31 ਜਨਵਰੀ ਤੋਂ 3 ਫਰਵਰੀ ਤੱਕ ਹੋਣਗੇ ਮੁਕਾਬਲੇ, ਜੇਤੂਆਂ ਨੂੰ ਮਿਲਣਗੇ ਲੱਖਾਂ ਦੇ ਇਨਾਮ
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ) ਘੋੜਾ ਪਾਲਕਾਂ ਦੀ ਪ੍ਰਮੁੱਖ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਹੌਰਸ ਬਰੀਡਰਜ਼ ਸੁਸਾਇਟੀ ਵੱਲੋਂ ਮਿਤੀ 31 ਜਨਵਰੀ ਤੋਂ 3 ਫਰਵਰੀ ਤੱਕ ਨੁਕਰੇ ਅਤੇ ਮਾਰਵਾੜੀ ਘੋੜਿਆਂ ਦਾ ਬਰੀਡ ਸ਼ੋਅ ਪੰਜਾਬ ਦੇ ਪ੍ਰਮੁੱਖ ਸ਼ਹਿਰ ਫਰੀਦਕੋਟ ਵਿਖੇ ਸ਼ੂਗਰ ਮਿੱਲ (ਹਵੇਲੀ ਹੋਟਲ ਦੇ ਸਾਹਮਣੇ) ਕੋਟਕਪੂਰਾ ਰੋਡ ਵਿਖੇ ਹੋ ਰਿਹਾ ਹੈ। ਇਸ ਸਬੰਧੀ ਮਿਤੀ 3 ਫਰਵਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ‘ਪਸ਼ੂ ਪਾਲਣ ਮੰਤਰੀ’ ਪੰਜਾਬ ਸਰਕਾਰ ਇਨਾਮ ਵੰਡਣ ਦੀ ਰਸਮ ਅਦਾ ਕਰਨਗੇ।
ਇਸ ਸਮੇਂ ਜੇਤੂ ਘੋੜੇ-ਘੋੜੀ ਨੂੰ ਇੱਕ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਹਿਲੇ 10 ਸਥਾਨਾਂ ‘ਤੇ ਆਏ ਜਾਨਵਰਾਂ ਨੂੰ ਵਿਸੇਸ਼ ਇਨਾਮ ਦਿੱਤੇ ਜਾਣਗੇ। ਇਹ ਮੁਕਾਬਲੇ ਸੁਸਾਇਟੀ ਦੇ ਚੇਅਰਮੈਨ ਤੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਦੀ ਰਹਿਨੁਮਾਈ ਹੇਠ ਹੋਣਗੇ। ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸਕੱਤਰ ਪਿੰਦਰ ਸ਼ੇਰਵਾਲਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਗੁਜਰਾਤ, ਮਹਾਂਰਾਸ਼ਟਰ, ਰਾਜਸਥਾਨ, ਹਰਿਆਣਾ, ਯੂਪੀ, ਦਿੱਲੀ ਆਦਿ ਸਮੇਤ ਕਈ ਹੋਰ ਇਲਾਕਿਆਂ ਤੋਂ ਵੀ ਘੋੜਾ ਪਾਲਕ ਸ਼ਿਰਕਤ ਕਰਨਗੇ।
ਉਨ੍ਹਾਂ ਦੱਸਿਆ ਕਿ ਉਲੀਕੇ ਗਏ ਪ੍ਰੋਗਰਾਮ ਅਨੁਸਾਰ 31 ਜਨਵਰੀ ਨੂੰ ਸਿਰਪੱਟ ਤੇ ਘੋੜਿਆਂ ਦੀ ਚਾਲ ਦੇ ਮੁਕਾਬਲੇ ਹੋਣਗੇ। ਜਿਸ ਵਿੱਚ ਪਹਿਲੇ ਦਸ ਸਥਾਨਾਂ ਤੇ ਆਏ ਜਾਨਵਰਾਂ ਨੂੰ ਦਿਲ-ਖਿਚਵੇਂ ਇਨਾਮ ਦਿੱਤੇ ਜਾਣਗੇ। 31 ਜਨਵਰੀ ਨੁਕਰੇ ਨੂੰ ਦੁਧ ਦੰਦ ਬੱਚਿਆਂ ਦੇ ਮੁਕਾਬਲੇ ਹੋਣਗੇ, 01 ਫਰਵਰੀ ਨੂੰ ਦੁੱਧ ਦੰਦ ਮਾਰਵਾੜੀ ਦੋ ਦੰਦ ਨੁਕਰਾ ਦੇ ਮੁਕਾਬਲੇ ਅਤੇ 02 ਫਰਵਰੀ ਨੂੰ ਦੋ ਦੰਦ ਮਾਰਵਾੜੀ ਅਤੇ ਵੱਢੇ ਨੁਕਰਾ ਘੋੜੇ-ਘੋੜੀਆਂ ਦੇ ਮੁਕਾਬਲੇ ਕਰਵਾਏ ਜਾਣਗੇ।
03 ਫਰਵਰੀ ਨੂੰ ਮਾਰਵਾੜੀ ਘੋੜੇ-ਘੋੜੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਨੁਕਰਾ ਤੇ ਮਾਰਵਾੜੀ ਨਸਲ ਦੇ ਅਲੱਗ ਅਲੱਗ ਬੈਸਟ-ਐਨੀਮਲ ਦਾ ਐਲਾਨ ਕੀਤਾ ਜਾਵੇਗਾ। ਜਿਸ ਵਿੱਚ ਅਵਲ ਆਉਣ ਵਾਲੇ ਜਾਨਵਰਾਂ ਦੇ ਦੋ ਮਾਲਕਾਂ ਨੂੰ ਮੋਟਰ ਸਾਈਕਲ ਇਨਾਮ ਦਿੱਤੇ ਜਾਣਗੇ।
ਪਿੰਦਰ ਸ਼ੇਰੇਵਾਲਾ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਘੋੜਾ ਪਾਲਕਾਂ ਦੀ ਰਿਹਾਇਸ਼-ਖਾਣ ਪੀਣ ਤੋਂ ਇਲਾਵਾ ਜਾਨਵਰਾਂ ਦੇ ਰਹਿਣ ਤੇ ਖਾਣ ਦਾ ਪ੍ਰਬੰਧ ਵੀ ਸੁਸਾਇਟੀ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ, ਪ੍ਰਧਾਨ ਅਮਰ ਇਕਬਾਲ ਸਿੰਘ ਭਿੰਡਰ ਅਤੇ ਪਿੰਦਰ ਸ਼ੇਰੇਵਾਲਾ ਨੇ ਸਮੂਹ ਘੋੜਾ ਪਾਲਕਾਂ ਨੂੰ ਇੰਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














