ਅਧਿਆਪਕਾਵਾਂ ਨੇ ਸੜਕਾਂ ‘ਤੇ ਭੁੱਖ ਹੜਤਾਲ ਰੱਖ ਕੇ ਮਨਾਇਆ ਕਰਵਾ ਚੌਥ ਦਾ ਤਿਉਹਾਰ
ਸਰਕਾਰਾਂ ਦੀ ਬੇਰੁਖੀ ਕਾਰਨ ਤਿਉਹਾਰ ਮਨਾਉਣੇ ਪੈ ਰਹੇ ਨੇ ਸੜਕਾਂ ‘ਤੇ: ਅਮਨਦੀਪ ਕੌਰ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਆਪਣੀ ਤਨਖਾਹ ਕਟੌਤੀ ਦੇ ਮਾਮਲੇ ਨੂੰ ਲੈ ਕੇ ਅੱਜ ਮਹਿਲਾ ਅਧਿਆਪਕਾਂ ਵੱਲੋਂ ਕਰਵਾ ਚੌਥ ਦੇ ਤਿਉਹਾਰ ਮੌਕੇ ਆਪਣੇ ਹੱਥਾਂ ‘ਤੇ ਪੰਜਾਬ ਸਰਕਾਰ ਮੁਰਦਾਬਾਦ ਦੀ ਮਹਿੰਦੀ ਲਗਾ ਕੇ ਇਸ ਤਿਉਹਾਰ ਨੂੰ ਸੰਘਰਸ਼ ਦੇ ਰੂਪ ‘ਚ ਮਨਾਇਆ। ਇਹ ਅਧਿਆਪਕਾਵਾਂ ਅੱਜ ਕਰਵਾ ਚੌਥ ਮੌਕੇ 24 ਘੰਟੇ ਦੀ ਭੁੱਖ ਹੜਤਾਲ ‘ਤੇ ਬੈਠੀਆਂ। ਸੜਕਾਂ ‘ਤੇ ਬੈਠ ਕੇ ਕਰਵਾ ਚੌਥ ਦੇ ਤਿਉਹਾਰ ਮਨਾਉਣ ਮੌਕੇ ਇਨ੍ਹਾਂ ਦੇ ਮਨਾਂ ‘ਚ ਰੋਸ ਸਾਫ਼ ਦੇਖਿਆ ਜਾ ਸਕਦਾ ਸੀ। ਜਾਣਕਾਰੀ ਅਨੁਸਾਰ ਆਪਣੀ ਤਨਖਾਹ ਕਟੌਤੀ ਦੇ ਮਾਮਲੇ ਨੂੰ ਲੈ ਕੇ ਸਾਂਝਾ ਮੋਰਚਾ ਵੱਲੋਂ ਆਰੰਭਿਆ ਗਿਆ ਸੰਘਰਸ਼ 21ਵੇਂ ਦਿਨ ‘ਚ ਦਾਖਲ ਕਰ ਗਿਆ ਹੈ।
ਅੱਜ ਕਰਵਾ ਚੌਥ ਦੇ ਤਿਉਹਾਰ ਮੌਕੇ 16 ਅਧਿਆਪਕਾਵਾਂ ਨੇ ਭੁੱਖ ਹੜਤਾਲ ‘ਤੇ ਬੈਠ ਕੇ ਆਪਣੇ ਸੰਘਰਸ਼ ਦੀ ਜਲੋਅ ਨੂੰ ਠੰਢਾ ਨਾ ਹੋਣ ਦਿੱਤਾ। ਸਵੇਰੇ ਇਨ੍ਹਾਂ ਅਧਿਆਪਕਾਂ ਵੱਲੋਂ ਟੈਂਟ ‘ਚ ਹੀ ਆਪਣੇ ਹੱਥਾਂ ‘ਤੇ ਮਹਿੰਦੀ ਲਗਾਈ ਗਈ। ਅਧਿਆਪਕਾਵਾਂ ਦੀ ਇਹ ਮਹਿੰਦੀ ਕੋਈ ਖੁਸ਼ੀ ਦਾ ਪ੍ਰਗਟਾਵਾਂ ਨਹੀਂ ਕਰ ਰਹੀ ਸੀ, ਸਗੋਂ ਪੰਜਾਬ ਸਰਕਾਰ ਖਿਲਾਫ਼ ਅਧਿਆਪਕਾਂ ਦੇ ਰੋਸ ਨੂੰ ਪ੍ਰਗਟਾਉਂਦੀ ਸੀ ਇਸ ਮੌਕੇ ਭੁੱਖ ਹੜਤਾਲ ‘ਤੇ ਬੈਠੀਆਂ ਸੋਨੀਆ ਰਾਜਪੁਰਾ, ਅਮਨਦੀਪ ਕੌਰ ਬਰਨਾਲਾ ਤੇ ਸੋਨੀਆ ਪਟਿਆਲਾ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸਰਕਾਰਾਂ ਦੇ ਭੈੜੇ ਰਵੱਈਏ ਕਾਰਨ ਆਪਣੇ ਖੁਸ਼ੀ ਵਾਲੇ ਤਿਉਹਾਰ ਕਰਵਾ ਚੌਥ ਸੜਕਾਂ ‘ਤੇ ਰੱਖਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਇੱਕ ਅਧਿਆਪਕ ਨੇ ਮਹਿਲਾਂ ਦੀ ਰਾਣੀ ਪਰਨੀਤ ਕੌਰ ਨੂੰ ਤਾਨ੍ਹਾ ਮਾਰਦਿਆਂ ਆਖਿਆ ਕਿ ਉਹ ਮਹਿਲਾਂ ‘ਚੋਂ ਨਿੱਕਲ ਦੇ ਇਨ੍ਹਾਂ ਅਧਿਆਪਕਾਂ ਦੇ ਟੈਂਟ ‘ਚ ਆ ਕੇ ਦੇਖੇ ਕਿ ਰਾਜਿਆਂ ਦੇ ਸ਼ਹਿਰ ‘ਚ ਬੇਟੀਆਂ ਕਿਸ ਤਰ੍ਹਾਂ ਆਪਣਾ ਕਰਵਾ ਚੌਥ ਮਨਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਤਾਂ ਬੇਸ਼ਰਮ ਹੋ ਚੁੱਕੀ ਹੈ, ਜੋ ਕਿ ਉਲਟ ਫੈਸਲੇ ਕਰ ਰਹੀ ਹੈ। ਹਰਜੀਤ ਕੌਰ, ਅਨੂ ਰਾਜਪੁਰਾ, ਸੁਖਵਿੰਦਰ ਕੌਰ ਬਰਨਾਲਾ, ਕੁਲਦੀਪ ਕੌਰ ਮਾਨਸਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਤਾਂ ਦੁਸਹਿਰਾ ਵੀ ਕਾਲਾ ਲੰਘਿਆ ਹੈ ਤੇ ਦੀਵਾਲੀ ਵੀ ਕਾਲੀ ਹੀ ਲੱਗ ਰਹੀ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ 5 ਨਵੰਬਰ ਨੂੰ ਮੀਟਿੰਗ ਦੌਰਾਨ ਕੋਈ ਫੈਸਲਾ ਪ੍ਰਵਾਨ ਨਾ ਚੜ੍ਹਿਆ ਤਾਂ ਉਹ ਜੇਲ੍ਹ ਭਰੋਂ ਅੰਦੋਲਨ ਵਿੱਢਣਗੇ, ਕਿਉਂਕਿ ਇਸ ਤੋਂ ਬਾਅਦ ਹੋਰ ਕੋਈ ਚਾਰਾ ਨਹੀਂ ਰਹੇਗਾ। ਇੱਧਰ ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਅੱਜ ਮਹਿਲਾ ਅਧਿਆਪਕਾਵਾਂ ਹੀ ਭੁੱਖ ਹੜਤਾਲ ‘ਤੇ ਬੈਠੀਆਂ ਹਨ ਤੇ ਅਗਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੀ ਡਿਊਟੀ ਲਗਾ ਦਿੱਤੀ ਹੈ, ਜੋ ਕਿ ਇਸ ਸੰਘਰਸ਼ ਵਿੱਚ ਸ਼ਾਮਲ ਹੋਣਗੇ। ਉਂਜ ਕੱਲ੍ਹ ਐਤਵਾਰ ਨੂੰ ਵੱਡੀ ਗਿਣਤੀ ਅਧਿਆਪਕਾਂ ਦੇ ਧਰਨੇ ‘ਚ ਪੁੱਜਣ ਦੀ ਆਸ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।