ਮਨਪ੍ਰੀਤ ਦੀ ਕਪਤਾਨੀ ਪਾਰੀ ਸ਼ੁਰੂ, ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਪੇਸ਼ ਕੀਤਾ
ਅਸ਼ਵਨੀ ਚਾਵਲਾ, ਚੰਡੀਗੜ੍ਹ, 20 ਜੂਨ:ਅਮਰਿੰਦਰ ਸਰਕਾਰ ਵਿੱਚ ਮਨਪ੍ਰੀਤ ਬਾਦਲ ਨੇ ਵੀ ਬਤੌਰ ਖਜਾਨਾ ਮੰਤਰੀ ਆਪਣੀ ‘ਕਪਤਾਨੀ ਪਾਰੀ’ ਸ਼ੁਰੂ ਕਰ ਕਰਕੇ ਬਜਟ ਦਰਮਿਆਨ ਵੱਡੇ ਵੱਡੇ ਐਲਾਨ ਕਰਦੇ ਹੋਏ ਹਰ ਵਰਗ ਨੂੰ ਕੁਝ ਨਾ ਕੁਝ ਦੇ ਦਿੱਤਾ ਹੈ।
ਹਾਲਾਂਕਿ ਇਸ ਕਾਂਗਰਸ ਸਰਕਾਰ ਦੇ ਪਹਿਲੇ ਬਜਟ ਵਿੱਚ 23 ਹਜ਼ਾਰ 92 ਕਰੋੜ ਰੁਪਏ ਦਾ ਵਿੱਤੀ ਘਾਟਾ ਵੀ ਦਿਖਾਇਆ ਗਿਆ ਹੈ ਪਰ ਮਨਪ੍ਰੀਤ ਬਾਦਲ ਨੇ ਇਸ ਵਿੱਤੀ ਘਾਟੇ ਨੂੰ ਵੀ ਜਲਦ ਹੀ ਬਰਾਬਰ ਕਰਨ ਦਾ ਭਰੋਸਾ ਵੀ ਜਤਾਇਆ ਹੈ। ਮਨਪ੍ਰੀਤ ਬਾਦਲ ਨੇ ਆਪਣੀ ਸਰਕਾਰ ਦੇ ਪਹਿਲੇ ਬਜਟ ਦਾ ਅਕਾਰ 1 ਲੱਖ 18 ਹਜ਼ਾਰ 237 ਕਰੋੜ 90 ਲੱਖ ਦਾ ਰੱਖਿਆ ਹੈ। ਪੰਜਾਬ ਨੇ ਆਪਣਾ ਪਹਿਲੀ ਵਾਰ 1 ਲੱਖ ਹਜ਼ਾਰ ਕਰੋੜ ਤੋਂ ਜਆਦਾ ਬਜਟ ਪੇਸ਼ ਕੀਤਾ ਹੈ।
ਹਰ ਵਰਗ ਨੂੰ ਦਿੱਤਾ ਕੁਝ ਨਾ ਕੁਝ
ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਵਿੱਚ ਆਪਣਾ ਪਹਿਲਾ ਬਜਟ ਪੇਸ਼ ਕਰਦੇ ਹੋਏ ਸਭ ਤੋਂ ਪਹਿਲਾਂ ਕਿਸਾਨਾਂ ਦੀ ਤਰਸਯੋਗ ਹਾਲਤ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਠੀਕ ਕਰਨ ਲਈ ਯਤਨਸ਼ੀਲ ਹੋਣ ਸਬੰਧੀ ਵਾਅਦਾ ਕਰਦੇ ਹੋਏ 1500 ਕਰੋੜ ਰੁਪਏ ਕਿਸਾਨੀ ਕਰਜ਼ੇ ਲਈ ਬਜਟ ਵਿੱਚ ਐਲਾਨ ਕਰ ਦਿੱਤਾ ਹੈ।
ਹਾਲਾਂਕਿ ਕਿਸਾਨੀ ਕਰਜ਼ੇ ਸਾਹਮਣੇ 1500 ਕਰੋੜ ਬਹੁਤ ਹੀ ਛੋਟੀ ਰਕਮ ਐ ਪਰ ਮਨਪ੍ਰੀਤ ਬਾਦਲ ਨੇ ਇਸ ਨੂੰ ਸਿਰਫ਼ ਸ਼ਗਨ ਦੇ ਤੌਰ ਟੋਕਨ ਰਕਮ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਹੁਣ ਕਿਸਾਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਕਿਸਾਨਾਂ ਦਾ ਕਰਜ਼ਾ ਤਾਂ ਸਰਕਾਰ ਆਪਣੇ ਸਿਰ ਲਵੇਗੀ, ਜਦੋਂ ਕਿ ਇਹ 1500 ਕਰੋੜ ਰੁਪਏ ਤਾਂ ਬੈਂਕਾਂ ਲਈ ਰੱਖੇ ਗਏ ਹਨ, ਜਿਸ ਨਾਲ ਪਹਿਲੀ ਕਿਸ਼ਤ ਬੈਂਕਾਂ ਨੂੰ ਦੇ ਕੇ ਅਗਲੀਆਂ ਕਿਸ਼ਤਾਂ ਫਾਈਨਲ ਹੋਣਗੀਆਂ, ਜਦੋਂ ਕਿ ਕਿਸਾਨ ਤਾਂ ਅਗਲੇ 2-3 ਮਹੀਨਿਆਂ ਵਿੱਚ ਹੀ ਕਰਜ਼ਾ ਮੁਕਤ ਹੋ ਜਾਣਗੇ। ਇਸ ਨਾਲ ਹੀ ਮਨਪ੍ਰੀਤ ਬਾਦਲ ਨੇ ਆਪਣੇ ਪਹਿਲੇ ਬਜਟ ਵਿੱਚ ਸਿਹਤ ਸੇਵਾਵਾਂ ਤੋਂ ਲੈ ਕੇ ਸਕੂਲੀ ਸਿੱਖਿਆ ਸਣੇ ਹਰ ਵਰਗ ਨੂੰ ਕੁਝ ਨਾ ਕੁਝ ਦਿੱਤਾ ਹੈ।
ਕਾਂਗਰਸ ਸਰਕਾਰ ਆਪਣੇ ਪਹਿਲੇ ਸਾਲ ਦੇ ਬਜਟ ਵਿੱਚ ਕਿਸੇ ਨੂੰ ਵੀ ਨਰਾਜ਼ ਨਹੀਂ ਕਰਨਾ ਚਾਹੁੰਦੀ ਸੀ, ਜਿਸ ਕਾਰਨ ਭਾਵੇਂ ਥੋੜਾ ਜਿਹਾ ਪਰ ਹਰ ਕਿਸੇ ਨੂੰ ਖ਼ੁਦ ਕਰਨ ਦੀ ਕੋਸ਼ਸ਼ ਕੀਤੀ ਗਈ ਹੈ।
ਕਈ ਵੱਡੇ ਹੋਏ ਐਲਾਨ
- ਪਛੜੀਆਂ ਸ਼੍ਰੇਣੀਆਂ ਤੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਦਾ ਵੀ ਹੋਵੇਗਾ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਮੁਆਫ਼
- ਤੇਜ਼ਾਬ ਹਮਲੇ ਦੀਆਂ ਪੀੜਤ ਔਰਤਾਂ ਨੂੰ ਮਿਲੇਗੀ 8 ਹਜ਼ਾਰ ਰੁਪਏ ਵਿੱਤੀ ਸਹਾਇਤਾ
- 100 ਨਵੇਂ ਪੁਲਿਸ ਥਾਣਿਆਂ ਦੀ ਹੋਵੇਗੀ ਉਸਾਰੀ
- ਮੁਹਾਲੀ ਵਿਖੇ ਖੁੱਲ੍ਹੇਗਾ ਮੈਡੀਕਲ ਕਾਲਜ
- ਪ੍ਰਾਇਮਰੀ ਸਕੂਲਾਂ ਵਿੱਚ 10 ਕਰੋੜ ਨਾਲ ਲੱਗਣਗੇ ਨਵੇਂ ਕੰਪਿਊਟਰ
- ਸਕੂਲਾਂ ਵਿੱਚ ਖਤਮ ਹੋਣਗੇ ਬਲੈਕ ਬੋਰਡ, ਲੱਗਣਗੇ ਗਰੀਨ ਬੋਰਡ
- ਪੰਜਾਬ ‘ਚ ਖੁੱਲ੍ਹਣਗੇ 5 ਨਵੇਂ ਡਿਗਰੀ ਕਾਲਜ
- ਮੁੱਖ ਮੰਤਰੀ ਵਜੀਫ਼ਾ ਸਕੀਮ ਰਾਹੀਂ ਮਿਲੇਗਾ ਹੁਸ਼ਿਆਰ ਵਿਦਿਆਰਥੀਆਂ ਨੂੰ 100 ਫੀਸਦੀ ਤੱਕ ਵਜੀਫ਼ਾ
- ਪਟਿਆਲਾ ਵਿਖੇ ਬਣੇਗੀ ਖੇਡ ਯੂਨੀਵਰਸਿਟੀ
- ਪਟਿਆਲਾ ਤੇ ਬਠਿੰਡਾ ਵਿਖੇ ਮੁੜ ਸ਼ੁਰੂ ਹੋਣਗੇ ਵਿਰਾਸਤੀ ਮੇਲੇ, ਖ਼ਰਚ ਹੋਣਗੇ 7 ਕਰੋੜ ਰੁਪਏ
-
ਪੈਨਸ਼ਨ 750 ਰੁਪਏ ਕੀਤੀ ਪਰ ਹਰਿਆਣੇ ਦੇ ਮੁਕਾਬਲੇ ਅੱਧੀ ਵੀ ਨਹੀਂ
ਕਾਂਗਰਸ ਸਰਕਾਰ ਨੇ ਆਪਣੇ ਪਹਿਲੇ ਹੀ ਸਾਲ ਵਿੱਚ ਹਰ ਤਰ੍ਹਾਂ ਦੀ ਪੈਨਸ਼ਨ ਵਿੱਚ 50 ਫੀਸਦੀ ਵਾਧਾ ਕਰਦੇ ਹੋਏ 500 ਰੁਪਏ ਤੋਂ ਵਧਾ ਕੇ 750 ਰੁਪਏ ਕਰ ਦਿੱਤਾ ਹੈ। ਪੰਜਾਬ ਵਿੱਚ ਇਸ ਸਮੇਂ 21.90 ਲੱਖ ਪੈਨਸ਼ਨਰ ਹਨ, ਜਿਨਾਂ ‘ਤੇ ਹੁਣ ਤੱਕ ਸਾਲਾਨਾ ਸਰਕਾਰ 1314 ਕਰੋੜ ਰੁਪਏ ਪੈਨਸ਼ਨ ਦੇਣ ‘ਤੇ ਖਰਚ ਕਰਦੀ ਸੀ, ਜਿਹੜਾ ਕਿ ਹੁਣ 1971 ਕਰੋੜ ਰੁਪਏ ਦਾ ਖ਼ਰਚਾ ਹੋ ਜਾਵੇਗਾ ਪਰ ਹਰਿਆਣੇ ਦੇ ਮੁਕਾਬਲੇ ਇਹ ਰਾਸ਼ੀ ਅੱਧੀ ਵੀ ਨਹੀਂ
-
ਹਰਿਆਣਾ ਸਰਕਾਰ 1600 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਰਹੀ ਹੈ
ਇਸ ਨਾਲ ਹੀ ਪੰਜਾਬ ਸਰਕਾਰ ਨੇ ਸ਼ਗਨ ਨੂੰ ਵਧਾਉਂਦੇ ਹੋਏ 15 ਹਜ਼ਾਰ ਦੀ ਥਾਂ ‘ਤੇ 21 ਹਜ਼ਾਰ ਰੁਪਏ ਕਰ ਦਿੱਤਾ ਹੈ।
ਫ਼ਸਲ ਖਰਾਬ ਹੋਈ ਤਾਂ ਮਿਲੇਗਾ 8 ਦੀ ਥਾਂ ‘ਤੇ 12 ਹਜ਼ਾਰ ਰੁਪਏ ਮੁਆਵਜ਼ਾ
ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਲਈ 1500 ਕਰੋੜ ਰੁਪਏ ਰੱਖਣ ਦੇ ਨਾਲ ਹੀ ਮਨਪ੍ਰੀਤ ਬਾਦਲ ਨੇ ਐਲਾਨ ਕੀਤਾ ਹੈ ਕਿ ਜੇਕਰ ਹੁਣ ਤੋਂ ਕਿਸੇ ਵੀ ਕਾਰਨਾਂ ਕਰਕੇ ਕਿਸੇ ਵੀ ਕਿਸਾਨ ਦੀ ਫਸਲ ਖਰਾਬ ਹੋਈ ਤਾਂ ਹੁਣ ਕਿਸਾਨ ਨੂੰ 8 ਹਜ਼ਾਰ ਰੁਪਏ ਮੁਆਵਜ਼ੇ ਦੀ ਥਾਂ ‘ਤੇ 12 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਪ੍ਰਾਪਰਟੀ ‘ਚ ਤੇਜ਼ੀ ਲਿਆਉਣ ਦਾ ਯਤਨ, ਸਟੈਂਪ ਡਿਊਟੀ ‘ਚ 33 ਫੀਸਦੀ ਛੋਟ
ਅਮਰਿੰਦਰ ਸਰਕਾਰ ਨੇ ਆਪਣੇ ਪਹਿਲੇ ਬਜਟ ਵਿੱਚ ਰੀਅਲ ਅਸਟੇਟ ਅਤੇ ਪ੍ਰਾਪਰਟੀ ਵਿੱਚ ਆਈ ਮੰਦੀ ਨੂੰ ਖ਼ਤਮ ਕਰਨ ਲਈ ਵੱਡਾ ਐਲਾਨ ਕਰ ਦਿੱਤਾ ਹੈ। ਹੁਣ ਸ਼ਹਿਰੀ ਖੇਤਰ ਵਿੱਚ ਹੋਣ ਵਾਲੀ ਜ਼ਮੀਨ ਦੀ ਰਜਿਸਟਰੀ ‘ਤੇ ਲੱਗਣ ਵਾਲੇ ਸਟੈਂਪ ਡਿਊਟੀ ‘ਚ 33 ਫੀਸਦੀ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ ਪੰਜਾਬ ਵਿੱਚ ਰਜਿਸਟਰੀ ਕਰਵਾਉਣ ‘ਤੇ 9 ਫੀਸਦੀ ਟੈਕਸ ਦੇਣਾ ਪੈਂਦਾ ਸੀ, ਜਦੋਂ ਕਿ ਹੁਣ 6 ਫੀਸਦੀ ਦੇਣਾ ਪਏਗਾ।
ਬਜਟ ‘ਚ ਮੁੱਖ ਐਲਾਨ
ਨੌਜਵਾਨਾਂ ਨੂੰ ਮਿਲਣਗੇ ਮੋਬਾਇਲ, ਲੱਗੇਗੀ ਭਗਤ ਸਿੰਘ ਦੀ ਫੋਟੋ
ਪੰਜਾਬ ਦੇ ਨੌਜਵਾਨਾਂ ਨੂੰ ਇਸ ਬਜਟ ‘ਚ ਸਮਾਰਟ ਮੋਬਾਇਲ ਫੋਨ ਦੇਣ ਲਈ 10 ਕਰੋੜ ਰੁਪਏ ਰੱਖੇ ਗਏ ਹਨ ਤਾਂ ਕਿ ਨੌਜਵਾਨਾਂ ਨੂੰ ਪਹਿਲੇ ਸਾਲ ਵਿੱਚ ਜ਼ਿਆਦਾ ਤੋਂ ਜ਼ਿਆਦਾ ਮੋਬਾਇਲ ਫੋਨ ਦਿੱਤੇ ਜਾ ਸਕਣ। ਹਾਲਾਂਕਿ ਮਨਪ੍ਰੀਤ ਬਾਦਲ ਨੇ ਜਾਣਕਾਰੀ ਦਿੱਤੀ ਕਿ ਮੋਬਾਇਲ ਫੋਨ ਤਾਂ ਇੱਕ ਕੰਪਨੀ ਮੁਫ਼ਤ ਵੀ ਦੇਣ ਨੂੰ ਤਿਆਰ ਹੈ ਪਰ ਸਰਕਾਰ ਮੁਫ਼ਤ ਦੀ ਥਾਂ ‘ਤੇ ਸਮਾਰਟ ਫੋਨ ਸਮਾਰਟ ਤਰੀਕੇ ਨਾਲ ਸਸਤੇ ਭਾਅ ਵਿੱਚ ਖਰੀਦਣ ਜਾ ਰਹੀ ਹੈ ਅਤੇ ਇਨ੍ਹਾਂ ਸਮਾਰਟ ਫੋਨ ‘ਤੇ ਕਿਸੇ ਲੀਡਰ ਦੀ ਨਹੀਂ ਸਗੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੇਗੀ।
ਬੇਰੁਜ਼ਗਾਰਾਂ ਨੂੰ ਮਿਲਣਗੇ ਟਰੈਕਟਰ, ਬਣੇਗੀ ਯਾਰੀ ਇੰਟਰਪ੍ਰਾਈਜਿਜ਼
ਬੇਰੁਜ਼ਗਾਰਾਂ ਨੂੰ ਕਿੱਤੇ ‘ਤੇ ਲਗਾਉਣ ਲਈ ਪੰਜਾਬ ਸਰਕਾਰ ਇਸ ਸਾਲ ਸ਼ਹੀਦ ਭਗਤ ਸਿੰਘ ਰੁਜ਼ਗਾਰ ਸਿਰਜਣ ਯੋਜਨਾ ਤਹਿਤ 25 ਹਜ਼ਾਰ ਨੌਜਵਾਨਾਂ ਨੂੰ ਟਰੈਕਟਰ ਦੇਵੇਗੀ, ਇਸ ਨਾਲ ਹੀ ਸ਼ਹਿਰਾਂ ਅਤੇ ਪਿੰਡਾ ਵਿੱਚ ਆਪਣੀ ਗੱਡੀ ਆਪਣਾ ਰੁਜ਼ਗਾਰ ਤਹਿਤ ਯਾਰੀ ਇੰਟਰਪ੍ਰਾਈਜਿਜ਼ ਯੋਜਨਾ ਰਾਹੀਂ 3 ਲੱਖ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਕੋਸ਼ਿਸ਼ ਕਰੇਗੀ। ਇਸ ਸਬੰਧੀ ਸਾਧਨ ਦੀ ਖਰੀਦ ਕਰਨ ਲਈ ਪੰਜਾਬ ਸਰਕਾਰ ਸਿਰਫ਼ 3 ਫੀਸਦੀ ਦਰ ਵਿਆਜ ਨਾਲ ਨੌਜਵਾਨਾਂ ਨੂੰ ਕਰਜ਼ਾ ਦੇਵੇਗੀ। ਇਸ ਲਈ ਪੰਜਾਬ ਸਰਕਾਰ ਨੇ 50 ਕਰੋੜ ਰੁਪਏ ਰੱਖੇ ਹਨ।
ਹੁਣ ਹਰ ਸਕੂਲ ‘ਚ ਹੋਵੇਗਾ ਫਰਨੀਚਰ, ਮੁਫ਼ਤ ਮਿਲੇਗੀ ਪੜ੍ਹਾਈ
ਪੰਜਾਬ ਦੇ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਮਿਡਲ ਸਕੂਲਾਂ ਵਿੱਚ ਹੁਣ ਕੋਈ ਵੀ ਸਕੂਲ ਇਹੋ ਜਿਹਾ ਨਹੀਂ ਮਿਲੇਗਾ, ਜਿਥੇ ਕਿ ਫਰਨੀਚਰ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਹੇਠਾਂ ਬੈਠ ਕੇ ਪੜ੍ਹਾਈ ਕਰਨੀ ਪਏਗੀ। ਪੰਜਾਬ ਸਰਕਾਰ ਨੇ ਇਸੇ ਸਾਲ 21 ਕਰੋੜ ਰੁਪਏ ਖ਼ਰਚ ਕਰਕੇ ਨਵਾਂ ਫਰਨੀਚਰ ਸਕੂਲਾਂ ਵਿੱਚ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਹੀ ਲੜਕੀਆਂ ਦੀ ਪੜ੍ਹਾਈ ਮੁਫ਼ਤ ਕਰਨ ਦੇ ਨਾਲ ਹੀ ਕਿਤਾਬਾਂ ਅਤੇ ਵਰਦੀਆਂ ਵੀ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ।
ਆਟਾ-ਦਾਲ ਨਾਲ ਹੁਣ ਲੱਗਣਗੀਆਂ ਚਾਹ ਦੀਆਂ ਚੁਸਕੀਆਂ
ਮਨਪ੍ਰੀਤ ਬਾਦਲ ਨੇ ਇਸ ਸਾਲ ਤੋਂ ਨੀਲੇ ਕਾਰਡ ਖ਼ਤਮ ਕਰਨ ਦਾ ਐਲਾਨ ਕਰਦੇ ਹੋਏ ਉਨ੍ਹਾਂ ਦੀ ਥਾਂ ‘ਤੇ ਸਮਾਰਟ ਕਾਰਡ ਬਣਾਉਣ ਦਾ ਐਲਾਨ ਕੀਤਾ ਹੈ। ਇਸ ਸਮਾਰਟ ਕਾਰਡ ਰਾਹੀਂ ਲਾਭਪਾਤਰੀਆਂ ਨੂੰ ਆਟਾ ਦਾਲ ਦੇ ਨਾਲ ਹੀ ਹੁਣ ਖੰਡ ਅਤੇ ਚਾਹ ਪੱਤੀ ਵੀ ਮਿਲੇਗੀ ਤਾਂ ਕਿ ਉਹ ਚਾਹ ਦੀਆਂ ਚੁਸਕੀਆਂ ਵੀ ਲਗਾ ਸਕਣ। ਇਸ ਲਈ 500 ਕਰੋੜ ਰੁਪਏ ਰੱਖੇ ਗਏ ਹਨ।