ਗੁਰੂਗ੍ਰਾਮ-ਫਰੀਦਾਬਾਦ ਤੋਂ ਬਾਅਦ ਹਰਿਆਣਾ ਦਾ ਤੀਜਾ ਮੈਟਰੋ ਸਿਟੀ ਬਣਿਆ ਬਹਾਦੁਰਗੜ੍ਹ
ਬਹਾਦਰਗੜ੍ਹ, (ਸੱਚ ਕਹੂੰ ਨਿਊਜ਼)। ਬਹਾਦਰਗੜ੍ਹ-ਮੁੰਡਕਾ ਮੈਟਰੋ ਰੇਲ ਲਾਈਨ ‘ਤੇ ਅੱਜ ਮੈਟਰੋ ਟ੍ਰੇਨ ਦੀ ਆਵਾਜਾਈ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਬਹਾਦਰਗੜ੍ਹ ਹੁਣ ਹਰਿਆਣਾ ਦਾ ਤੀਜਾ ਮੈਟਰੋ ਸਿਟੀ ਬਣ ਗਿਆ ਹੈ। 11.183 ਕਿਲੋਮੀਟਰ ਲੰਮੀ ਬਹਾਦਰਗੜ੍ਹ-ਮੁੰਡਕਾ ਮੈਟਰੋ ਲਾਈਨ ‘ਤੇ ਸਥਾਪਤ ਕੀਤੇ ਗਏ ਕੁੱਲ 7 ਏਲੀਵੇਟਿਡ ਸਟੇਸ਼ਨਾਂ ‘ਚ ਹਰਿਆਣਾ ‘ਚ ਤਿੰਨ ਸਟੇਸ਼ਨ-ਸਿਟੀ ਪਾਰਕ, ਬੱਸ ਸਟੈਂਡ-ਮਾਡਰਨ ਇੰਡਸਟਰੀਅਲ ਏਰੀਆ ਅਤੇ ਦਿੱਲੀ ਖੇਤਰ ‘ਚ ਟੀਕਰੀ ਬਾਰਡਰ, ਟੀਕਰੀ ਕਲਾਂ, ਘੇਵਰਾ ਅਤੇ ਮੁੰਡਕਾ ਉਦਯੋਗਿਕ ਖੇਤਰ ਚਾਰ ਸਟੇਸ਼ਨ ਸ਼ਾਮਲ ਹਨ।
2028 ਕਰੋੜ ਰੁਪਏ ਲਾਗਤ ਨਾਲ ਬਣੀ ਮੈਟਰੋ ਰੇਲਵੇ ਲਾਈਨ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਥ ਬਲਾਕ (ਨਵੀਂ ਦਿੱਲੀ) ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕਿਹਾ ਕਿ ਕੌਮੀ ਰਾਜਧਾਨੀ ਖੇਤਰ ਹਰਿਆਣਾ ‘ਚ ਮੈਟਰੋ ਰੇਲ ਤੰਤਰ ਦੇ ਵਿਸਥਾਰ ਨਾਲ ਹਰਿਆਣਾ ਸੂਬੇ ਦੇ ਬਹੁਮੁਖੀ ਵਿਕਾਸ ਵੱਲ ਜ਼ਿਆਦਾ ਰਫ਼ਤਾਰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕੌਮੀ ਰਾਜਧਾਨੀ ਖੇਤਰ ‘ਚ ਸੋਨੀਪਤ (ਹਰਿਆਣਾ), ਮੇਰਠ (ਉੱਤਰ ਪ੍ਰਦੇਸ਼) ਅਤੇ ਅਲਵਰ (ਰਾਜਸਥਾਨ) ਤੱਕ ਰਿਜਨਲ ਰੇਪਿਡ ਟਰਾਂਸਪੋਰਟ ਪ੍ਰਣਾਲੀ ਨੂੰ ਵਿਕਸਤ ਕਰਕੇ ਵਿਸਥਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਮੈਟਰੋ ਰੇਲ ਲਾਈਨ ਤੰਤਰ ਨੂੰ ਤੇਜ਼ੀ ਨਾਲ ਵਿਥਸਾਰ ਦਿੱਤਾ ਜਾ ਰਿਹਾ ਹੈ ਅਤੇ ਇਹ ਜਲਦ ਹੀ ਸੰਘਾਈ, ਬੀਜਿੰਗ, ਲੰਦਨ ਅਤੇ ਨਿਊਯਾਰਕ ਤੋਂ ਬਾਅਦ ਸੰਪੂਰਨ ਵਿਸ਼ਵ ‘ਚ ਪੰਜਵੇਂ ਸਥਾਨ ਦਾ ਮੈਟਰੋ ਰੇਲ ਲਾਈਨ ਤੰਤਰ ਹੋਵੇਗਾ।
ਬਹਾਦਰਗੜ੍ਹ ਮੈਟਰੋ ਨੂੰ ਦੱਸਿਆ ਗੇਟਵੇ ਆਫ ਡਿਵੈਲਪਮੈਂਟ
ਬਹਾਦਰਗੜ੍ਹ ਨੂੰ ਗੇਟਵੇ ਆਫ ਹਰਿਆਣਾ ਦੀ ਸੰਘਿਆ ਦਿੰਦਿਆਂ ਪੀਐਮ ਨੇ ਕਿਹਾ ਕਿ ਬਹਾਦਰਗੜ੍ਹ-ਮੁੰਡਕਾ ਮੈਟਰੋ ਰੇਲ ਲਾਈਨ ਬਣਨ ਨਾਲ ਇਹ ਸ਼ਹਿਰ ਗੇਟਵੇ ਆਫ ਡਿਵੈਲਪਮੈਂਟ ਬਣਨ ਵੱਲ ਅੱਗੇ ਵਧਿਆ ਹੈ। ਉਦਘਾਟਨ ਸਮਾਰੋਹ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ‘ਚ ਕੇਂਦਰ ਦੀਆਂ ਵੱਖ-ਵੱਖ ਨਿਰਮਾਣ ਯੋਜਨਾਵਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।