ਹਰਿਆਣਾ ਵਿਧਾਨ ਸਭਾ ਵੱਲੋਂ ਵੱਡਾ ਫੈਸਲਾ, ਅਸਤੀਫ਼ਾ ਵੀ ਦੇ ਚੁੱਕੇ ਸਨ ਇਹ 5 ਵਿਧਾਇਕ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਇਨੈਲੋ ਛੱਡ ਕੇ ਜੇਜੇਪੀ ਵਿੱਚ ਜਾਣ ਵਾਲੇ 5 ਵਿਧਾਇਕਾਂ ਨੂੰ ਹਰਿਆਣਾ ਵਿਧਾਨ ਸਭਾ ਨੇ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਹਰਿਆਣਾ ਵਿਧਾਨ ਸਭਾ ਵੱਲੋਂ ਮੰਗਲਵਾਰ ਨੂੰ ਲੋੜੀਂਦੀ ਕਾਰਵਾਈ ਕਰਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਇਨ੍ਹਾਂ ਦੀ ਮੈਂਬਰਸ਼ਿਪ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ 5 ਵਿਧਾਇਕਾਂ ਨੇ ਪਿਛਲੇ ਦਿਨੀਂ ਜੇਜੇਪੀ ਦੀ ਮੈਂਬਰਸ਼ਿਪ ਲੈਣ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਨੂੰ ਮਿਲ ਕੇ ਆਪਣਾ ਅਸਤੀਫ਼ਾ ਵੀ ਸੌਂਪਿਆ ਸੀ।
ਪਰ ਫਿਰ ਵੀ ਪੁਰਾਣੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਸਪੀਕਰ ਕੰਵਰ ਪਾਲ ਗੁੱਜਰ ਵੱਲੋਂ ਇਹ ਫੈਸਲਾ ਸੁਣਾ ਦਿੱਤਾ ਗਿਆ ਹੈ। ਹਰਿਆਣਾ ਵਿਧਾਨ ਸਭਾ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਨੈਨਾ ਚੌਟਾਲਾ, ਰਾਜਦੀਪ ਫੌਗਾਟ, ਅਨੁਪ ਧਾਨਕ, ਪਿਰਥੀ ਨੰਬਰਦਾਰ ਅਤੇ ਨਸੀਮ ਅਹਿਮਦ ‘ਤੇ ਕਾਰਵਾਈ ਕੀਤੀ ਗਈ ਹੈ। ਇਹਨਾਂ ਸਾਰੇ ਵਿਧਾਇਕਾਂ ਨੂੰ ਦਲ ਬਦਲੂ ਕਾਨੂੰਨ ਤਹਿਤ ਦੋਸ਼ੀ ਪਾਏ ਜਾਣ ਕਾਰਨ ਹੁਣ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ ਗਿਆ ਹੈ। (Membership)
ਇਸ ਕਾਰਵਾਈ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਗੁੱਜਰ ਕੋਲ ਪੇਸ਼ ਹੁੰਦੇ ਹੋਏ ਕੁਝ ਦਿਨ ਪਹਿਲਾਂ ਇਨ੍ਹਾਂ ਨੇ ਕਿਹਾ ਸੀ ਕਿ ਉਹ ਆਪਣਾ ਅਸਤੀਫ਼ਾ ਵਿਧਾਨ ਸਭਾ ਸਕੱਤਰੇਤ ਨੂੰ ਦੇ ਚੁੱਕੇ ਹਨ ਅਤੇ ਹੁਣ ਉਹ ਵਿਧਾਇਕ ਨਹੀਂ ਰਹੇ ਹਨ, ਜਿਸ ਕਾਰਨ ਕਿਸੇ ਵੀ ਸ਼ਿਕਾਇਤ ਦੇ ਆਧਾਰ ‘ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਬਣਦੀ ਹੈ ਜਿਸ ‘ਤੇ ਸਪੀਕਰ ਕੰਵਰ ਪਾਲ ਗੁੱਜਰ ਨੇ ਕਿਹਾ ਸੀ ਕਿ ਜਦੋਂ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਆਈ ਸੀ, ਉਸ ਸਮੇਂ ਉਹ ਵਿਧਾਇਕ ਸਨ, ਇਸ ਲਈ ਤੈਅ ਨਿਯਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਸਪੀਕਰ ਕੰਵਰ ਪਾਲ ਗੁੱਜਰ ਵੱਲੋਂ ਇਸ ਮਾਮਲੇ ਵਿੱਚ ਸੁਣਵਾਈ ਕਰਨ ਤੋਂ ਬਾਅਦ ਫੈਸਲੇ ਨੂੰ ਰਾਖਵਾਂ ਰੱਖ ਲਿਆ ਸੀ ਅਤੇ ਅੱਜ ਇਸ ਫੈਸਲੇ ਨੂੰ ਸੁਣਾਉਂਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।