ਲੜਕੀ ਦੀ ਸ਼ਾਦੀ ਕਰਕੇ ਰੈਸਟੋਰੈਂਟ ਤੋਂ ਵਾਪਸ ਘਰ ਆ ਰਿਹਾ ਸੀ ਪਰਿਵਾਰ
ਡੀਪੀ ਜਿੰਦਲ, ਭੀਖੀ: ਸਥਾਨਕ ਕਸਬੇ ਦੇ ਬੱਸ ਅੱਡੇ ਦੇ ਸਾਹਮਣੇ ਅੱਜ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਇੱਕ ਮਾਰੂਤੀ ਵੈਨ ਨੂੰ ਅੱਗ ਲੱਗ ਜਾਣ ਨਾਲ ਇੱਕ ਬੱਚੇ ਤੇ ਤਿੰਨ ਔਰਤਾਂ ਸਮੇਤ ਪੰਜ ਜਣੇ ਝੁਲਸ ਗਏ
ਪੀੜਤ ਪਰਿਵਾਰ ਦੇ ਮੁਖੀ ਜਗਜੀਤ ਸਿੰਘ (58) ਪੁੱਤਰ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਲੜਕੀ ਦੀ ਸ਼ਾਦੀ ਕਰਨ ਉਪਰੰਤ ਭੀਖੀ ਦੇ ਇੱਕ ਰੈਸਟੋਰੈਂਟ ਤੋਂ ਵੈਨ ( ਪੀ.ਬੀ. 03 ਕੇ. 7000 ਮਨਜੂਰਸ਼ੁਦਾ ਗੈਸ ਕਿੱਟ) ‘ਚ ਸਵਾਰ ਹੋ ਕੇ ਆਪਣੇ ਪਿੰਡ ਕੋਟੜਾ ਕਲਾਂ ਵਾਪਸ ਪਰਤ ਰਹੇ ਸਨ ਇਸੇ ਦੌਰਾਨ ਬੱਸ ਅੱਡੇ ਦੇ ਸਾਹਮਣੇ ਉਸਨੇ ਵੈਨ ‘ਚੋਂ ਅੱਗ ਤੇ ਧੂੰਆਂ ਨਿਕਲਦਾ ਵੇਖ ਕੇ ਵੈਨ ਚਾਲਕ ਬੁੱਧ ਸਿੰਘ ਨੂੰ ਦੱਸਿਆ ਤਾਂ ਦੋਹਾਂ ਨੇ ਵੈਨ ਚੋਂ ਛਾਲ ਮਾਰ ਦਿੱਤੀ ਅਤੇ ਵੈਨ ‘ਚ ਸਵਾਰਾਂ ਨੂੰ ਕੱਢਣ ਲਈ ਤਾਕੀਆਂ ਖੋਲ ਦਿੱਤੀਆਂ।
ਉਨ੍ਹਾ ਕਿਹਾ ਕਿ ਬਾਕੀ ਸਵਾਰਾਂ ਦੇ ਬਾਹਰ ਨਿੱਕਲਣ ਤੋਂ ਪਹਿਲਾਂ ਪੂਰੀ ਵੈਨ ਅੱਗ ਦੀ ਲਪੇਟ ‘ਚ ਆ ਚੁੱਕੀ ਸੀ ਜਿਸਦੇ ਸਿੱਟੇ ਵਜੋਂ ਵੈਨ ‘ਚ ਸਵਾਰ ਖੁਦ ਉਸ ਤੋਂ ਇਲਾਵਾ ਉਸਦੀ ਪਤਨੀ ਮਨਜੀਤ ਕੌਰ (55), ਪੁੱਤਰੀ ਬਿੰਦਰਪਾਲ ਕੌਰ (26), ਦੋਹਤਾ ਸਮਰਦੀਪ ਸਿੰਘ (3) ਅਤੇ ਰਾਜਿੰਦਰ ਕੌਰ (60) ਪਤਨੀ ਜੂਪਾ ਸਿੰਘ ਅੱਗ ਨਾਲ ਝੁਲਸ ਗਏ ਜਦ ਕਿ ਵੈਨ ‘ਚ ਸਵਾਰ ਦੋ ਹੋਰ ਬੱਚੇ ਵਾਲ-ਵਾਲ ਬਚ ਗਏ।
ਜ਼ਖ਼ਮੀਆਂ ਨੂੰ ਪਟਿਆਲਾ ਲਈ ਰੈਫ਼ਰ ਕੀਤਾ
ਸਰਕਾਰੀ ਹਸਪਤਾਲ ਭੀਖੀ ਦੇ ਮੈਡੀਕਲ ਅਫਸ਼ਰ ਫਾਜ਼ਲ ਸਿੰਘ ਸੰਘਾ ਨੇ ਦੱਸਿਆ ਕਿ ਬੱਚੇ ਸਮੇਤ ਪੰਜਾਂ ਜਾਣਿਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਹੈ ਦੱਸਿਆ ਜਾਂਦਾ ਹੈ ਕਿ ਪੀੜਤ ਜਗਜੀਤ ਸਿੰਘ ਦੇ 7 ਲੜਕੀਆਂ ਹਨ ਕੋਈ ਪੁੱਤਰ ਨਹੀਂ ਅਤੇ ਅੱਜ ਉਹ ਆਪਣੀ ਚੌਥੀ ਲੜਕੀ ਸ਼ਿੰਦਰਪਾਲ ਕੌਰ ਦੀ ਸ਼ਾਦੀ ਕਰਕੇ ਵਾਪਿਸ ਪਿੰਡ ਕੋਟੜਾ ਕਲਾਂ ਪਰਤ ਰਿਹਾ ਸੀ।
ਜਿਕਰਯੋਗ ਹੈ ਕਿ ਅੱਗ ਬੁਝਾਉਣ ‘ਚ ਜਿੱਥੇ ਪੰਜਾਬ ਮਹਾਂਵੀਰ ਦਲ ਦੀ ਚਲਦੀ ਫਿਰਦੀ ਜਲ ਸੇਵਾ ਵਾਲੀ ਰੇਹੜੀ ਦੇ ਚਾਲਕ ਹੰਸਾ ਸਿੰਘ ਨੇ ਵਧੇਰੇ ਚੁਸਤੀ-ਫੁਰਤੀ ਵਿਖਾਈ ਉਥੇ ਹੀ ਹਸਪਤਾਲ ਵਿੱਚ ਦਾਖਲ ਪੀੜ੍ਹਤਾਂ ਦੀ ਦੇਖਭਾਲ ਭੰਗੀਦਾਸ ਦਰਸ਼ਨ ਸਿੰਘ ਇੰਸਾਂ, ਹਰਕੇਸ਼ ਕੇਸਾ, ਪ੍ਰਿੰਸ ਬਾਬਰੇ ਕਾ, ਧਨਜੀਤ ਸਿੰਘ, ਗੁਰਸ਼ਰਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਸਟਾਫ ਨਰਸ ਰਾਜਦੀਪ ਕੌਰ ਤੇ ਮੌਜੂਦਾ ਨਾਗਰਿਕਾਂ ਵੱਲੋਂ ਕੀਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।