ਵਿਧਾਇਕ ਕੁਲਬੀਰ ਜ਼ੀਰਾ ਬਹਾਲ, ਦਿੱਲੀ ਤੋਂ ਮਿਲੀ ਰਾਹਤ

MLA, Kulbir, Zira, Bhalal, Relief, Delhi

ਪਿਛਲੇ ਕੁਝ ਦਿਨਾਂ ਤੋਂ ਦਿੱਲੀ ਲਾਇਆ ਹੋਇਆ ਸੀ ਡੇਰਾ

ਚੰਡੀਗੜ੍ਹ । ਕਾਂਗਰਸ ਦੇ ਜੀਰਾ ਹਲਕਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਕਾਂਗਰਸ ਪਾਰਟੀ ਨੇ ਬਹਾਲ ਕਰ ਦਿੱਤਾ ਹੈ। ਇਸ ਸਬੰਧੀ ਅਧਿਕਾਰਤ ਤੌਰ ‘ਤੇ ਆਦੇਸ਼ ਜਾਰੀ ਹੋਣ ਤੋਂ ਬਾਅਦ ਕੁਲਬੀਰ ਜ਼ੀਰਾ ਨੇ ਕਾਂਗਰਸ ਭਵਨ ਵਿਖੇ ਹੋਈ ਪਾਰਟੀ ਦੀ ਮੀਟਿੰਗ ਵਿੱਚ ਨਾ ਸਿਰਫ਼ ਭਾਗ ਲਿਆ, ਸਗੋਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਕੇ ਦੂਰੀਆਂ ਖ਼ਤਮ ਕਰਨ ਦੀ ਕੋਸ਼ਿਸ਼ ਵੀ ਕੀਤੀ
ਦੱਸਿਆ ਜਾ ਰਿਹਾ ਹੈ ਕਿ ਕੁਲਬੀਰ ਜੀਰਾ ਦੀ ਬਹਾਲੀ ਦੇ ਰਾਹ ਵੀ ਦਿੱਲੀ ਦਰਬਾਰ ਤੋਂ ਹੀ ਖੁੱਲ੍ਹੇ ਹਨ ਅਤੇ ਪਿਛਲੇ ਕੁਝ ਦਿਨਾਂ ਤੋਂ ਕੁਲਬੀਰ ਜੀਰਾ ਦਿੱਲੀ ਵਿਖੇ ਡੇਰਾ ਲਾਈ ਬੈਠੇ ਸਨ ਅਤੇ ਦਿੱਲੀ ਤੋਂ ਆਦੇਸ਼ ਆਉਣ ਤੋਂ ਬਾਅਦ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੁਲਬੀਰ ਜੀਰਾ ਨੂੰ ਬਹਾਲ ਕਰ ਦਿੱਤਾ ਹੈ।
ਇਥੇ ਦਸਣਯੋਗ ਹੈ ਕਿ ਕੁਲਬੀਰ ਜੀਰਾ ਨੇ ਇੱਕ ਸਰਕਾਰੀ ਸਮਾਗਮ ਦੌਰਾਨ ਆਪਣੀ ਹੀ ਸਰਕਾਰ ਦੇ ਪੁਲਿਸ ਅਧਿਕਾਰੀਆਂ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਨਸ਼ੇ ਦਾ ਕਾਰੋਬਾਰ ਵਿੱਚ ਹਿੱਸੇਦਾਰੀ ਦੱਸੀ ਸੀ ਅਤੇ ਸਰਕਾਰੀ ਸਮਾਗਮ ਦਾ ਬਾਈਕਾਟ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕੁਲਬੀਰ ਜੀਰਾ ਨੂੰ ਸੁਨੀਲ ਜਾਖੜ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ ਸੀ ਅਤੇ ਉਨਾਂ ਨੂੰ ਬੀਤੇ ਹਫ਼ਤੇ ਹੋਈ ਵਿਧਾਇਕਾਂ ਦੀ ਮੀਟਿੰਗ ਵਿੱਚ ਭਾਗ ਵੀ ਨਾ ਲੈਣ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕੁਲਬੀਰ ਜੀਰਾ ਨੇ ਸੁਨੀਲ ਜਾਖੜ ਦੇ ਖ਼ਿਲਾਫ਼ ਪਹਿਲਾ ਫੰ੍ਰਟ ਖੋਲਿਆ ਅਤੇ ਜਾਖੜ ਨੂੰ ਪੁਲਿਸ ਅਧਿਕਾਰੀ ਦਾ ਸਾਥੀ ਕਰਾਰ ਦੇ ਦਿੱਤਾ।ਇਸ ਤੋਂ ਬਾਦ ਸੁਨੀਲ ਜਾਖੜ ਤੋਂ ਕੁਲਬੀਰ ਜ਼ੀਰਾ ਨੇ ਲਿਖਤੀ ਮੁਆਫ਼ੀ ਵੀ ਮੰਗ ਲਈ ਪਰ ਉਨਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਸੀ।
ਕੁਲਬੀਰ ਜੀਰਾ ਨੇ ਫਿਰ ਸਿੱਧੀ ਦਿੱਲੀ ਪਹੁੰਚ ਕੀਤੀ ਤੇ ਪਿਛਲੇ 2-3 ਦਿਨ ਤੋਂ ਦਿੱਲੀ ਡੇਰਾ ਲਾ ਲਿਆ, ਜਿੱਥੋਂ ਕਾਂਗਰਸ ਹਾਈ ਕਮਾਂਡ ਦੇ ਆਦੇਸ਼ ਆਉਣ ਤੋਂ ਬਾਅਦ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੁਲਬੀਰ ਜੀਰਾ ਨੂੰ ਬਹਾਲ ਕਰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।