ਅਨਾਥ ਹੋਏ ਬੱਚਿਆਂ ਲਈ ਸਾਰਥਿਕ ਪਹਿਲ

PM Cares for Children Sachkahoon

ਅਨਾਥ ਹੋਏ ਬੱਚਿਆਂ ਲਈ ਸਾਰਥਿਕ ਪਹਿਲ

ਕੋਰੋਨਾ ਤ੍ਰਾਸਦੀ ਤੋਂ ਮਿਲੀਆਂ ਪੀੜਾਂ ਦੀ ਫੇਹਰਿਸਤ ਵਿਚ ਮਾਤਾ-ਪਿਤਾ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਇਕੱਲੇ ਰਹਿ ਗਏ ਬੱਚਿਆਂ ਦਾ ਦਰਦ ਸਭ ਤੋਂ ਵਧ ਕੇ ਹੈ ਅਜਿਹੇ ’ਚ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕੋਵਿਡ-19 ਕਾਰਨ ਅਨਾਥ ਹੋਏ ਬੱਚਿਆਂ ਦੀ ਮੱਦਦ ਲਈ ਕਲਿਆਣਕਾਰੀ ਯੋਜਨਾਵਾਂ ਦਾ ਐਲਾਨ ਇੱਕ ਜ਼ਰੂਰੀ ਅਤੇ ਸਾਰਥਿਕ ਪਹਿਲ ਹੈ ਕੋਰੋਨਾ ਮਹਾਂਮਾਰੀ ਨਾਲ ਜਿਨ੍ਹਾਂ ਬੱਚਿਆਂ ਨੇ ਆਪਣੇ ਦੋਵੇਂ ਮਾਂ-ਬਾਪ ਗੁਆ ਦਿੱਤੇ ਹਨ, ਉਨ੍ਹਾਂ ਲਈ ਕੇਂਦਰ ਸਰਕਾਰ ਨੇ ਮੁਫ਼ਤ ਸਿੱਖਿਆ, ਮਹੀਨਾਵਾਰੀ ਭੱਤਾ ਅਤੇ ਸਿਹਤ ਬੀਮੇ ਸਮੇਤ ਅੱਗੇ ਚੱਲ ਕੇ 10 ਲੱਖ ਰੁਪਏ ਫ਼ਿਕਸਡ ਡਿਪੋਜ਼ਿਟ ਦਿੱਤੇ ਜਾਣ ਦੀ ਤਜਵੀਜ਼ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਮਹਾਂਮਾਰੀ ਨਾਲ ਬੇਸਹਾਰਾ ਹੋਏ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਸਬੰਧੀ ਸੋਚਿਆ ਗਿਆ ਹੈ।

ਇਸ ਯੋਜਨਾ ਤਹਿਤ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਜ਼ਦੀਕੀ ਕੇਂਦਰੀ ਸਕੂਲ ਜਾਂ ਨਿੱਜੀ ਸਕੂਲ ’ਚ ਦਾਖਲੇ ਦੇ ਨਾਲ ਹੀ ਨਿੱਜੀ ਸਕੂਲ ਦੀ ਫ਼ੀਸ, ਬੱਚਿਆਂ ਦੀ ਵਰਦੀ, ਕਿਤਾਬਾਂ ਅਤੇ ਨੋਟਬੁੱਕ ’ਤੇ ਹੋਣ ਵਾਲੇ ਖਰਚ ਦਾ ਭੁਗਤਾਨ ਵੀ ‘ਪੀਐਮ ਕੇਅਰਜ਼ ਫਾਰ ਚਿਲਡਰਨ’ ਤੋਂ ਕੀਤਾ ਜਾਵੇਗਾ ਨਾਲ ਹੀ 11-18 ਸਾਲ ਦੇ ਬੱਚਿਆਂ ਨੂੰ ਕੇਂਦਰ ਸਰਕਾਰ ਦੇ ਸੈਨਿਕ ਸਕੂਲ ਜਾਂ ਨਵੋਦਿਆ ਸਕੂਲ ਵਰਗੇ ਰਿਹਾਇਸ਼ੀ ਸਕੂਲ ’ਚ ਦਾਖ਼ਲਾ ਦਿੱਤਾ ਜਾਵੇਗਾ ਬੱਚਾ ਦਾਦਾ-ਦਾਦੀ ਜਾਂ ਕਿਸੇ ਪਛਾਣ ਵਾਲੇ ਨਾਲ ਰਹਿਣਾ ਚਾਹੇ ਤਾਂ ਉਸ ਨੂੰ ਨਜ਼ਦੀਕੀ ਕੇਂਦਰੀ ਸਕੂਲ ਜਾਂ ਨਿੱਜੀ ਸਕੂਲ ’ਚ ਭਰਤੀ ਕਰਵਾਇਆ ਜਾਵੇਗਾ ਨਾਲ ਹੀ ਉੱਚ ਸਿੱਖਿਆ ਅਤੇ ਵਪਾਰਕ ਪਾਠਕ੍ਰਮਾਂ ਲਈ ਵਰਤਮਾਨ ਸਿੱਖਿਆ ਕਰਜ਼ਾ ਮਾਪਦੰਡਾਂ ਮੁਤਾਬਿਕ ਐਜੂਕੇਸ਼ਨ ਲੋਨ ਲੈਣ ’ਚ ਬੱਚਿਆਂ ਦੀ ਸਹਾਇਤਾ ਕੀਤੀ ਜਾਵੇਗੀ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਪੀਐਮ ਕੇਅਰਜ਼ ਵੱਲੋਂ ਪ੍ਰੀਮੀਅਮ ਦੀ ਰਾਸ਼ੀ ਦਾ ਭੁਗਤਾਨ ਕਰਕੇ 5 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।

ਮਨੁੱਖੀ ਮੋਰਚੇ ’ਤੇ ਸਮਝਿਆ ਜਾਵੇ ਤਾਂ ਮਾਤਾ-ਪਿਤਾ ਨੂੰ ਗੁਆ ਦੇਣ ਵਾਲੇ ਬੱਚਿਆਂ ਦਾ ਵਰਤਮਾਨ ਅਤੇ ਭਵਿੱਖ ਦੋਵੇਂ ਹੀ ਬੇਯਕੀਨੀ ਦਾ ਸ਼ਿਕਾਰ ਹੋ ਜਾਂਦੇ ਹਨ ਬਾਲ-ਮਨ ਦੀਆਂ ਇੱਛਾਵਾਂ ਤਾਂ ਦੂਰ ਜ਼ਰੂਰਤਾਂ ਪੂਰੀਆਂ ਹੋਣਾ ਵੀ ਮੁਸ਼ਕਲ ਹੁੰਦਾ ਹੈ ਇਸ ਲਈ ਕੋਰੋਨਾ ਆਫ਼ਤ ਦੇ ਡੰਗ ਤੋਂ ਬਾਅਦ ਬਿਲਕੁਲ ਇਕੱਲੇ ਰਹਿ ਗਏ ਬੱਚਿਆਂ ਦੀ ਸੰਭਾਲ ਦੇਖਭਾਲ ਦੀ ਇਸ ਸਮੇਂ ਦੀ ਦਰਕਾਰ ਵੀ ਹੈ ਅਤੇ ਸਰਕਾਰ ਦਾ ਫ਼ਰਜ਼ ਵੀ ਚੰਗੀ ਗੱਲ ਹੈ ਕਿ ਕੇਂਦਰ ਸਰਕਾਰ ਦੇ ਨਾਲ ਹੀ ਸੂਬਾ ਸਰਕਾਰਾਂ ਵੀ ਬੇਸਹਾਰਾ ਹੋਏ ਬੱਚਿਆਂ ਸਬੰਧੀ ਗੰਭੀਰਤਾ ਨਾਲ ਸੋਚ ਰਹੀਆਂ ਹਨ ਇਨ੍ਹਾਂ ਭਾਵੀ ਨਾਗਰਿਕਾਂ ਦੇ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੁੂਰਾ ਕਰਨ ਸਬੰਧੀ ਆਪਣੀ ਜਿੰਮੇਵਾਰੀ ਸਮਝ ਰਹੀਆਂ ਹਨ।

ਬੀਤੇ ਦਿਨੀਂ ਸੁਪਰੀਮ ਕੋਰਟ ਨੇ ਵੀ ਚਿੰਤਾ ਪ੍ਰਗਟ ਕਰਦਿਆਂ ਨਿਰਦੇਸ਼ ਦਿੱਤਾ ਹੈ ਕਿ ਸੂਬਾ ਸਰਕਾਰਾਂ ਮਹਾਂਮਾਰੀ ’ਚ ਅਨਾਥ ਹੋਏ ਬੱਚਿਆਂ ਦੀਆਂ ਜ਼ਰੂਰਤਾਂ ਦੀ ਦੇਖਭਾਲ ਲਈ ਅੱਗੇ ਆਉਣ ਕੋਰਟ ਨੇ ਸਾਰੇ ਰਾਜਾਂ ਨੂੰ ਦੇਸ਼-ਪੱਧਰੀ ਲਾਕਡਾਊਨ ਲੱਗਣ ਤੋਂ ਬਾਅਦ ਆਪਣੇ ਮਾਤਾ-ਪਿਤਾ ਜਾਂ ਫ਼ਿਰ ਕਮਾਉਣ ਵਾਲੇ ਪਰਿਵਾਰਕ ਮੈਂਬਰ ਨੂੰ ਗੁਆ ਦੇਣ ਵਾਲੇ ਬੱਚਿਆਂ ਦੀ ਪਛਾਣ ਕਰਨ ਦਾ ਨਿਰਦੇਸ਼ ਦਿੱਤਾ ਹੈ ਮਹਾਂਮਾਰੀ ਦੁਆਰਾ ਪੈਦਾ ਕੀਤੀ ਗਈ ਇਸ ਦੁਖਦਾਈ ਅਤੇ ਅਣਉਮੀਦੀ ਸਥਿਤੀ ’ਚ ਕੋਰਟ ਨੇ ਦੇਸ਼ ਭਰ ਦੇ ਜਿਲ੍ਹਾ ਪ੍ਰਸ਼ਾਸਨਾਂ ਨੂੰ ਆਦੇਸ਼ ਦਿੱਤਾ ਹੈ ਕਿ 2020 ਮਾਰਚ ਦੇ ਬਾਅਦ ਤੋਂ ਅਨਾਥ ਬੱਚਿਆਂ ਦੀ ਪਛਾਣ ਕੀਤੀ ਜਾਵੇ।

ਸਮਝਣਾ ਮੁਸ਼ਕਲ ਨਹੀਂ ਕਿ ਜਿਨ੍ਹਾਂ ਬੱਚਿਆਂ ਦੇ ਸਿਰ ਤੋਂ ਮਾਤਾ ਅਤੇ ਪਿਤਾ ਦੋਵਾਂ ਦਾ ਸਾਇਆ ਉੱਠ ਗਿਆ ਹੈ, ਉਨ੍ਹਾਂ ਦੇ ਜੀਵਨ ’ਚ ਸਮਾਜਿਕ-ਪਰਿਵਾਰਕ ਰੂਪ ’ਚ ਇਕੱਲਾਪਣ ਹੀ ਨਹੀਂ ਆਰਥਿਕ, ਮਨੋਵਿਗਿਆਨ ਅਤੇ ਭਾਵਨਾਤਮਕ ਰੂਪ ਨਾਲ ਵੀ ਅਣਗਿਣਤ ਸਮੱਸਿਆਵਾਂ ਆ ਗਈਆਂ ਹਨ ਅਜਿਹੇ ’ਚ ਸਰਕਾਰ ਦੇ ਯਤਨਾਂ ਨੂੰ ਸਮਾਜ ਦਾ ਵੀ ਸਾਥ ਮਿਲੇ ਅਜਿਹੇ ਬੱਚਿਆਂ ਦੀ ਸੁਰੱਖਿਆ ਅਤੇ ਮਾਨਸਿਕ ਮਜ਼ਬੂਤੀ ਨੂੰ ਬਣਾਈ ਰੱਖਣ ’ਚ ਉਨ੍ਹਾਂ ਦਾ ਮਾਹੌਲ ਅਹਿਮ ਭੂਮਿਕਾ ਨਿਭਾ ਸਕਦਾ ਹੈ ਉਂਜ ਤਾਂ ਕੋਰੋਨਾ ਵਾਇਰਸ ਦੀ ਆਫ਼ਤ ਨੇ ਦੁਨੀਆ ਭਰ ’ਚ ਹਰ ਉਮਰ ਦੇ ਲੋਕਾਂ ਦੇ ਮਨ-ਜੀਵਨ ’ਤੇ ਅਸਰ ਪਾਇਆ ਹੈ।

ਪਰ ਸਰਵੇ ਦੱਸਦੇ ਹਨ ਕਿ ਬਾਲਗਾਂ ਦੀ ਤੁਲਨਾ ’ਚ, ਇਸ ਮਹਾਂਮਾਰੀ ਨਾਲ ਬੱਚਿਆਂ ’ਤੇ ਚਿਰਕਾਲੀ ਉਲਟ ਅਸਰ ਹੋਰ ਵਧ ਸਕਦੇ ਹਨ ਜੋ ਕਿ ਬੱਚਿਆਂ ਦੇ ਉਮਰ ਵਰਗ, ਵਰਤਮਾਨ ਸਿੱਖਿਆ ਸਥਿਤੀ, ਆਰਥਿਕ ਸਥਿਤੀ, ਪਹਿਲਾਂ ਤੋਂ ਮੌਜੂਦ ਮਾਨਸਿਕ ਸਿਹਤ ਦੀ ਸਥਿਤੀ, ਮਾਤਾ-ਪਿਤਾ ਨੂੰ ਹੋਏ ਸੰਕਰਮਣ ਕਾਰਨ ਪੀੜਤ ਹੋਣ ਦਾ ਡਰ ਅਤੇ ਆਪਣਿਆਂ ਨੂੰ ਗੁਆ ਦੇਣ ਦਾ ਦਰਦ ਵਰਗੇ ਕਈ ਕਾਰਨਾਂ ’ਤੇ ਨਿਰਭਰ ਹੈ ਇਹੀ ਵਜ੍ਹਾ ਹੈ ਕਿ ਬਾਲ ਰੋਗ ਮਾਹਿਰ, ਮਨੋਵਿਗਿਆਨੀਆਂ ਅਤੇ ਅਧਿਆਪਕਾਂ ਨੇ ਵੀ ਆਉਣ ਵਾਲੇ ਸਮੇਂ ’ਚ ਕਈ ਗੰਭੀਰ ਖਤਰਿਆਂ ਦੀ ਚਿਤਾਵਨੀ ਦਿੱਤੀ ਹੈ।

ਸਾਡੇ ਦੇਸ਼ ’ਚ ਪਰਿਵਾਰ ਹੀ ਬੱਚਿਆਂ ਦੀ ਮਜ਼ਬੂਤੀ ਅਤੇ ਸੁਰੱਖਿਆ ਦਾ ਕੇਂਦਰ ਰਿਹਾ ਹੈ ਅਫ਼ਸੋਸ ਇਹ ਆਫ਼ਤ ਰਿਸ਼ਤੇ-ਨਾਤਿਆਂ ਤੋਂ ਦੂਰ ਰਹਿਣ ਦੇ ਹਾਲਾਤ ਤਾਂ ਬਣਾ ਰਹੀ ਹੈ, ਕਈ ਪਰਿਵਾਰਾਂ ’ਚ ਕਰੀਬੀਆਂ ਨੂੰ ਵੀ ਖੋਹ ਲਿਆ ਹੈ ਖਾਸ ਕਰਕੇ ਕੋਰੋਨਾ ਨਾਲ ਜੀਵਨ ਗੁਆ ਦੇਣ ਵਾਲੇ ਮਾਪਿਆਂ ਦੇ ਬੱਚਿਆਂ ਦਾ ਦੁੱਖ ਨਾਸਹਿਣਯੋਗ ਹੀ ਨਹੀਂ ਸਗੋਂ ਭਵਿੱਖ ਵੀ ਚਿੰਤਾਜਨਕ ਹੈ ਅਜਿਹੇ ’ਚ ਇਨ੍ਹਾਂ ਕਲਿਆਣਕਾਰੀ ਯੋਜਨਾਵਾਂ ਨੂੰ ਬਣਾਉਣਾ ਹੀ ਨਹੀਂ ਇਨ੍ਹਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਵਚਨਬੱਧਤਾ ਵੀ ਦਿਖਾਉਣੀ ਹੋਵੇਗੀ ਨਾਲ ਹੀ ਸਮੇਂ-ਸਮੇਂ ’ਤੇ ਐਲਾਨੀਆਂ ਗਈਆਂ ਤਜ਼ਵੀਜਾਂ ਦੀ ਸਮੀਖਿਆ ਵੀ ਜ਼ਰੂਰੀ ਹੈ ਅਜਿਹਾ ਨਾ ਹੋਵੇ ਕਿ ਨਾਤੇ-ਰਿਸ਼ਤੇਦਾਰ ਹੀ ਸਰਕਾਰੀ ਸਹਾਇਤਾ ਨੂੰ ਦੇਖਦਿਆਂ ਮਾਸੂਸ ਬੱਚਿਆਂ ਦਾ ਆਰਥਿਕ-ਭਾਵਨਾਤਮਕ ਸੋਸ਼ਣ ਦਾ ਰਸਤਾ ਲੱਭ ਲੈਣ ਸਵਾਰਥੀ ਸੋਚ ਅਤੇ ਆਫ਼ਤ ’ਚ ਮੌਕੇ ਲੱਭਣ ਦੀ ਕੁਰੀਤੀ ਸਾਡੇ ਸਮਾਜ ਦਾ ਮੰਦਭਾਗਾ ਸੱਚ ਹੈ।

ਬੀਤੇ ਡੇਢ ਸਾਲ ’ਚ ਇਹ ਇਲਾਜ ਤੋਂ ਲੈ ਕੇ, ਦਵਾਈ ਦੀ ਖਰੀਦ ਤੱਕ ਦੇਖਣ ’ਚ ਆਇਆ ਹੈ ਇਸ ਲਈ ਬੱਚਿਆਂ ਤੱਕ ਸਹਾਇਤਾ ਪਹੁੰਚੇ, ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋਵੇ, ਇਸ ਦੀ ਨਿਗਰਾਨੀ ਵੀ ਜ਼ਰੂਰੀ ਹੈ ਨਾਲ ਹੀ ਕਰੀਬੀਆਂ ਦੀ ਬੱਚੇ ਦੇ ਸੋਸ਼ਣ ਦੀ ਅਜਿਹੀ ਪ੍ਰਵਿਰਤੀ ਦੇ ਪ੍ਰਤੀ ਸਮਾਜ ਨੂੰ ਵੀ ਚੌਕਸ ਰਹਿਣਾ ਹੋਵੇਗਾ ਮਹਾਂਮਾਰੀ ਨਾਲ ਮਿਲੇ ਇਸ ਨਾਸਹਿਣਯੋਗ ਦੁੱਖ ਨੂੰ ਝੱਲ ਰਹੇ ਬੱਚਿਆਂ ਦੀ ਗੰਭੀਰਤਾ ਪੂਰਵਕ ਨਿਸ਼ਾਨਦੇਹੀ ਕਰਨ ਅਤੇ ਉਨ੍ਹਾਂ ਤੱਕ ਮੱਦਦ ਪਹੁੰਚਾਉਣ, ਦੋਵਾਂ ਹੀ ਮੋਰਚਿਆਂ ’ਤੇ ਤੱਤਪਰਤਾ ਅਤੇ ਗੰਭੀਰਤਾ ਜ਼ਰੂਰੀ ਹੈ।

ਡਾ. ਮੋਨਿਕਾ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।