ਮੌੜ ਮੰਡੀ ਕਾਂਡ: ਮ੍ਰਿਤਕਾਂ ਦੀ ਗਿਣਤੀ 6 ਹੋਈ

ਪੰਜਾਬ ਪੁਲਿਸ ਦੇ ਡੀਜੀਪੀ ਸ਼ੁਰੇਸ਼ ਅਰੋੜਾ ਵੱਲੋਂ ਘਟਨਾ ਸਥਾਨ ਦਾ ਦੌਰਾ

(ਅਸ਼ੋਕ ਵਰਮਾ/ਸੁਖਜੀਤ ਮਾਨ/ਰਾਕੇਸ਼) ਬਠਿੰਡਾ/ਮੌੜ ਮੰਡੀ। ਬਠਿੰਡਾ ਜਿਲ੍ਹੇ ਦੀ ਮੌੜ ਮੰਡੀ (Maur Mandi Incident) ਵਿਖੇ ਬੀਤੀ ਦੇਰ ਸ਼ਾਮ ਹੋਏ ਕਥਿਤ ਬੰਬ ਧਮਾਕਿਆਂ ਵਿੱਚ  ਬੁਰੀ ਤਰ੍ਹਾਂ ਝੁਲਸ ਗਏ ਤਿੰਨ ਬੱਚਿਆਂ ਦੀ ਮੌਤ ਹੋ ਜਾਣ ਨਾਲ ਇਸ ਘਟਨਾ ਦੇ ਮ੍ਰਿਤਕਾਂ ਦੀ ਗਿਣਤੀ 6 ਹੋ ਗਈ ਹੈ ਤਿੰਨ ਬੱਚਿਆਂ ਨੇ ਅੱਜ ਡੀ.ਐਮ ਸੀ ਲੁਧਿਆਣਾ ਵਿਖੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ ਹੈ ਮਾਰੇ ਗਏ ਵਿਅਕਤੀਆਂ ‘ਚ ਪਿਓ-ਧੀ ਸ਼ਾਮਲ ਹਨ।

ਅੱਜ ਘਟਨਾ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਪੂਰੀ ਚੌਕਸੀ ਵਰਤਣ ਅਤੇ ਹਾਲਾਤ ਕਾਬੂ ‘ਚ ਰੱਖਣ ਲਈ ਹਰ ਸੰਭਵ ਯਤਨ ਕਰਨ ਦੇ ਆਦੇਸ਼ ਦਿੱਤੇ। ਸ੍ਰੀ ਅਰੋੜਾ ਨੇ ਇਸ ਮੌਕੇ ਹਾਜਰ ਬਠਿੰਡਾ ਜੋਨ ਦੇ ਆਈ.ਜੀ. ਨਿਲਾਭ ਕਿਸ਼ੋਰ, ਆਈ. ਜੀ. ਇੰਟੈਲੀਜੈਂਸ ਅਮਿਤ ਪ੍ਰਸ਼ਾਦ, ਬਠਿੰਡਾ ਰੇਂਜ ਦੇ ਡੀਆਈਜੀ. ਯੁਰਿੰਦਰ ਸਿੰਘ ਹੇਅਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਨਾਲ ਗੱਲਬਾਤ ਵੀ ਕੀਤੀ ਇਸ ਵਾਰਦਾਤ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਫੌਰੈਂਸਿਕ ਮਾਹਿਰਾਂ ਦੀ ਟੀਮ ਅਤੇ ਬੰਬ ਨਿਰੋਧਕ ਦਸਤੇ ਨੇ ਮੌਕੇ ਤੋਂ ਸੈਂਪਲ ਹਾਸਲ ਕੀਤੇ।

ਪੰਜਾਬ ਪੁਲਿਸ ਦੇ ਡੀਜੀਪੀ ਸ਼ੁਰੇਸ਼ ਅਰੋੜਾ ਵੱਲੋਂ ਘਟਨਾ ਸਥਾਨ ਦਾ ਦੌਰਾ

ਜ਼ਿਕਰਯੋਗ ਹੈ ਕਿ ਇਹ ਧਮਾਕੇ ਬੀਤੀ ਦੇਰ ਸ਼ਾਮ ਵਿਧਾਨ ਸਭਾ ਹਲਕਾ ਮੌੜ ਦੀ ਮੌੜ ਮੰਡੀ ਵਿੱਚ ਕਾਂਗਰਸੀ ਉਮੀਦਵਾਰ ਵੱਲੋਂ ਕੀਤੀ ਜਾ ਰਹੀ ਜਨਸਭਾ ਦੇ ਐਨ ਲਾਗੇ ਹੋਏ ਸਨ ਘਟਨਾ ‘ਚ ਜਖਮੀ ਹੋਏ ਇੱਕ ਦਰਜਨ ਤੋਂ ਵੱਧ ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਕਾਰਨ ਸ਼ਹਿਰ ਵਾਸੀਆਂ ‘ਚ ਡੂੰਘੇ ਗਮ ਅਤੇ ਗੁੱਸੇ ਦਾ ਮਹੌਲ ਉਸ ਵੇਲੇ ਅੱਜ ਹੋਰ ਵੀ ਗਮਗੀਨ ਹੋ ਗਿਆ ਜਦੋਂ ਜ਼ਖਮੀਆਂ ‘ਚ ਸ਼ਾਮਿਲ 3 ਹੋਰ ਬੱਚਿਆਂ ਦੀ ਦੁਖਦਾਈ ਮੌਤ ਦੀ ਖਬਰ ਪੁੱਜੀ ਇੰਨ੍ਹਾਂ ਮ੍ਰਿਤਕ ਬੱਚਿਆਂ ‘ਚ ਜਪਸਿਮਰਨ ਸਿੰਘ (14) ਪੁੱਤਰ ਖੁਸ਼ਦੀਪ ਸਿੰਘ, ਰਿਪਨਦੀਪ ਸਿੰਘ (9) ਪੁੱਤਰ ਸਵ. ਕਾਲਾ ਸਿੰਘ ਅਤੇ ਸੌਰਵ ਸਿੰਗਲਾ ਪੁੱਤਰ ਰਾਕੇਸ਼ ਕੁਮਾਰ ਵਾਸੀ ਮੌੜ ਮੰਡੀ ਸ਼ਾਮਿਲ ਹਨ।

ਬੀਤੀ ਦੇਰ ਰਾਤ ਅਸ਼ੋਕ ਕੁਮਾਰ (35), ਉਸ ਦੀ ਧੀ ਵਰਖਾ ਰਾਣੀ (7) ਵਾਸੀਆਨ ਬਾਲਮੀਕਿ ਬਸਤੀ ਮੌੜ ਅਤੇ ਹਰਪਾਲ ਪਾਲੀ (40) ਵਾਸੀ ਜੱਸੀ ਪੌ ਵਾਲੀ ਦੀ ਮੌਕੇ ‘ਤੇ ਮੌਤ ਹੋ ਗਈ ਸੀਜ਼ਖਮੀਆਂ ‘ਚੋਂ ਦੋ ਸਕੇ ਭਰਾ ਰਮੇਸ਼ ਦਾਸ (40) ਤੇ ਨਛੱਤਰ ਸਿੰਘ (62) ਪੁਤਰਾਨ ਛੋਟਾ ਦਾਸ ਵਾਸੀਆਨ ਮੌੜ ਕਲਾਂ ਮੌੜ ਮੰਡੀ ਵਿਖੇ ਹੀ ਕਿਰਨ ਹਸਪਤਾਲ ‘ਚ ਇਲਾਜ ਅਧੀਨ ਹਨ। ਜ਼ਖਮੀਆਂ ‘ਚੋਂ ਰਮੇਸ਼ ਦਾਸ ਨੇ ਦੱਸਿਆ ਕਿ ਉਹ ਆਪਣਾ ਘਰ ਦਾ ਕੰਮ ਕਾਰ ਨਿਬੇੜ ਕੇ ਚੋਣ ਪ੍ਰੋਗਰਾਮ ‘ਚ ਲੀਡਰਾਂ ਦੇ ਵਿਚਾਰ ਸੁਣਕੇ ਹਾਲੇ ਘਰ ਜਾਣ ਹੀ ਲੱਗੇ ਸਨ ਤਾਂ ਅਚਾਨਕ ਧਮਾਕਾ ਹੋ ਗਿਆ ਅਤੇ ਮੌਕੇ ਤੋਂ ਭੱਜਦਿਆਂ ਉਨ੍ਹਾਂ ਨੂੰ ਗੰਭੀਰ ਚੋਟਾਂ ਆਈਆਂ ਹਨ ਰਮੇਸ਼ ਦਾਸ ਨੇ ਦੱਸਿਆ ਕਿ ਉਸਦੀ ਐਕਸਰੇ ਰਿਪੋਰਟ ‘ਚ ਆਇਆ ਹੈ ਕਿ ਜ਼ਖਮਾਂ ‘ਚ ਹਾਲੇ ਵੀ ਕਣ ਮੌਜੂਦ ਹਨ ਜਿੰਨਾਂ ਨੂੰ ਬਾਹਰ ਕੱਢ ਕੇ ਹੀ ਸਹੀ ਇਲਾਜ ਸੰਭਵ ਹੋ ਸਕੇਗਾ।

ਰਮੇਸ਼ ਦਾਸ ਦਾ ਭਤੀਜਾ ਜਸਕਰਨ ਸਿੰਘ ਵੀ ਇਸੇ ਘਟਨਾ ‘ਚ ਸਖਤ ਜ਼ਖਮੀ

ਰਮੇਸ਼ ਦਾਸ ਦਾ ਭਤੀਜਾ ਜਸਕਰਨ ਸਿੰਘ ਵੀ ਇਸੇ ਘਟਨਾ ‘ਚ ਸਖਤ ਜ਼ਖਮੀ ਹੋ ਗਿਆ ਹੈ ਜੋ ਡੀਐਮਸੀ ਲੁਧਿਆਣਾ ‘ਚ ਜ਼ੇਰੇ ਇਲਾਜ ਹੈ। ਇਸ ਤੋਂ ਇਲਾਵਾ ਜ਼ਖਮੀਆਂ ਵਿੱਚ  ਅਮਰੀਕ ਸਿੰਘ (26) ਅਤੇ ਅੰਕੁਸ਼ (11) ਗੰਭੀਰ ਜ਼ਖਮੀ ਸਨ ਜਿਨਾਂ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਜਦਕਿ ਬਠਿੰਡਾ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਰੌਕੀ ਗਰਗ (25), ਦਰਸ਼ਨ ਸਿੰਘ (55), ਰਾਜੀਵ (31), ਮਨੀ ਮਿੱਤਲ (25), ਡੀ. ਰਾਮ ਬਾਬੂ (34), ਤੇਜਿੰਦਰ ਪਾਲ (36), ਆਸ਼ੂ (11), ਹਿਮਾਂਸ਼ੂ (15), ਰਾਹੁਲ (10) ਅਤੇ ਲੇਖਰਾਜ (10) ਖਤਰੇ ਤੋਂ ਬਾਹਰ ਹਨ।

ਦੋਸ਼ੀ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ

ਦੂਜੇ ਪਾਸੇ ਪੁਲਿਸ ਵੱਲੋਂ ਬੀਤੀ ਰਾਤ ਵਰ੍ਹਾਏ ਡੰਡੇ ਨੂੰ ਲੈਕੇ ਵੀ ਸ਼ਹਿਰ ਦੇ ਲੋਕ ਭਰੇ ਪੀਤੇ ਬੈਠੇ ਹਨ ਅੱਜ ਦਰਜਨਾਂ ਲੋਕਾਂ ਨੇ ਇਸ ਵਿਹਾਰ ਦੀ ਨਿਖੇਧੀ ਕਰਦਿਆਂ ਦੋਸ਼ੀ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਲੋਕਾਂ ਦਾ ਪ੍ਰਤੀਕਰਮ ਹੈ ਕਿ ਉਹ ਤਾਂ ਜ਼ਖਮੀਆਂ ਦੀ ਸਾਂਭ ਸੰਭਾਲ ਕਰ ਰਹੇ ਸਨ ਪਰ  ਪੁਲਿਸ ਨੇ ਉਨ੍ਹਾਂ ਨੂੰ ਹੀ ਟੁੱਟ ਕੇ ਪੈ ਗਈ ਪੁਲਿਸ ਇਸ ਗੱਲ ਤੋਂ ਇਨਕਾਰ ਰਹੀ ਹੈ।

ਮੌਕੇ ‘ਤੇ ਮੌਜੂਦ ਸ਼ਹਿਰ ਵਾਸੀ ਹੈਪੀ ਦਾ ਕਹਿਣਾ ਸੀ ਕਿ ਪੁਲਿਸ ਨੇ ਕੋਈ ਚੰਗਾ ਵਿਵਹਾਰ ਨਹੀਂ ਕੀਤਾ ਜਦੋਂਕਿ ਉਸਨੇ ਦੋ ਬੱਚਿਆਂ ਨੂੰ ਲੱਗੀ ਅੱਗ ਆਪਣਾ ਕੋਟ ਉਤਾਰ ਕੇ ਬੁਝਾਈ ਹੈ। ਅੱਜ ਐਸਐਸਪੀ ਨੇ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜਮਾਂ ਨੂੰ ਕਿਸੇ ਵੀ ਗੱਲ ਲਈ ਬਹਿਸ ਨਾ ਕਰਨ ਲਈ ਆਖਿਆ । ਘਟਨਾ ਸਥਾਨ ‘ਤੇ ਮਾਰੇ ਗਏ ਅਸ਼ੋਕ ਕੁਮਾਰ ਤੇ ਉਸਦੀ ਪੁੱਤਰੀ ਵਰਖਾ ਰਾਣੀ ਵਾਸੀ ਬਾਲਮੀਕੀ ਬਸਤੀ ਮੌੜ ਦਾ ਅੱਜ ਸਸਕਾਰ ਕਰ ਦਿੱਤਾ ਗਿਆ । ਸੋਗ ਕਾਰਨ ਅੱਜ ਸ਼ਹਿਰ ਦੇ ਸਾਰੇ ਬਜ਼ਾਰ ਮੁਕੰਮਲ ਬੰਦ ਰਹੇ ।

ਅੱਤਵਾਦੀ ਘਟਨਾ ਤੋਂ ਨਹੀਂ ਕੀਤਾ ਜਾ ਸਕਦਾ ਇਨਕਾਰ : ਡੀਜੀਪੀ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਸੁਰੇਸ਼ ਅਰੋੜਾ ਨੇ ਆਖਿਆ ਕਿ ਇਸ ਹਮਲੇ ਪਿਛੇ ਕਿਸੇ ਅੱਤਵਾਦੀ ਘਟਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਉਨ੍ਹਾਂ ਆਖਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਅਸਲ ਕਾਰਨਾ ਦਾ ਪੜਤਾਲ ਮੁਕੰਮਲ ਹੋਣ ਤੇ ਹੀ ਪਤਾ ਲੱਗ ਸਕੇਗਾ । ਉਨ੍ਹਾਂ ਆਖਿਆ ਕਿ ਸੁਰੱਖਿਆ ਕਾਰਨਾਂ ਕਰਕੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਬੁਲੇਟ ਪਰੂਫ ਗੱਡੀ ਦਿੱਤੀ ਜਾ ਰਹੀ ਹੈ ।

ਨਵੀਆਂ ਪਾਰਟੀਆਂ ਲਾ ਰਹੀਆਂ ਲਾਂਬੂ : ਸੇਖੋਂ

ਦਰਦਨਾਕ ਘਟਨਾਂਕ੍ਰਮ ‘ਤੇ ਟਿੱਪਣੀ ਕਰਦਿਆਂ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੇ ਆਖਿਆ ਕਿ ਕੁੱਝ ਨਵੀਆਂ ਪਾਰਟੀਆਂ ਜਿੰਨਾਂ ਦੇ ਸਬੰਧ ਅਜਿਹੀਆਂ ਏਜੰਸੀਆਂ ਨਾਲ ਹਨ ਜਿੰਨਾਂ ਨੇ ਪਹਿਲਾਂ ਵੀ ਪੰਜਾਬ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਆਖਿਆ ਕਿ ਉਹ ਇਸ ਘਟਨਾ ਦੀ ਸਖਤ ਨਿਖੇਧੀ ਕਰਦੇ ਹਨ।

ਹਮਲੇ ‘ਤੇ ਨਹੀਂ ਸੇਕਣੀਆਂ ਸਿਆਸੀ ਰੋਟੀਆਂ : ਕਮਾਲੂ

ਅੱਜ ਆਮ ਆਦਮੀ ਪਾਰਟੀ ਵੱਲੋਂ ਸਥਾਨਕ ਪੁਲਿਸ ਥਾਣੇ ਅੱਗੇ ਲਾਏ ਧਰਨੇ ਨੂੰ ਪਾਰਟੀ ਦੇ ਉਮੀਦਵਾਰ ਜਗਦੇਵ ਸਿੰਘ ਕਮਾਲੂ ਨੇ ਖਤਮ ਕਰਵਾ ਦਿੱਤਾ ਉਨ੍ਹਾਂ ਆਖਿਆ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਹਦਾਇਤਾਂ ਹਨ ਕਿ ਇਸ ਮਾਮਲੇ ਨੂੰ ਸਿਆਸੀ ਰੰਗਤ ਨਹੀਂ ਦਿੱਤੀ ਜਾਏਗੀ ਸ੍ਰੀ ਕਮਾਲੂ ਨੇ ਆਖਿਆ ਕਿ ਘਟਨਾ ਅਤੀ ਨਿੰਦਣਯੋਗ ਹੈ ਕਿਉਂਕਿ ਹਮਲੇ ‘ਚ ਕਈ ਜਾਨਾਂ ਚਲੀਆਂ ਗਈਆਂ। ਉਨ੍ਹਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕਰਦਿਆਂ ਐਸ. ਡੀ. ਐਮ. ਨੂੰ ਮੰਗ ਪੱਤਰ ਵੀ ਸੌਂਪਿਆ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ