ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
- ਭਾਜਪਾ ‘ਤੇ ਲਾਇਆ ਦੋਸ਼
ਨਵੀਂ ਦਿੱਲੀ, (ਏਜੰਸੀ)। ਮੱਧ ਪ੍ਰਦੇਸ਼ ਵੋਟਰ ਸੂਚੀ ‘ਚ ਗੜਬੜੀ ਦੀ ਸ਼ਿਕਾਇਤ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਦਾ ਦਰਵਾਜਾ ਖੜਕਾਇਆ ਹੈ। ਕਾਂਗਰਸ ਦਾ ਦੋਸ਼ ਹੈ ਕਿ 1 ਜਨਵਰੀ 2018 ਨੂੰ ਪ੍ਰਕਾਸ਼ਿਤ ਹੋਈ ਵੋਟਰ ਸੂਚੀ ‘ਚ 60 ਲੱਖ ਫਰਜ਼ੀ ਵੋਟਰ ਹਨ। ਕਾਂਗਰਸ ਨੇ ਇਸ ਪਿੱਛੇ ਸੱਤਾਧਾਰੀ ਭਾਜਪਾ ‘ਤੇ ਸਾਜ਼ਿਸ਼ ਦਾ ਦੋਸ਼ ਵੀ ਲਾਇਆ ਹੈ। ਨਾਲ ਹੀ ਪੂਰੇ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਅਧਿਕਾਰੀਆਂ ‘ਤੇ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।
ਚੋਣ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਪਾਰਟੀ ਦਫ਼ਤਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਵੋਟਰ ਸੂਚੀ ਨਾਲ ਜੁੜੀਆਂ ਕਈ ਗੜਬੜੀਆਂ ਦਾ ਵੇਰਵਾ ਦਿੱਤਾ। ਉਦਾਹਰਨ ਵਜੋਂ ਇੱਕ ਹੀ ਵਿਅਕਤੀ ਦਾ ਨਾਂਅ ਅਲੱਗ-ਅਲੱਗ ਬੂਥ ਦੀ ਵੋਟਰ ਸੂਚੀ ‘ਚ ਦਰਜ ਹੈ। ਕਈ ਵੋਟਰਾਂ ਦੀ ਇੱਕ ਹੀ ਤਸਵੀਰ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਮੱਧ ਪ੍ਰਦੇਸ਼ ਨਾਲ ਲੱਗਦੇ ਸੂਬਿਆਂ ਦੇ ਇਲਾਕਿਆਂ ‘ਚ ਕਈ ਅਜਿਹੇ ਵਿਅਕਤੀ ਹਨ, ਜਿਨ੍ਹਾਂ ਦਾ ਨਾਂਅ ਦੋਵਾਂ ਸੂਬਿਆਂ ਦੀ ਵੋਟਰ ਲਿਸਟ ‘ਚ ਹੈ। ਕਾਂਗਰਸ ਨੇ ਦਾਅਵਾ ਹੈ ਕਿ ਮੱਧ ਪ੍ਰਦੇਸ਼ ਦੀ ਅਬਾਦੀ ਤਾਂ 24 ਫੀਸਦੀ ਵਧੀ ਹੈ ਪਰ ਵੋਟਰ 40 ਫੀਸਦੀ ਵਧ ਗਏ ਹਨ।