਹੀਂ ਚੁੱਕਿਆ। ਇਸ ਦੌਰਾਨ ਹੀ ਉਨ੍ਹਾਂ ਨੇ ਡੀ.ਐਸ.ਪੀ. ਤੋਂ ਲੈ ਕੇ ਐਸ.ਐਸ.ਪੀ. ਤੱਕ ਨੂੰ ਵੀ ਸ਼ਿਕਾਇਤ ਕੀਤੀ ਪਰ ਫਿਰ ਵੀ ਥਾਣੇਦਾਰ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ।

ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਐਸ.ਐਸ.ਪੀ. ਨੂੰ ਸ਼ਿਕਾਇਤ ਕਰਨ ਤੋਂ ਬਾਅਦ 2-4 ਵਾਰ ਫੋਨ ‘ਤੇ ਉਨ੍ਹਾਂ ਦੀ ਗੱਲ ਹੋਈ ਹੈ ਪਰ ਉਸ ਦੌਰਾਨ ਵੀ ਥਾਣੇਦਾਰ ਰਾਜੀਵ ਕੁਮਾਰ ਨੇ ਉਨ੍ਹਾਂ ਨਾਲ ਠੀਕ ਢੰਗ ਨਾਲ ਗੱਲਬਾਤ ਹੀ ਨਹੀਂ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਕੋਲ ਸ਼ਿਕਾਇਤ ਕੀਤੀ ਸੀ ਕਿ ਇੱਕ ਵਿਧਾਇਕ ਨਾਲ ਇਹੋ ਜਿਹਾ ਵਿਵਹਾਰ ਹੋ ਰਿਹਾ ਹੈ ਤਾਂ ਹੋਰ ਕਿਸੇ ਨਾਲ ਕੀ ਹੋਵੇਗਾ। ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਸ ਸਬੰਧੀ ਕਾਰਵਾਈ ਲਈ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਮਾਮਲਾ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਥਾਣੇਦਾਰ ਰਾਜੀਵ ਕੁਮਾਰ ਨੂੰ ਸੱਦ ਕੇ ਬਿਆਨ ਲੈਣ ਦੀ ਪ੍ਰਕਿਰਿਆ ਵੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣੇਦਾਰ ਰਾਜੀਵ ਕੁਮਾਰ ਦਾ ਪੱਖ ਜਾਨਣ ਦੀ ਕੋਸ਼ਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਕੱਟ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।