ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਏਗਾ ਬਿੱਲ, ਵਿਧਾਇਕ ਨਹੀਂ ਆਉਣਗੇ ਇਸ ਦੇ ਅਧੀਨ
ਚੰਡੀਗੜ (ਅਸ਼ਵਨੀ ਚਾਵਲਾ) ਕਲ ਤੋਂ ਬਾਅਦ ਕਿਸੇ ਵੀ ਕੈਬਨਿਟ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਨੂੰ ਆਪਣੀ ਤਨਖ਼ਾਹ ਅਤੇ ਹੋਰ ਸਹੂਲਤਾਂ ‘ਤੇ ਪੈਣ ਵਾਲਾ ਆਮਦਨ ਕਰ ਖੁਦ ਆਪਣੀ ਜੇਬ ਵਿੱਚੋਂ ਹੀ ਭਰਨਾ ਪਏਗਾ, ਕਿਉਂਕਿ ਅੱਜ ਵਿਧਾਨ ਸਭਾ ਵਿੱਚ ਇਸ ਬਿਲ ਨੂੰ ਪੇਸ਼ ਕੀਤਾ ਜਾਏਗਾ। ਜਿਸ ਤੋਂ ਬਾਅਦ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਸਣੇ ਵਿਰੋਧੀ ਧਿਰ ਦੇ ਆਗੂ ਨੂੰ ਪਿਛਲੇ ਸਾਲਾਂ ਤੋਂ ਮਿਲ ਰਿਹਾ ਇਹ ਫਾਇਦਾ ਅੱਜ ਤੋਂ ਖ਼ਤਮ ਹੋ ਜਾਏਗਾ। ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ।
ਜਿਸ ਵਿੱਚ ਮੰਤਰੀ ਮੰਡਲ ਦੇ 19 ਮਾਰਚ, 2018 ਦੇ ਫੈਸਲੇ ਨਾਲ ਅਣਭੋਲ ਹੀ ਪੈਦਾ ਹੋਈ ਉਣਤਾਈ ਨੂੰ ਹਲ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਮੁੱਖ ਮੰਤਰੀ ਨੇ ਪਹਿਲਾਂ ਮੰਤਰੀਆਂ ਦੀ ਤਨਖਾਹ ਅਤੇ ਭੱਤਿਆਂ ‘ਤੇ ਕਰ ਦਾ ਬੋਝ ਉਨਾਂ ‘ਤੇ ਪਾਉਣ ਦੇ ਫੈਸਲੇ ਦਾ ਐਲਾਨ ਕੀਤਾ ਸੀ ਅਤੇ ਜ਼ਰੂਰੀ ਸੋਧ ਕਰਦੇ ਹੋਏ ਅਣਭੋਲ ਵਿੱਚ ਹੀ ‘ ਦੀ ਇਸਟ ਪੰਜਾਬ ਮਨਿਸਟਰਜ਼ ਸੈਲਰੀਜ਼ ਐਕਟ, 1947 ‘ ਦੀ ਸਮੂੱਚੀ ਧਾਰਾ-2 ਸੀ ਹਟਾ ਦਿੱਤੀ ਸੀ। ਇਸ ਦੇ ਨਤੀਜੇ ਵਜੋਂ ਸਾਰੇ ਮੰਤਰੀਆਂ ਆਦਿ ਦੇ ਸਾਰੇ ਪਰਕਜ਼ ਵੀ ਆਮਦਨ ਕਰ ਦੇ ਘੇਰੇ ਵਿੱਚ ਆ ਗਏ ਸਨ ਜਿਸ ਕਰਕੇ ਕੁਝ ਮਾਮਲਿਆਂ ਵਿੱਚ ਕਰ ਦੀ ਦੇਣਦਾਰੀ ਤਨਖਾਹ ਨਾਲੋਂ ਵੀ ਵਧ ਗਈ ਸੀ।
ਗੌਰਤਲਬ ਹੈ ਕਿ 1947 ਤੋਂ ਪੰਜਾਬ ਸਰਕਾਰ ਮੰਤਰੀਆਂ ਦੀਆਂ ਤਨਖਾਹਾਂ/ਭੱਤਿਆਂ ਅਤੇ ਪਰਕਜ਼ ‘ਤੇ ਟੈਕਸ ਦਾ ਭੁਗਤਾਨ ਕਰਦੀ ਆ ਰਹੀ ਸੀ। ਪਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਿਛਲੇ ਸਾਲ ਕਾਨੂੰਨ ਵਿੱਚ ਸੋਧ ਕਰਨ ਦਾ ਫੈਸਲਾ ਲਿਆ ਸੀ। ਧਾਰਾ-2 ਸੀ ਦੇ ਹੇਠ ਮੁੱਖ ਮੰਤਰੀ, ਮੰਤਰੀ, ਉਪ ਮੰਤਰੀਆਂ ਅਤੇ ਵਿਰੋਂਧੀ ਧਿਰ ਦੇ ਆਗੂ ਦੀ ਤਨਖਾਹ, ਭੱਤਿਆਂ, ਮੁਫ਼ਤ ਤਿਆਰ ਘਰ ਅਤੇ ਹੋਰ ਪਰਕਜ਼ ‘ਤੇ ਆਮਦਨ ਕਰ ਦਾ ਭੁਗਤਾਨ ਸੂਬਾ ਸਰਕਾਰ ਕਰਦੀ ਸੀ। ਇਕ ਸਰਕਾਰੀ ਬੁਲਾਰੇ ਦੇ ਅਨੁਸਾਰ ਇਸ ਉਣਤਾਈ ਨੂੰ ਖਤਮ ਕਰਨ ਲਈ ਮੰਤਰੀ ਮੰਡਲ ਨੇ ਧਾਰਾ 2-ਸੀ, ਕਾਨੂੰਨ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।
ਇਸ ਦੇ ਹੇਠ ਕੇਵਲ ਤਨਖਾਹਾਂ ਅਤੇ ਭੱਤਿਆਂ ‘ਤੇ ਮੰਤਰੀਆਂ ਵੱਲੋਂ ਆਮਦਨ ਕਰ ਦਾ ਭੁਗਤਾਨ ਖੁਦ ਕੀਤਾ ਜਾਵੇਗਾ ਨਾ ਕਿ ਹੋਰ ਪਰਕਜ਼ ਅਤੇ ਉਨਾਂ ਨੂੰ ਦਿੱਤੇ ਗਏ ਲਾਭਾਂ ‘ਤੇ । ਪ੍ਰਸਤਾਵਿਤ ਧਾਰਾ ਦੇ ਅਨੁਸਾਰ ਮੰਤਰੀਆਂ ਨੂੰ ਮਿਲਦਾ ਮੁਫਤ ਤਿਆਰ ਘਰ ਅਤੇ ਹੋਰ ਪਰਕਜ਼ ‘ਤੇ ਆਮਦਨ ਕਰ ਦਾ ਭੁਗਤਾਨ ਸਰਕਾਰ ਵੱਲੋਂ ਕੀਤਾ ਜਾਵੇਗਾ। ਬੁਲਾਰੇ ਅਨੁਸਾਰ ‘ਦੀ ਇਸਟ ਪੰਜਾਬ ਮਨਿਸਟਰਜ਼ ਸੈਲਰੀਜ਼ ਐਕਟ, 1947’ ਦੇ ਸੋਧੇ ਬਿੱਲ ਦਾ ਖਰੜਾ ਸਦਨ ਵਿੱਚ ਰਖਿਆ ਜਾਵੇ।ਗੌਰਤਲਬ ਹੈ ਕਿ ਵਿਧਾਇਕਾਂ ਦੀ ਤਨਖਾਹ ਅਤੇ ਭੱਤਿਆਂ ‘ਤੇ ਆਮਦਨ ਕਰ ਅਜਿਹੇ ਵੀ ਸੂਬਾ ਸਰਕਾਰ ਅਦਾ ਕਰਦੀ ਹੈ।
ਦੂਜੇ ਦਿਨ ਵੀ ਗੈਰ ਹਾਜ਼ਰ ਰਹੇ ਨਵਜੋਤ ਸਿੱਧੂ, ਅੰਮ੍ਰਿਤਸਰ ‘ਚ ਲਾਇਆ ਹੋਇਆ ਐ ਡੇਰਾ
ਅਸ਼ਵਨੀ ਚਾਵਲਾ, ਚੰਡੀਗੜ| ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿਣ ਵਾਲੇ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਨਵਜੋਤ ਸਿੱਧੂ ਅੱਜ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਵੀ ਵਿਧਾਨ ਸਭ ਤੋਂ ਗੈਰ ਹਾਜ਼ਰ ਰਹੇ। ਨਵਜੋਤ ਸਿੱਧੂ ‘ਤੇ ਹਰ ਕਿਸੇ ਦੀ ਨਜ਼ਰ ਸੀ ਕਿ ਉਹ ਅੱਜ ਸੋਮਵਾਰ ਨੂੰ ਸੈਸ਼ਨ ਦੇ ਦੂਜੇ ਦਿਨ ਜਰੂਰ ਆਉਣਗੇ ਪਰ ਦੂਜੇ ਦਿਨ ਵੀ ਨਵਜੋਤ ਸਿੱਧੂ ਨੇ ਗੈਰਹਾਜ਼ਰੀ ਪਾਉਂਦੇ ਹੋਏ ਸਾਫ਼ ਕਰ ਦਿੱਤਾ ਹੈ ਕਿ ਹੁਣ ਉਹ ਸਰਗਰਮ ਸਿਆਸਤ ਤੋਂ ਦੂਰ ਰਹਿੰਦੇ ਹੋਏ ਆਪਣੇ ਵਿਧਾਨ ਸਭਾ ਹਲਕੇ ਤੱਕ ਹੀ ਸੀਮਤ ਰਹਿਣਗੇ। ਨਵਜੋਤ ਸਿੱਧੂ ਪਿਛਲੇ ਕਾਫ਼ੀ ਦਿਨਾਂ ਤੋਂ ਅੰਮ੍ਰਿਤਸਰ ਵਿਖੇ ਹੀ ਰਹਿ ਰਹੇ ਹਨ ਅਤੇ ਸੋਮਵਾਰ ਨੂੰ ਵੀ ਆਪਣੇ ਵਿਧਾਨ ਸਭਾ ਹਲਕੇ ਵਿੱਚ ਹੀ ਸਿੱਧੂ ਸਨ। ਉਹ ਦੂਜੇ ਦਿਨ ਵੀ ਵਿਧਾਨ ਸਭਾ ਸੈਸ਼ਨ ‘ਚ ਹਾਜ਼ਰ ਨਾ ਹੋਣ ਕਰਕੇ ਹੁਣ ਤੀਜੇ ਤੇ ਆਖ਼ਰੀ ਦਿਨ ਬੁੱਧਵਾਰ ਨੂੰ ਵੀ ਸਿੱਧੂ ਦੀ ਹਾਜਰੀ ਲਗਾਉਣ ਦੇ ਆਸਾਰ ਹੁਣ ਨਾ ਦੇ ਬਰਾਬਰ ਹੀ ਰਹਿ ਗਏ ਹਨ।