ਕਿਹਾ, ਇੱਕ ਵਾਰ ਦਾ ਵਿਧਾਇਕ ਪੂਰੀ ਉਮਰ ਲਈ ਪੈਨਸ਼ਨ ਦਾ ਹੱਕਦਾਰ ਪਰ 15 ਸਾਲ ਦਾ ਕੱਚਾ ਮੁਲਾਜ਼ਮ ਰੈਗੂਲਰ ਨੌਕਰੀ ਦਾ ਹੱਕਦਾਰ ਨਹੀਂ
ਮਨਪ੍ਰੀਤ ਬਾਦਲ ਦਾ ਘਰ ਘੇਰਨ ਦੀ ਦਿੱਤੀ ਚਿਤਾਵਨੀ
ਸੰਗਰੂਰ
ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਅੱਜ ਆਪਣੇ ਬੱਚੇ ਮੰਤਰੀਆਂ ਨੂੰ ਸੌਂਪਣ ਉਨ੍ਹਾਂ ਦੇ ਘਰ ਪੁੱਜੇ ਇਹ ਹੁਣ ਤੱਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਹੈ ਕਿ ਕੱਚੇ ਤੇ ਸੁਵਿਧਾ ਮੁਲਾਜ਼ਮ ਆਪਣੇ ਬੱਚੇ ਮੰਤਰੀਆਂ ਨੂੰ ਸੌਂਪਣ ਪੁੱਜੇ ਹੋਣ ਅੱਜ ਇੱਥੇ
ਮੁਲਾਜ਼ਮ ਆਪਣੇ ਬੱਚਿਆਂ ਸਮੇਤ ਇਕੱਠੇ ਹੋਣ ਉਪਰੰਤ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਓ. ਪੀ. ਸੋਨੀ ਦੇ ਘਰ ਪੁੱਜੇ
ਇਸ ਮੌਕੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਇਮਰਾਨ ਭੱਟੀ, ਰਣਜੀਤ ਸਿੰਘ ਰਾਣਵਾਂ, ਅੰਮ੍ਰਿਤਪਾਲ ਸਿੰਘ, ਸੰਜੀਵ ਕਾਕੜਾ, ਰਣਧੀਰ ਸਿੰਘ, ਗੁਰਪ੍ਰੀਤ ਸਿੰਘ, ਰਾਜ ਕੁਮਾਰ, ਦਲਜਿੰਦਰ ਸਿੰਘ ਆਦਿ ਨੇ ਕਿਹਾ ਕਿ ਸਰਕਾਰ 18 ਮਹੀਨਿਆਂ ਦੌਰਾਨ ਹੀ ਧੱਕੇਸ਼ਾਹੀ ‘ਤੇ ਉਤਰ ਆਈ ਹੈ ਤੇ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਨੁਮਾਇੰਦਾ ਮੁਲਾਜ਼ਮਾਂ ਦੀ ਗੱਲ ਸੁਨਣ ਨੂੰ ਤਿਆਰ ਨਹੀਂ ਹੈ ਮੁਲਾਜ਼ਮਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਇੱਕ ਵਾਰ ਵਿਧਾਇਕ ਬਨਣ ‘ਤੇ ਪੂਰੀ ਉਮਰ ਲਈ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ ਤੇ ਲੱਖਾਂ ਰੁਪਏ ਦਾ ਇਹ ਖਰਚ ਖਜ਼ਾਨੇ ‘ਤੇ ਬੋਝ ਨਹੀਂ ਹੁੰਦਾ ਪਰ 10-15 ਸਾਲ ਕੰਮ ਕਰਨ ਵਾਲਾ ਮੁਲਾਜ਼ਮ ਐਨਾ ਲੰਮਾ ਸਮਾਂ ਸਰਕਾਰ ਦਾ ਕੰਮ ਕਰਨ ਦੇ ਬਾਵਜੂਦ ਸਰਕਾਰ ਦੇ ਕੀਤੇ ਵਾਅਦਿਆਂ ਤੋਂ ਬਾਅਦ ਵੀ ਪੱਕਾ ਹੋਣ ਦਾ ਹੱਕਦਾਰ ਨਹੀਂ ਹੈ
ਆਗੂਆਂ ਕਿਹਾ ਕਿ ਹਰ ਇੱਕ ਵਿਧਾਇਕ ਤੇ ਮੰਤਰੀ ਲੱਖਾਂ ਰੁਪਏ ਤਨਖਾਹ ਅਤੇ ਪੈਨਸ਼ਨ ਲੈ ਰਿਹਾ ਹੈ ਤੇ ਸਾਰੇ ਮੰਤਰੀ ਮਾਲਾਮਾਲ ਹਨ, ਜਿਸ ਕਰਕੇ ਮੁਲਾਜ਼ਮਾਂ ਨੇ ਫੈਸਲਾ ਕੀਤਾ ਹੈ ਕਿ ਮੁਲਾਜ਼ਮ ਆਪਣੇ ਬੱਚਿਆਂ ਨੂੰ ਮੰਤਰੀਆਂ ਘਰ ਛੱਡ ਕੇ ਆਉਣ ਤਾਂ ਜੋ ਉਨ੍ਹਾਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਹੋ ਸਕੇ ਕਿਉਂਕਿ ਇੱਕ ਤਾਂ ਮੰਤਰੀ ਤਨਖਾਹਾਂ ਵਧੀਆ ਲੈ ਰਹੇ ਹਨ ਤੇ ਦੂਸਰਾ ਵੋਟਾਂ ਵੇਲੇ ਕਈ ਸਮਾਜ ਸੇਵੀ ਕੰਮ ਕਰਨ ਦੇ ਵੀ ਵਾਅਦੇ ਕਰਦੇ ਹਨ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਬਾਅਦ ਸੱਤਾ ‘ਚ ਆਉਣ ‘ਤੇ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰੇਗੀ ਤੇ ਮੁਲਾਜ਼ਮਾਂ ਦੇ ਹਾਲਾਤ ਗੁਜ਼ਾਰੇ ਜੋਗੇ ਹੋ ਜਾਣਗੇ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਮੁਲਾਜ਼ਮਾਂ ਨੂੰ ਮਰਨ ਕਿਨਾਰੇ ਕਰ ਦਿੱਤਾ ਹੈ ਮੁਲਾਜ਼ਮਾਂ ਦੇ ਹਾਲਾਤ ਹੁਣ ਇਹ ਹੋ ਗਏ ਹਨ ਕਿ ਮੁਲਾਜ਼ਮਾਂ ਦੇ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਮੁਮਕਿਨ ਨਹੀਂ ਹੈ
ਆਗੂਆਂ ਕਿਹਾ ਕਿ ਇਸ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਆਪਣੇ ਮੰਤਰੀਆਂ ਅਤੇ ਓਐੱਸਡੀ ਦੇ ਭੱਤੇ ਵਧਾ ਰਹੀ ਹੈ ਤੇ 10-12 ਸਾਲਾਂ ਤੋਂ ਕੰਮ ਕਰਦੇ
ਮੁਲਾਜ਼ਮਾਂ ਨੂੰ ਜੋ ਗੁਜ਼ਾਰੇ ਜਿੰਨੀ ਤਨਖਾਹ ਮਿਲ ਰਹੀ ਹੈ ਉਸ ‘ਤੇ ਵੱਡਾ ਕੱਟ ਲਾਇਆ ਜਾ ਰਿਹਾ ਹੈ ਜਿਸਦੀ ਜਿਉਂਦੀ ਜਾਗਦੀ ਮਿਸਾਲ ਹੈ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਕੱਚੇ ਅਧਿਆਪਕ ਜਿਨ੍ਹਾਂ ਨਾਲ ਰੈਗੂਲਰ ਕਰਨ ਦੇ ਨਾਂਅ ‘ਤੇ ਸਰਕਾਰ ਸੌਦਾ ਕਰ ਰਹੀ ਹੈ ਸੂਬੇ ‘ਚ ਕੰਮ ਕਰ ਰਹੇ ਕੱਚੇ ਅਧਿਆਪਕਾਂ ਦੇ ਘਰ ਉਜ਼ਾੜ ਕੇ 45 ਹਜ਼ਾਰ ਤਨਖਾਹ ਲੈ ਰਹੇ ਕੱਚੇ ਅਧਿਆਪਕਾਂ ਨੂੰ 10300 ਲੈਣ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾਉਣ ਦਾ ਇਹ ਬਹਾਨਾ ਬਣਾ ਰਹੀ ਹੈ ਕਿ ਸਾਡੇ ਕੋਲ ਫੰਡ ਮੌਜ਼ੂਦ ਨਹੀਂ ਹੈ ਜੇਕਰ ਸਰਕਾਰ ਦੇ ਵਿਧਾਇਕ ਤੇ ਮੰਤਰੀ ਬਿਜਲੀ ਦੀ ਸਬਸਿਡੀ ਤੇ ਇਨਕਮ ਟੈਕਸ ਸਰਕਾਰ ਤੋਂ ਲੈ ਸਕਦੇ ਹਨ, ਓਐੱਸਡੀ 25 ਹਜ਼ਾਰ ਮਕਾਨ ਭੱਤਾ ਲੈ ਸਕਦੇ ਹਨ ਤਾਂ ਦਿਨ ਰਾਤ ਮਿਹਨਤ ਕਰਨ ਵਾਲਾ ਮੁਲਾਜ਼ਮ ਆਪਣੇ ਹੱਕ ਦੀ ਕਮਾਈ ਕਿਉਂ ਨਹੀਂ ਲੈ ਸਕਦਾ
ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਹੁਣ ਵੀ
ਮੁਲਾਜ਼ਮਾਂ ਦੀ ਗੱਲ ਨਾ ਸੁਣੀ ਤਾਂ ਸੂਬੇ ਭਰ ਦੇ ਸਮੂਹ ਮੁਲਾਜ਼ਮ ਮਨਪ੍ਰੀਤ ਸਿੰਘ ਬਾਦਲ ਦੇ ਘਰ ਲੰਬੀ ਵਿਖੇ ਇਕ ਹੋਰ ਵੱਖਰਾ ਪ੍ਰਦਰਸ਼ਨ ਕਰਨਗੇ ਇਸ ਮੌਕੇ ਗੁਰਮੀਤ ਸਿੰਘ ਮੁਕਤਸਰ, ਪੰਕਜ ਕੁਮਾਰ, ਸਨੀ ਕੁਮਾਰ, ਮੇਲਾ ਸਿੰਘ, ਹਰਪਿੰਦਰ ਸਿੰਘ, ਗੁਰਬਖਸ਼ ਸਿੰਘ, ਸਤਨਾਮ ਸਿੰਘ, ਜਤਿਨ ਮਹਿਤਾ, ਮਨੀਸ਼ ਕੁਮਾਰ, ਸੁਮਿਤ ਕੁਮਾਰ, ਵਰਿੰਦਰ ਸਿੰਘ, ਕੁਲਦੀਪ ਸਿੰਘ, ਦੇਵਿਕਾ ਰਾਣੀ ਆਦਿ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।