ਪੰਜਾਹ ਲੱਖ ਫਿਰੌਤੀ ਨਾ ਦੇਣ ਕਾਰਨ ਪਹਿਲਾਂ ਵੀ ਉਸ ’ਤੇ ਹਮਲਾ ਕਰਕੇ ਕੀਤਾ ਸੀ ਜ਼ਖਮੀ
Crime In Punjab: (ਰਾਜਨ ਮਾਨ) ਗੁਰਦਾਸਪੁਰ। ਦਿਨ-ਦਿਹਾੜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ’ਚ ਇੱਕ ਮੈਡੀਕਲ ਸਟੋਰ ਮਾਲਕ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਹਿਚਾਣ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਸਿੰਘ ਬੇਦੀ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ ਪੰਜ ਮਹੀਨੇ ਪਹਿਲਾ ਗੈਂਗਸਟਰਾਂ ਵੱਲੋਂ ਰਣਦੀਪ ਸਿੰਘ ਤੋਂ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਪੈਸੇ ਨਾ ਦੇਣ ਕਾਰਨ ਉਸ ਵਕਤ ਗੈਂਗਸਟਰਾਂ ਵੱਲੋਂ ਉਸ ਉਪਰ ਹਮਲਾ ਕਰਕੇ ਉਸ ਦੇ ਪੱਟ ਵਿੱਚ ਗੋਲੀ ਮਾਰਕੇ ਉਸਨੂੰ ਜ਼ਖਮੀ ਕੀਤਾ ਗਿਆ ਸੀ। ਇਸ ਘਟਨਾ ਨੂੰ ਵੇਖਦਿਆਂ ਥਾਣਾ ਡੇਰਾ ਬਾਬਾ ਨਾਨਕ ਪੁਲਿਸ ਨੇ ਰਣਦੀਪ ਸਿੰਘ ਬੇਦੀ ਨੂੰ ਗੰਨਮੈਨ ਵੀ ਦਿੱਤੇ ਸਨ। ਪਰ ਕੁਝ ਦਿਨਾਂ ਤੋਂ ਉਸ ਦੇ ਗੰਨਮੈਨ ਹਟਾਏ ਜਾਣ ਦੀ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ: Robbery Gang Busted: ਲੁੱਟ-ਖੋਹ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕੀਤਾ ਕਾਬੂ
ਪ੍ਰਾਪਤ ਜਾਣਕਾਰੀ ਅਨੁਸਾਰ ਰਣਦੀਪ ਸਿੰਘ ਬੇਦੀ ਦੀ ਅੱਜ ਉਸ ਸਮੇਂ ਗੋਲੀਆਂ ਮਾਰਕੇ ਹੱਤਿਆ ਕੀਤੀ ਗਈ ਜਦੋਂ ਉਹ ਸਵੇਰੇ ਆਪਣੀ ਦੁਕਾਨ ਖੋਲ੍ਹ ਰਿਹਾ ਸੀ। ਉਸਨੇ ਅੱਜ ਸਵੇਰੇ ਅੱਠ ਵਜੇ ਦੁਕਾਨ ਖੋਲ੍ਹੀ ਤਾਂ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਉਸ ਨੂੰ ਮਾਰ ਦਿੱਤਾ। ਪੁਲਿਸ ਨੇ ਘਟਨਾ ਸਥਾਨ ਤੋਂ ਚਾਰ ਚੱਲੇ ਖੋਲ ਬਰਾਮਦ ਕੀਤੇ। ਸਥਾਨਕ ਡੀਐਸਪੀ ਜੋਗਾ ਸਿੰਘ ਨੇ ਦੱਸਿਆ ਕਿ ਪੁਲਿਸ, ਮੁਲਜ਼ਮਾਂ ਦਾ ਖੁਰਾ ਖੋਜ ਲੱਭ ਰਹੀ ਹੈ। ਉਨ੍ਹਾਂ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੀ ਗੱਲ ਆਖੀ।
ਦੱਸਣਯੋਗ ਹੈ ਕਿ ਕਰੀਬ ਛੇ-ਸੱਤ ਮਹੀਨੇ ਪਹਿਲਾਂ ਇੱਥੋਂ ਦੇ ਇਕ ਕਰਿਆਨਾ ਸਟੋਰ ਮਾਲਕ ਦੀ ਵੀ ਗੈਂਗਸਟਰਾਂ ਵੱਲੋਂ ਫਿਰੌਤੀ ਲਈ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਲਗਾਤਾਰ ਬਟਾਲਾ ਖੇਤਰ ਵਿੱਚ ਫਿਰੌਤੀ ਦੀਆਂ ਹੋ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਦਿਨੋ-ਦਿਨ ਗੈਂਗਸਟਰਾਂ ਦੀਆਂ ਵਧ ਰਹੀਆਂ ਵਾਰਦਾਤਾਂ ਪੁਲਿਸ ਦੇ ਕੰਮਕਾਜ ਉਪਰ ਸਵਾਲੀਆ ਚਿੰਨ੍ਹ ਲਗਾ ਰਹੀਆਂ ਹਨ। Crime In Punjab













