ਰਾਜਸਥਾਨ ‘ਚ ਮੁੱਦਾ ਬਣਿਆ ਚੰਨੀ ਦਾ ਮੈਸੇਜ਼, ਹਟਾਉਣ ਲਈ ਦਬਾਅ ਵਧਿਆ 

Chinni Issue, Raised, Rajasthan, Raises Pressure, Remove Message

ਮੀ ਟੂ : ਭਾਜਪਾ ਵੱਲੋਂ ਹਮਲਾ ਕਰਦਿਆਂ ਕਾਂਗਰਸ ਦਾ ਪੋਸਟਰ ਜਾਰੀ

ਰਾਹੁਲ ਗਾਂਧੀ ਨੇ ਮੰਗਵਾਈ ਮਾਮਲੇ ਦੀ ਸਾਰੀ ਰਿਪੋਰਟ

ਰਾਜਸਥਾਨ ਚੋਣਾਂ ਕਰਕੇ ਕਾਂਗਰਸ ਨੂੰ ਲੈਣਾ ਪੈ ਸਕਦੈ ਸਖ਼ਤ ਫੈਸਲਾ

ਅਸ਼ਵਨੀ ਚਾਵਲਾ, ਚੰਡੀਗੜ੍ਹ

ਮੀ-ਟੂ ਵਿੱਚ ਫਸੇ ਪੰਜਾਬ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਸੀਨੀਅਰ ਆਈ.ਏ.ਐਸ. ਮਹਿਲਾ ਨੂੰ ਐਸ.ਐਮ.ਐਸ. ਦਾ ਮਾਮਲਾ ਰਾਜਸਥਾਨ ਵਿੱਚ ਵੱਡਾ ਮੁੱਦਾ ਬਣ ਗਿਆ ਹੈ। ਰਾਜਸਥਾਨ ਵਿੱਚ ਭਾਜਪਾ ਵੱਲੋਂ ਕਾਂਗਰਸ ‘ਤੇ ਤੇਜ਼ ਹਮਲੇ ਕਰਦੇ ਹੋਏ ਬਕਾਇਦਾ ਪੋਸਟਰ ਤੱਕ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿੱਚ ਪੰਜਾਬ ਦੇ ਇਸ ਮੰਤਰੀ ਨੂੰ ਨਾ ਹਟਾਉਣ ਪਿੱਛੇ ਰਾਹੁਲ ਗਾਂਧੀ ਤੋਂ ਮਜ਼ਬੂਰੀ ਤੱਕ ਪੁੱਛ ਲਈ ਹੈ, ਜਿਸ ਤੋਂ ਬਾਅਦ ਰਾਜਸਥਾਨ ਕਾਂਗਰਸ ਨੇ ਜਲਦ ਹੀ ਇਸ ਮੁੱਦੇ ਨੂੰ ਨਿਪਟਾਉਣ ਦਾ ਗੁਹਾਰ ਲਗਾਈ ਹੈ ਤਾਂ ਰਾਹੁਲ ਗਾਂਧੀ ਨੇ ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਰਿਪੋਰਟ ਮੰਗ ਲਈ ਹੈ ਕਿ ਆਖ਼ਰਕਾਰ ਸਾਰਾ ਮਾਮਲਾ ਕੀ ਹੈ ?

ਜਾਣਕਾਰੀ ਅਨੁਸਾਰ ਕੁਝ ਹਫ਼ਤੇ ਪਹਿਲਾਂ ਕਥਿਤ ਤੌਰ ‘ਤੇ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਸੀਨੀਅਰ ਆਈ.ਏ.ਐਸ. ਮਹਿਲਾ ਨੂੰ ਗਲਤ ਤਰੀਕੇ ਦੇ ਐਸ.ਐਮ.ਐਸ ਭੇਜੇ ਗਏ ਸਨ, ਜਿਸ ਤੋਂ ਬਾਅਦ ਉਕਤ ਮਹਿਲਾ ਅਫ਼ਸਰ ਵੱਲੋਂ ਮੰਤਰੀ ਨੂੰ ਚਿਤਾਵਨੀ ਵੀ ਦਿੱਤੀ ਗਈ ਸੀ ਪਰ ਦੁਬਾਰਾ ਐਸ.ਐਮ.ਐਸ. ਭੇਜਣ ‘ਤੇ ਮਹਿਲਾ ਅਧਿਕਾਰੀ ਨੇ ਇਸ ਮਾਮਲੇ ਦੀ ਸ਼ਿਕਾਇਤ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਰ ਦਿੱਤੀ ਸੀ। ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਨੂੰ ਮਹਿਲਾ ਅਧਿਕਾਰੀ ਤੋਂ ਮੁਆਫ਼ੀ ਮੰਗਣ ਦੇ ਆਦੇਸ਼ ਵੀ ਜਾਰੀ ਕੀਤੇ ਸਨ। ਕੁਝ ਹਫ਼ਤੇ ਪਹਿਲਾਂ ਦਾ ਮਾਮਲਾ ਪਿੱਛਲੇ ਇੱਕ ਹਫ਼ਤੇ ਤੋਂ ਪੰਜਾਬ ਵਿੱਚ ਕਾਫ਼ੀ ਜਿਆਦਾ ਚਰਚਿਤ ਹੋਣ ਦੇ ਨਾਲ ਹੀ ਦੇਸ਼ ਪੱਧਰੀ ਮੁਹਿੰਮ ਮੀ-ਟੂ ਨਾਲ ਜੁੜ ਗਿਆ ਹੈ।

ਇਸ ਮਾਮਲੇ ਵਿੱਚ ਕਾਂਗਰਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਕਰਕੇ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਇਹਨੂੰ ਵੱਡਾ ਮੁੱਦਾ ਬਣਾ ਲਿਆ ਹੈ ਇਸ ਮੁਹਿੰਮ ਲਈ ਬਕਾਇਦਾ ਪੋਸਟਰ ਜਾਰੀ ਕਰਦੇ ਹੋਏ ਰਾਹੂਲ ਗਾਂਧੀ ਤੋਂ ਕਾਰਵਾਈ ਨਾ ਕਰਨ ਦੀ ਮਜ਼ਬੂਰੀ ਤੱਕ ਪੁੱਛੀ ਗਈ ਹੈ। ਰਾਜਸਥਾਨ ਵਿੱਚ ਇਸ ਮੁਹਿੰਮ ਦੇ ਅਸਰ ਨੂੰ ਦੇਖਦੇ ਹੋਏ ਰਾਜਸਥਾਨ ਕਾਂਗਰਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਰਾਹੂਲ ਗਾਂਧੀ ਨੂੰ ਬੇਨਤੀ ਕੀਤੀ ਹੈ ਤਾਂ ਕਿ ਇਸ ਦਾ ਬੂਰਾ ਅਸਰ ਉਨਾਂ ਦੇ ਸੂਬੇ ਦੀਆਂ ਚੋਣਾਂ ਵਿੱਚ ਨਾ ਪਵੇ। ਰਾਹੁਲ ਗਾਂਧੀ ਨੇ ਇਸ ਮਾਮਲੇ ਦੀ ਰਿਪੋਰਟ ਪੰਜਾਬ ਕਾਂਗਰਸ ਅਤੇ ਮੁਖ ਮੰਤਰੀ ਅਮਰਿੰਦਰ ਸਿੰਘ ਤੋਂ ਮੰਗ ਲਈ ਹੈ  ਰਾਹੂਲ ਗਾਂਧੀ ਦੇ ਮੂਡ ਅਤੇ ਰਾਜਸਥਾਨ ਵਿਖੇ ਬਣੇ ਮੁੱਦੇ ਦੇ ਕਾਰਨ ਚਰਨਜੀਤ ਸਿੰਘ ਚੰਨੀ ਦੀ ਛੁੱਟੀ ਲਗਭਗ ਤੈਅ ਮੰਨੀ ਜਾ ਰਹੀਂ ਹੈ।

ਆਸ਼ਾ ਕੁਮਾਰੀ ਵੱਲੋਂ ਪੀੜਤ ਮਹਿਲਾ ਅਧਿਕਾਰੀ ਦੇ ਖਿਲਾਫ਼ ਭੁਗਤਣਾ ਮੰਦਭਾਗਾ : ਅਕਾਲੀ ਦਲ

ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬੀਬੀ ਉਪਿੰਦਰਜੀਤ ਕੌਰ ਨੇ ਕਿਹਾ ਹੈ ਕਿ ਇੱਕ ਔਰਤ ਵਜੋਂ ਆਸ਼ਾ ਕੁਮਾਰੀ ਨੂੰ ਪੀੜਤ ਨਾਲ ਖੜ੍ਹਨਾ ਚਾਹੀਦਾ ਸੀ ਅਤੇ ਦੋਸ਼ੀ ਮੰਤਰੀ ਨੂੰ ਕਲੀਨ ਚਿੱਟ ਦੇਣ ਦੀ ਬਜਾਇ ਉਸ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ। ਇਸ ਮਾਮਲੇ ‘ਤੇ ਸ਼ਿਕਾਇਤ ਕੀਤੇ ਜਾਣ ਦੀ ਉਡੀਕ ਕਰਨ ਦੀ ਥਾਂ ਆਸ਼ਾ ਕੁਮਾਰੀ ਨੂੰ ਖੁਦ ਪਹਿਲਕਦਮੀ ਕਰਦਿਆਂ ਇਸ ਮੁੱਦੇ ਦਾ ਨੋਟਿਸ ਲੈਣਾ, ਮੁੱਢਲੀ ਜਾਂਚ ਕਰਵਾਉਣੀ ਅਤੇ ਉਸ ਮੰਤਰੀ ਨੂੰ  ਮੁਅੱਤਲ ਕੀਤੇ ਜਾਣ ਦੀ ਸਿਫਾਰਿਸ਼ ਕਰਨੀ ਚਾਹੀਦੀ ਸੀ, ਜਿਸ ਨੇ ਪਾਰਟੀ ਦੀ ਬਦਨਾਮੀ ਕਰਵਾਈ ਹੈ ।

ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਮਹਿਲਾ ਆਗੂਆਂ ਨੂੰ ਮਹਿਲਾ ਅਧਿਕਾਰੀਆਂ ਦੇ ਸਮਰਥਨ ਵਿਚ ਆਉਣਾ ਚਾਹੀਦਾ ਹੈ ਜੇਕਰ ਆਵਾਜ਼ ਉਠਾਉਣ ਵਾਲੀਆਂ ਇਹਨਾਂ ਔਰਤਾਂ ਨੂੰ ਵੀ ਅਜਿਹੇ ਬਹਾਨਿਆਂ ਨਾਲ ਦਬਾ ਦਿੱਤਾ ਜਾਵੇ ਕਿ ਇਸ ਸਬੰਧੀ ਲਿਖ਼ਤੀ ਸ਼ਿਕਾਇਤ ਨਹੀਂ ਆਈ ਜਾਂ ਇਸ ਮਸਲੇ ਬਾਰੇ ਪੀੜਤ ਅਤੇ ਅੱਤਿਅਚਾਰੀ ਵਿਚਕਾਰ ਰਾਜ਼ੀਨਾਮਾ ਹੋ ਚੁੱਕਿਆ ਹੈ ਤਾਂ ਔਰਤਾਂ ਦੀ ਸੁਰੱਖਿਆ ਲਈ ਹਰ ਥਾਂ ਖਤਰਾ ਪੈਦਾ ਹੋ ਜਾਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।