ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਮੂਹਰੇ ਦਿੱਤਾ ਧਰਨਾ, ਨਾਂਅ ਜਨਤਕ ਕਰਨ ਦੀ ਮੰਗ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਪੰਜਾਬ ਕੈਬਨਿਟ ਦੇ ਇੱਕ ਮੈਂਬਰ ਵਿਰੁੱਧ ਮਹਿਲਾ ਆਈ.ਏ.ਐੱਸ. ਅਧਿਕਾਰੀ ਵੱਲੋਂ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਲਗਾਏ ਦੋਸ਼ਾਂ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਦਾ ਮਹਿਲਾ ਵਿੰਗ ਸੜਕਾਂ ‘ਤੇ ਉੱਤਰ ਆਇਆ ਹੈ ਇਸ ਮੌਕੇ ਮਹਿਲਾ ਵਿੰਗ ਦੀਆਂ ਮੈਂਬਰਾਂ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਅੱਗੇ ਧਰਨਾ ਦਿੰਦਿਆਂ ਜਿੱਥੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਉਕਤ ਮੰਤਰੀ ਦਾ ਨਾਂਅ ਜਨਤਕ ਕਰਦਿਆਂ ਉਸ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ
ਜਿਕਰਯੋਗ ਹੈ ਕਿ ਇੱਕ ਮਹਿਲਾ ਆਈਏਐਸ ਅਫਸਰ ਦੇ ਫੋਨ ‘ਤੇ ਇੱਕ ਕੈਬਨਿਟ ਮੰਤਰੀ ਵੱਲੋਂ ਗਲਤ ਮੈਸੇਜ ਭੇਜਣ ਦਾ ਮਾਮਲਾ ਕਾਂਗਰਸ ਹਾਈ ਕਮਾਨ ਕੋਲ ਵੀ ਪਹੁੰਚ ਗਿਆ ਹੈ, ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ‘ਤੇ ਇਸ ਮੰਤਰੀ ਨੂੰ ਕੈਬਨਿਟ ‘ਚੋਂ ਬਰਖਾਸਤ ਕਰਨ ਦਾ ਦਬਾਅ ਵਧ ਗਿਆ ਹੈ ਪਰ ਕਿਉਂਕਿ ਮੁੱਖ ਮੰਤਰੀ ਇਜ਼ਰਾਇਲ ਦੌਰੇ ‘ਤੇ ਹਨ, ਇਸ ਲਈ ਉਹਨਾਂ ਦੇ ਪਰਤਣ ‘ਤੇ ਹੀ ਇਸ ਮੰਤਰੀ ਖਿਲਾਫ਼ ਕੋਈ ਕਾਰਵਾਈ ਹੋ ਸਕਦੀ ਹੈ ਇਸ ਮਾਮਲੇ ਦੇ ਸਾਹਮਣੇ ਆਉਣ ਕਾਰਨ ਪੰਜਾਬ ਸਰਕਾਰ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ
ਸੁਖਬੀਰ ਨੇ ਕੀਤਾ ਨਾਂਅ ਜਨਤਕ
ਮਹਿਲਾ ਆਈਏਐੱਸ ਅਫਸਰ ਵੱਲੋਂ ਕੈਬਨਿਟ ਮੰਤਰੀ ‘ਤੇ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਲਗਾਏ ਦੋਸ਼ਾਂ ਦੇ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਅਖਬਾਰ ਦਾ ਹਵਾਲਾ ਦਿੰਦੇ ਹੋਏ ਟਵਿਟਰ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਦੇ ਕੈਬਨਿਟ ਸਾਥੀ ਦਾ ਨਾਂ ਜਨਤਕ ਕਰ ਦਿੱਤਾ ਹੈ ਉਨ੍ਹਾਂ ਲਿਖਿਆ ਹੈ ਕਿ ਕੈਪਟਨ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੋਸ਼ੀ ਮੰਤਰੀ ਖਿਲਾਫ ਕਾਰਵਾਈ ਕਰਨ ਤੋਂ ਝਿਜਕ ਕਿਉਂ ਰਹੇ ਹਨ?
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮਹਿਲਾ ਆਈਏਐੱਸ ਅਧਿਕਾਰੀ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਵਾਲੇ ਕੈਬਨਿਟ ਮੰਤਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਇਸ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਾਦਲ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਰਾਹੁਲ ਗਾਂਧੀ ਵੀ ਪਿਛਲੇ ਇਕ ਮਹੀਨੇ ਤੋਂ ਇਸ ਮੁੱਦੇ ‘ਤੇ ਚੁੱਪੀ ਧਾਰੇ ਬੈਠੇ ਹਨ ਬਾਦਲ ਨੇ ਕਿਹਾ ਕਿ ਇਸ ਘਟਨਾ ਨੇ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਦੇ ਦੋਗਲੇ ਚਿਹਰੇ ਦਾ ਵੀ ਪਰਦਾਫਾਸ਼ ਕਰ ਦਿੱਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।