ਆਮ ਆਦਮੀ ਪਾਰਟੀ ਦੇ ਆਗੂਆਂ ਨੇ ਰਜਿੰਦਰਾ ਹਸਪਤਾਲ ਵਿਖੇ ਪਤਾ ਲੈਣ ਮੌਕੇ ਵੀ ਵਜਾਈ ਆਪੋ-ਆਪਣੀ ਡਫਲੀ

AAP, Leaders, Shared, Their, Own, Dosage, Rajindra, Hospital

ਪਹਿਲਾਂ ਵਿਰੋਧੀ ਧਿਰ ਦੇ ਆਗੂ ਚੀਮਾ ਤੇ ਫੇਰ ਗੱਦੀਓ ਲਾਹੇ ਖਹਿਰਾ ਨੇ ਲਿਆ ਨੌਜਵਾਨ ਦਾ ਪਤਾ

ਸਾਰੇ ਪੁਲਿਸ ਮੁਲਾਜ਼ਮਾਂ ‘ਤੇ ਪਰਚਾ ਦਰਜ ਕਰਕੇ ਜਾਂਚ ਦੀ ਮੰਗ, ਅਮਰਿੰਦਰ ਦੀ ਸਰਕਾਰ ‘ਤੇ ਲਾਏ ਤਵੇ

ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼

ਆਮ ਆਦਮੀ ਪਾਰਟੀ ਦੇ ਆਗੂਆਂ ‘ਚ ਅਹੁਦਿਆਂ ਨੂੰ ਲੈ ਕੇ ਪਏ ਦੁਫਾੜ ਤੋਂ ਬਾਅਦ ਇਸ ਦੇ ਆਗੂ ਆਪੋ-ਆਪਣੀ ਡਫਲੀ ਵਜਾ ਰਹੇ ਹਨ। ਇੱਥੇ ਰਜਿੰਦਰਾ ਹਸਪਤਾਲ ਵਿਖੇ ਵੀ ਅੱਜ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਵਿਰੋਧੀ ਧਿਰ ਦੀ ਗੱਦੀ ਤੋਂ ਲਾਹੇ ਸੁਖਪਾਲ ਸਿੰਘ ਖਹਿਰਾ ਵੱਲੋਂ ਵੱਖੋਂ ਵੱਖਰੇ ਤੌਰ ‘ਤੇ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਦਾ ਹਾਲ ਚਾਲ ਜਾਣਿਆ ਗਿਆ। ਇਸ ਦੌਰਾਨ ਦੋਵਾਂ ਆਗੂਆ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਟਿਹਰੇ ‘ਚ ਖੜ੍ਹਾ ਕੀਤਾ ਗਿਆ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਪਹਿਲਾਂ ਆਮ ਆਦਮੀ ਪਾਰਟੀ ਦੇ ਨਵੇਂ ਥਾਪੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਸਨੌਰ ਵਾਸੀ ਨੌਜਵਾਨ ਅਮਰਦੀਪ ਸਿੰਘ ਦਾ ਹਾਲ ਚਾਲ ਜਾਣ ਕੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਦੀ ਪੁਲਿਸ ਵੱਲੋਂ ਅਜਿਹੀ ਅਣਮਨੁੱਖੀ ਘਟਨਾ ਨੂੰ ਅੰਜਾਮ ਦੇਣਾ ਨਿੰਦਨਯੋਗ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਵਿੱਚ ਹੀ ਜੇਕਰ ਪੁਲਿਸ ਦਾ ਇਹ ਰਵੱਈਆ ਹੈ ਤਾਂ ਬਾਕੀ ਥਾਵਾਂ ‘ਤੇ ਕੀ ਹੁੰਦਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਵਿਧਾਨ ਸਭਾ ਵਿੱਚ ਚੁੱਕਣਗੇ।

ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਜਾਂਚ ਹੋਵੇ ਅਤੇ ਥਾਣੇ ਅੰਦਰ ਇਨ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਜਾਵੇ ਤੇ ਇਨ੍ਹਾਂ ‘ਤੇ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਵਿਗੜ ਰਹੇ ਹਨ ਅਤੇ ਪੁਲਿਸ ਬੇਲਗਾਮ ਹੋ ਰਹੀ ਹੈ। ਖਹਿਰਾ ਦੇ ਮਾਮਲੇ ‘ਚ ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕ ਉਨ੍ਹਾਂ ਦੀ ਪਾਰਟੀ ਦੇ ਹਨ ਤੇ ਉਨ੍ਹਾਂ ਨਾਲ ਗੱਲਬਾਤ ਚੱਲ ਰਹੀ ਹੈ। ਇਸ ਮੌਕੇ ਡਾ. ਬਲਬੀਰ ਸਿੰਘ ਤੇ ਹੋਰ ਆਗੂ ਵੀ ਹਾਜ਼ਰ ਸਨ।  ਇੱਧਰ ਦੂਜੇ ਬੰੰਨੇ ਦੁਪਹਿਰ ਤੋਂ ਬਾਅਦ ਆਪ ਦੇ ਵਿਰੋਧੀ ਧਿਰ ਦੀ ਗੱਦੀ ਤੋਂ ਲਾਹੇ ਸੁਖਪਾਲ ਸਿੰਘ ਖਹਿਰਾ ਵੱਲੋਂ ਰਜਿੰਦਰਾ ਹਸਪਤਾਲ ਵਿਖੇ ਪੁੱਜ ਕੇ ਨੌਜਵਾਨ ਦਾ ਪਤਾ ਲਿਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।