ਡਾਕਟਰਾਂ ਨੇ ਸਿਹਤ ਸੇਵਾਵਾਂ ਠੱਪ ਕਰਕੇ ਲਾਇਆ ਧਰਨਾ
ਬਰਨਾਲਾ, (ਜੀਵਨ ਰਾਮਗੜ੍ਹ/ਜਸਵੀਰ ਸਿੰਘ/ਸੱਚ ਕਹੂੰ ਨਿਊਜ਼)। ਬਰਨਾਲਾ ਵਿਖੇ ਸਿਵਲ ਹਸਪਤਾਲ ਦੇ ਇੱਕ ਡਾਕਟਰ ਨਾਲ ਮਰੀਜ ਤੇ ਉਸ ਦੇ ਤੀਮਾਰਦਾਰਾਂ ਵੱਲੋਂ ਦੁਰਵਿਹਾਰ ਤੇ ਹੱਥੋਪਾਈ ਕਰਨ ਪਿੱਛੋਂ ਮਾਮਲਾ ਗਰਮਾ ਗਿਆ। ਗੁੱਸਾਏ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਠੱਪ ਕਰਦਿਆਂ ਐਂਮਰਜੈਂਸੀ ਨੂੰ ਜਿੰਦਰਾ ਜੜ ਕੇ ਧਰਨਾ ਲਾ ਦਿੱਤਾ ਅਤੇ ਮੁਲਜ਼ਮਾਂ ਖਿਲਾਫ਼ ਕਾਰਵਾਈ ਹੋਣ ਤੱਕ ਡਾਕਟਰੀ ਸੇਵਾਵਾਂ ਬੰਦ ਰੱਖਣ ਦਾ ਐਲਾਨ ਕਰ ਦਿੱਤਾ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡਾ. ਪ੍ਰਵੇਸ਼ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕਮਰੇ ‘ਚ ਡਿਊਟੀ ਦੌਰਾਨ ਮਰੀਜ਼ ਦੇਖ ਰਹੇ ਸਨ ਇਸ ਦੌਰਾਨ ਇੱਕ ਹਰਪ੍ਰੀਤ ਕੌਰ ਨਾਂਅ ਦੀ ਮਹਿਲਾ ਨੇ ਆਪਣੀ ਫਾਇਲ ਅੱਗੇ ਕਰਦਿਆਂ ਪਹਿਲਾਂ ਆਪਣੀ ਫਾਇਲ ਦੇਖਣ ਦੀ ਜ਼ਿਦ ਕੀਤੀ ਜਿਸ ‘ਤੇ ਉਨ੍ਹਾਂ ਨੇ ਮਰੀਜ਼ ਨੂੰ ਆਪਣੀ ਵਾਰੀ ਦਾ ਇੰਤਯਾਰ ਕਾਰਨ ਲਈ ਕਿਹਾ ਪ੍ਰੰਤੂ ਉਕਤ ਮਹਿਲਾ ਤੇ ਉਸ ਦੀ ਸਾਥੀ ਮਹਿਲਾ ਨੇ ਫਾਇਲ ਉਨਾਂ ਦੇ ਮੂੰਹ ‘ਤੇ ਮਾਰਦਿਆਂ ਉਹਨਾਂ ਪ੍ਰਤੀ ਅੱਭਦਰ ਸ਼ਬਦਾਂ ਦਾ ਪ੍ਰਯੋਗ ਕੀਤਾ ਤੇ ਕਮਰੇ ‘ਚੋਂ ਚਲੀਆਂ ਗਈਆਂ।
ਉਪਰੰਤ ਕੁਝ ਸਮੇਂ ਪਿੱਛੋਂ ਉਕਤ ਮਹਿਲਾ ਨਾਲ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਨਾ ਸਿਰਫ਼ ਉਨ੍ਹਾਂ ਪ੍ਰਤੀ ਅਭੱਦਰ ਸ਼ਬਦਾਂ ਦੀ ਵਰਤੋਂ ਕੀਤੀ ਸਗੋਂ ਉਹਨਾਂ ਨਾਲ ਹੱਥੋਪਾਈ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਹੰਗਾਮੇ ਸਬੰਧੀ ਪਤਾ ਲਗਦਿਆਂ ਹੀ ਤੁਰੰਤ ਨਜਦੀਕ ਹੀ ਓਪੀਡੀ ‘ਚੋਂ ਡਾਕਟਰ ਮਨਪ੍ਰੀਤ ਅਤੇ ਡਾ. ਅਸੁੰਲ ਗਰਗ ਨੇ ਪੀੜਤ ਡਾਕਟਰ ਡਾ. ਪ੍ਰਵੇਸ਼ ਕੁਮਾਰ ਦਾ ਬਚਾਓ ਕੀਤਾ। ਸਟਾਫ਼ ਅਤੇ ਡਾਕਟਰਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਮੁਲ਼ਜਮ ਹਸਤਪਾਲ ਵਿੱਚੋਂ ਫਰਾਰ ਹੋ ਗਏ। ਜਿਸ ਪਿੱਛੋਂ ਸਮੂਹ ਡਾਕਟਰਾਂ ਤੇ ਸਮੂਹ ਹਸਪਤਾਲ ਸਟਾਫ ਨੇ ਆਪਣੀਆਂ ਸੇਵਾਵਾਂ ਠੱਪ ਕਰਦਿਆਂ ਐਂਮਰਜੈਂਸੀ ਅੱਗੇ ਧਰਨਾ ਲਗਾ ਕੇ ਨਾਅਰੇਬਾਜੀ ਕਰਦਿਆਂ ਮੁਲਜ਼ਮਾਂ ਖਿਲਾਫ ਦੀ ਮੰਗ ਕੀਤੀ। ਜਦਕਿ ਮਹਿਲਾ ਮਰੀਜ ਨੇ ਆਪਣੇ ਆਪ ਨੂੰ ਨਿਰਦੋਸ਼ ਦਸਦਿਆਂ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ।
ਇਸ ਸਬੰਧੀ ਥਾਣਾ ਸਿਟੀ ਮੁਖੀ ਗੁਰਵੀਰ ਸਿੰਘ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਡਾ. ਪ੍ਰਵੇਸ਼ ਕੁਮਾਰ ਦੇ ਬਿਆਨਾਂ ਦੇ ਅਧਾਰ ‘ਤੇ ਮਹਿਲਾ ਹਰਪ੍ਰੀਤ ਕੌਰ ਪਤਨੀ ਜਗਸੀਰ ਸਿੰਘ ਵਾਸੀ ਬਰਨਾਲਾ, ਇੱਕ ਨਾਮਾਲੂਮ ਔਰਤ ਤੇ ਦੋ ਅਣਪਛਾਤੇ ਨੌਜਵਾਨਾਂ ਖਿਲਾਫ਼ 332, 353, 386, 506, 34 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।