ਫੂਲਕਾ ਦੇ ਅਸਤੀਫ਼ੇ ਦੀ ਗੱਲ ਪਿੱਛੋਂ ਆਪ ਵਿਧਾਇਕਾਂ ‘ਚ ਸਰਗਰਮੀਆਂ ਵਧੀਆਂ
ਸੁਖਜੀਤ ਮਾਨ, ਮਾਨਸਾ: ਪੰਜਾਬ ਵਿਧਾਨ ਸਭਾ ‘ਚ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਐਚ. ਐਸ. ਫੂਲਕਾ ਵੱਲੋਂ ਅਸਤੀਫਾ ਦੇਣ ਦੀ ਗੱਲ ਆਖਣ ਤੋਂ ਬਾਅਦ ਭਾਵੇਂ ਹਾਈ ਕਮਾਂਡ ਨੇ ਹਾਲੇ ਕਿਸੇ ਦਾ ਨਾਂਅ ਤੈਅ ਨਹੀਂ ਕੀਤਾ ਪਰ ਕਈ ਆਗੂਆਂ ਦੇ ਨਾਂਅ ਉੱਭਰ ਕੇ ਸਾਹਮਣੇ ਆ ਰਹੇ ਹਨ ਹਲਕਾ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਮੌਕਾ ਮਿਲਣ ‘ਤੇ ਇਹ ਅਹੁਦਾ ਸੰਭਾਲਣ ਲਈ ਤਿਆਰ ਬੈਠੇ ਹਨ
‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਆਖਿਆ ਕਿ ਐਚ ਐਸ ਫੂਲਕਾ ਨੂੰ ਪਾਰਟੀ ਦੇ ਵਿਧਾਇਕਾਂ ਨੇ ਮਿਲ ਕੇ ਆਖਿਆ ਸੀ ਕਿ ਵਿਧਾਨ ਸਭਾ ‘ਚ ਉਨ੍ਹਾਂ ਦੀ ਅਗਵਾਈ ‘ਚ ਪਾਰਟੀ ਚੰਗੇ ਢੰਗ ਨਾਲ ਅੱਗੇ ਵਧ ਰਹੀ ਹੈ ਪਰ ਸ੍ਰ. ਫੂਲਕਾ ਨੇ 1984 ਕਤਲੇਆਮ ਦੇ ਪੀੜ੍ਹਤਾਂ ਦਾ ਕੇਸ ਲੜਨ ਦੀ ਇੱਛਾ ਤਹਿਤ ਆਪਣੇ ਫੈਸਲੇ ਨੂੰ ਸਹੀ ਦੁਹਰਾਇਆ ਮਾਨਸ਼ਾਹੀਆ ਨੂੰ ਜਦੋਂ ਪੁੱਛਿਆ ਕਿ ਤੁਸੀਂ ਵਿਰੋਧੀ ਧਿਰ ਦੇ ਆਗੂ ਵਜੋਂ ਕੰਮ ਕਰਨਾ ਪਸੰਦ ਕਰੋਂਗੇ ਤਾਂ ਉਨ੍ਹਾਂ ਆਖਿਆ ਕਿ ਜੇਕਰ ਪਾਰਟੀ ਹਾਈ ਕਮਾਂਡ ਉਨ੍ਹਾਂ ਨੂੰ ਹੁਕਮ ਕਰਦੀ ਹੈ ਤਾਂ ਉਹ ਇਸ ਅਹੁਦੇ ਲਈ ਤਿਆਰ ਹਨ ਪਾਰਟੀ ਇਸ ਅਹੁਦੇ ਲਈ ਕਿਸ ਆਗੂ ਨੂੰ ਚੁਣਦੀ ਹੈ ਇਹ ਤਾਂ ਭਵਿੱਖ ‘ਚ ਤੈਅ ਹੋਵੇਗਾ ਪਰ ਪਾਰਟੀ ‘ਚ ਸੂਬਾ ਕਨਵੀਨਰ ਦੀ ਬਦਲੀ ਕਾਰਨ ਹੋਈ ਬਗਾਵਤ ਤੋਂ ਡਰੀ ਹਾਈ ਕਮਾਂਡ ਇਸ ਕੰਮ ਲਈ ਫੂਕ-ਫੂਕ ਕੇ ਕਦਮ ਰੱਖ ਰਹੀ ਹੈ