ਵੱਡੇ ਪੱਧਰ ‘ਤੇ ਹੋਈਆਂ ਨੇ ਭੰਡਾਰੇ ਦੀਆਂ ਤਿਆਰੀਆਂ | May Satsang Bhandara
ਸਲਾਬਤਪੁਰਾ (ਸੱਚ ਕਹੂੰ ਨਿਊਜ਼)। ਮਈ ਮਹੀਨੇ ਦੇ ਪਵਿੱਤਰ ‘ਮਈ ਸਤਿਸੰਗ ਭੰਡਾਰੇ’ ਦੀ ਅੱਜ ਸਲਾਬਤਪੁਰਾ ’ਚ ਹੋਣ ਵਾਲੀ ਨਾਮ ਚਰਚਾ ਲਈ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਾਮ ਚਰਚਾ ਦਾ ਸਮਾਂ ਸਵੇਰੇ 11 ਵਜੇ ਦਾ ਹੈ ਪਰ ਸਾਧ ਸੰਗਤ ਕੱਲ੍ਹ ਰਾਤ ਤੋਂ ਹੀ ਪੁੱਜ ਰਹੀ ਹੈ। ਸਲਾਬਤਪੁਰਾ ਵੱਲ ਆਉਂਦੇ ਰਾਹਾਂ ’ਤੇ ਸਾਧ ਸੰਗਤ ਦੀਆਂ ਹੀ ਗੱਡੀਆਂ ਦਿਖਾਈ ਦੇ ਰਹੀਆਂ ਹਨ। ਨਾਮ ਚਰਚਾ ਦੌਰਾਨ ਸਾਧ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਸੇਵਾਦਾਰਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਗਰਮੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਥਾਂ-ਥਾਂ ਪਾਣੀ ਦੀਆਂ ਛਬੀਲਾਂ ਅਤੇ ਛਾਂ ਲਈ ਸ਼ਾਮਿਆਨੇ ਲਗਾਏ ਗਏ ਹਨ।
ਪਹਿਲੀ ਵਾਰ ਮਨਾਇਆ ਜਾ ਰਿਹਾ ਸਤਿਸੰਗ ਭੰਡਾਰਾ
ਵੇਰਵਿਆਂ ਮੁਤਾਬਿਕ ਮਈ ਮਹੀਨੇ ਦਾ ਇਹ ਸਤਿਸੰਗ ਭੰਡਾਰਾ ਪਹਿਲੀ ਵਾਰ ਮਨਾਇਆ ਜਾ ਰਿਹਾ ਹੈ। ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 29 ਅਪ੍ਰੈਲ ਨੂੰ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਮੌਕੇ ਭੇਜੇ 15ਵੇਂ ਪਵਿੱਤਰ ਸੰਦੇਸ਼ ਰਾਹੀਂ ਫਰਮਾਇਆ ਸੀ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਅਪ੍ਰੈਲ 1948 ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕਰਕੇ ਮਈ ਮਹੀਨੇ ’ਚ ਪਹਿਲਾ ਸਤਿਸੰਗ ਕੀਤਾ ਸੀ।
ਇਸ ਕਰਕੇ ਸਾਧ ਸੰਗਤ ਹੁਣ ਮਈ ਮਹੀਨੇ ਨੂੰ ਵੀ ਪਵਿੱਤਰ ‘ਮਈ ਸਤਿਸੰਗ ਭੰਡਾਰੇ’ ਦੇ ਰੂਪ ’ਚ ਮਨਾਇਆ ਕਰੇਗੀ। ਅੱਜ ਪੰਜਾਬ ਦੀ ਸਾਧ ਸੰਗਤ ਵੱਲੋਂ ਸਲਾਬਤਪੁਰਾ ’ਚ ਸਤਿਸੰਗ ਭੰਡਾਰੇ ਦੀ ਨਾਮ ਚਰਚਾ ਕੀਤੀ ਜਾ ਰਹੀ ਹੈ। ਪਹਿਲੀ ਵਾਰ ਮਨਾਏ ਜਾ ਰਹੇ ਇਸ ਪਵਿੱਤਰ ਮਹੀਨੇ ਲਈ ਸਾਧ ਸੰਗਤ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਨਾਮ ਚਰਚਾ ਪੰਡਾਲ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਧ ਸੰਗਤ ਵੱਲੋਂ ਇਸ ਮੌਕੇ ਮਾਨਵਤਾ ਭਲਾਈ ਦੇ ਕਾਰਜ਼ ਕੀਤੇ ਜਾਣਗੇ।