ਪਾਣੀ ਟੁੱਟਣ ਤੋਂ ਬਚਾਉਣ ਲਈ ਪਿੰਡਾਂ ਦੇ ਕਿਸਾਨ ਤੇ ਆਮ ਲੋਕ ਦਿਨ ਰਾਤ ਪਹਿਰੇ ਤੇ ਡਟੇ | Samana News
ਪਟਿਆਲਾ (ਨਰਿੰਦਰ ਸਿੰਘ ਬਠੋਈ)। ਪਟਿਆਲਾ ਸ਼ਹਿਰ ਤੋਂ ਬਾਅਦ ਮੀਹ ਦਾ ਪਾਣੀ ਹਲਕਾ ਸਮਾਣਾ (Samana News) ਦੇ ਪਿੰਡਾਂ ’ਚ ਕਹਿਰ ਮਚਾ ਰਿਹਾ ਹੈ। ਇਸ ਪਾਣੀ ਕਾਰਨ ਪਟਿਆਲਾ ਸ਼ਹਿਰ ਨੇੜਲੇ ਪਿੰਡ ਰਵਾਸ, ਖੇੜਾ, ਕਲੱਰ ਭੈਣੀ, ਮੈਣ, ਦੁੱਧੜ ਤੋਂ ਇਲਾਵਾ ਭਾਨਰੀ, ਭਾਨਰਾ, ਡਰੌਲਾ, ਡਰੋਲੀ, ਡਕਾਲਾ, ਤਰੈ, ਬਠੋਈ ਕਲਾਂ, ਬਠੋਈ ਖੁਰਦ ਆਦਿ ਪਿੰਡਾਂ ਦੇ ਖੇਤਾਂ ’ਚ ਹਜ਼ਾਰਾਂ ਏਕੜ ਝੋਨਾ ਅਤੇ ਹਰਾ ਚਾਰਾ ਪੂਰੀ ਤਰ੍ਹਾਂ ਪਾਣੀ ’ਚ ਡੁੱਬ ਗਿਆ ਹੈ। ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਕਿਸਾਨਾਂ ’ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਆਲਮ ਇਹ ਹੈ ਕਿ ਇਨ੍ਹਾਂ ਪਿੰਡਾਂ ਦੇ ਕਿਸਾਨ ਪਿਛਲੇ ਦੋ ਦਿਨ ਤੋਂ ਇਨ੍ਹਾਂ ਪਿੰਡਾਂ ਵਿੱਚੋਂ ਦੀ ਲੰਘਦੇ ਰਜਬਾਹੇ ’ਤੇ ਦਿਨ ਰਾਤ ਪਹਿਰਾ ਦੇ ਰਹੇ ਹਨ, ਕਿਉਕਿ ਨੇੜਲੇ ਪਿੰਡਾਂ ਵਾਲੇ ਆਪਣੇ-ਆਪਣੇ ਖੇਤਾਂ ਵਿੱਚੋਂ ਪਾਣੀ ਘੱਟ ਕਰਨ ਲਈ ਦੂਜੇ ਪਿੰਡਾਂ ਦੇ ਖੇਤਾਂ ਵੱਲ ਪਾਣੀ ਨੂੰ ਕੱਢਣ ਲਈ ਚਾਰਾਜੋਈ ਕਰ ਰਹੇ ਹਨ। ਇਸ ਸਬੰਧੀ ਗੱਲ ਕਰਦਿਆ ਪਿੰਡ ਬਠੋਈ ਕਲਾਂ ਅਤੇ ਤਰੈ ਦੇ ਕਿਸਾਨ ਲਖਬੀਰ ਸਿੰਘ, ਹਰਭਜਨ ਸਿੰਘ, ਸੋਨੂ, ਦੀਪ ਸਿੰਘ, ਗੁਰਚੇਤ ਸਿੰਘ, ਗੁਰਧਿਆਨ ਸਿੰਘ, ਭਿੰਦਰ ਸਿੰਘ, ਵੀਰਭਾਨ, ਮੋਨੂੰ, ਜੱਗੀ, ਨਮਨ ਆਦਿ ਨੇ ਦੱਸਿਆ ਕਿ ਉਹ ਪਿਛਲੇ ਦੋ ਦਿਨ ਉਨ੍ਹਾਂ ਦੇ ਪਿੰਡਾਂ ਦੇ ਖੇਤਾਂ ਵਿੱਚ ਲੰਘਦੇ ਰਜਬਾਹੇ ’ਤੇ ਦਿਨ ਰਾਤ ਨੂੰ ਡਟੇ ਹੋਏ ਹਨ ਅਤੇ ਪਿੰਡਾਂ ਦੇ ਨੌਜਵਾਨ ਤੇ ਬਜੁਰਗ ਸਿਫਟਾਂ ਵਿੱਚ ਇਸ ਰਜਬਾਹੇ ’ਤੇ ਪਹਿਰਾ ਦੇ ਰਹੇ ਹਨ।
ਹਜ਼ਾਰਾ ਏਕੜ ਝੋਨਾ ਤੇ ਹਰਾ ਚਾਰਾ ਪਾਣੀ ’ਚ ਡੁੱਬਿਆ, ਕਿਸਾਨਾਂ ਵੱਲੋਂ ਗਿਰਦਾਵਰੀ ਦੀ ਮੰਗ, ਮਿਲੇ ਮੁਆਵਜਾ | Samana News
ਉਨ੍ਹਾਂ ਦੱਸਿਆ ਕਿ ਡਕਾਲਾ ਨੇੜਲੇ ਪਿੰਡਾਂ ਦੇ ਕੁੱਝ ਕਿਸਾਨ ਜਾਣ ਬੁੱਝ ਕੇ ਆਪਣੇ ਖੇਤਾਂ ਦਾ ਪਾਣੀ ਘੱਟ ਕਰਨ ਲਈ ਸਾਡੇ ਪਿੰਡ ਵੱਲ ਇਹ ਪਾਣੀ ਕੱਢਣਾ ਚਾਹੁੰਦੇ ਹਨ, ਕਿਉਕਿ ਇਸ ਰਜਬਾਹੇ ਵਿੱਚ ਪਿੱਛੋ ਬਹੁਤ ਜਿਆਦਾ ਪਾਣੀ ਆ ਰਿਹਾ ਹੈ , ਜੋ ਕਿ ਹਲਕਾ ਸਮਣਾ ਦੇ ਦਰਜਨਾਂ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਚੁਕਿਆ ਹੈ। ਜਿਸ ਕਾਰਨ ਹਜ਼ਾਰਾ ਏਕੜ ਝੋਨਾ ਅਤੇ ਹਰਾ ਚਾਰਾ ਪਾਣੀ ਵਿੱਚ ਪੂਰੀ ਤਰ੍ਹਾਂ ਨਾਲ ਡੁੱਬ ਗਿਆ ਹੈ। ਜਿਸ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਨੂੰ ਆਪਣੇ ਪਸੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੋਂ ਮੰਗ ਕੀਤੀ ਕਿ ਸਾਡੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਬਣਾ ਮੁਆਵਜਾ ਮਿਲ ਸਕੇ। (Samana News)