Bathinda News: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਦਾ ਮੁੱਖ ਬੱਸ ਅੱਡਾ ਮੌਜੂਦਾ ਥਾਂ ਤੋਂ ਤਬਦੀਲ ਕਰਕੇ ਮਲੋਟ ਰੋਡ ’ਤੇ ਥਰਮਲ ਪਲਾਂਟ ਕੋਲ ਲਿਜਾਣ ਦੇ ਵਿਰੋਧ ’ਚ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਹਨ। ਅੱਜ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ’ਚ ਸੰਘਰਸ਼ ਦੇ 100 ਦਿਨ ਪੂਰੇ ਹੋਣ ’ਤੇ ਬੱਸ ਅੱਡੇ ਨੇੜਲੇ ਸਾਰੇ ਬਜ਼ਾਰ ਬੰਦ ਕਰਕੇ ਡੀਸੀ ਦਫ਼ਤਰ ਨੇੜਲੇ ਡਾ. ਭੀਮ ਰਾਓ ਅੰਬੇਦਕਰ ਚੌਂਕ ਤੋਂ ਸਦਭਾਵਨਾ ਚੌਂਕ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਹ ਖਬਰ ਵੀ ਪੜ੍ਹੋ : IND vs ENG: ਕਰੁਣ ਨੇ ਅੱਠ ਸਾਲਾਂ ਬਾਅਦ ਖੇਡੀ ਇਹ ਪਾਰੀ, ਸੁੰਦਰ ਨਾਲ ਸਾਂਝੇਦਾਰੀ ਕਰ ਭਾਰਤ ਨੂੰ ਸੰਭਾਲਿਆ
ਵੇਰਵਿਆਂ ਮੁਤਾਬਿਕ ਬਠਿੰਡਾ ਦੇ ਬੱਸ ਅੱਡੇ ਨੂੰ ਮੌਜੂਦਾ ਥਾਂ ਤੋਂ ਬਦਲ ਕੇ ਮਲੋਟ ਰੋਡ ’ਤੇ ਥਰਮਲ ਪਲਾਂਟ ਕੋਲ ਲਿਜਾਇਆ ਜਾ ਰਿਹਾ ਹੈ। ਸਰਕਾਰ ਦੇ ਇਸ ਫੈਸਲੇ ਦਾ ਬਠਿੰਡਾ ’ਚ ਭਾਰੀ ਵਿਰੋਧ ਹੋ ਰਿਹਾ ਹੈ। ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਦੇ ਬੈਨਰ ਹੇਠ ਡੀਸੀ ਦਫ਼ਤਰ ਕੋਲ ਪੱਕਾ ਧਰਨਾ ਲਗਾਇਆ ਹੋਇਆ ਹੈ। ਅੱਜ ਕਮੇਟੀ ਦੇ ਫੈਸਲੇ ਤਹਿਤ ਬੱਸ ਅੱਡੇ ਨੇੜਲੀਆਂ ਮਾਰਕੀਟਾਂ ਦੇ ਬਜ਼ਾਰ ਮੁਕੰਮਲ ਬੰਦ ਕਰਕੇ ਸ਼ਹਿਰ ’ਚ ਰੋਸ ਮਾਰਚ ਕੀਤਾ ਗਿਆ। Bathinda News
ਰੋਸ ਮਾਰਚ ਦੀ ਅਗਵਾਈ ਕਰ ਰਹੇ ਆਗੂਆਂ ’ਚ ਸ਼ਾਮਲ ਸੰਦੀਪ ਅਗਰਵਾਲ ਨੇ ਆਖਿਆ ਕਿ ਸਰਕਾਰ ਨੇ ਕਿਹਾ ਸੀ ਕਿ ਬੱਸ ਅੱਡੇ ਬਾਰੇ ਕੋਈ ਵੀ ਫੈਸਲਾ ਬਠਿੰਡਾ ਦੇ ਲੋਕਾਂ ਦੀ ਸਹਿਮਤੀ ਨਾਲ ਹੀ ਕਰਾਂਗੇ ਪਰ ਚੁੱਪ ਚਪੀਤੇ ਹੀ ਬਿਜਲੀ ਬੋਰਡ ਦੀ ਜ਼ਮੀਨ ਬੱਸ ਅੱਡੇ ਦੇ ਨਾਂਅ ਤਬਦੀਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅੱਡਾ ਤਬਦੀਲੀ ਦਾ ਵਿਰੋਧ ਕਰਨ ਵਾਲਿਆਂ ਦੀਆਂ ਸ਼ਿਕਾਇਤਾਂ ਸੁਣਨ ਲਈ ਪ੍ਰਸ਼ਾਸ਼ਨ ਨੇ ਕਮੇਟੀ ਬਣਾਈ ਸੀ, ਜਿਸਨੇ ਸਾਰੀਆਂ ਧਿਰਾਂ ਨੂੰ ਸੁਣਿਆ ਹੀ ਨਹੀਂ। ਕਮੇਟੀ ਆਗੂਆਂ ਨੇ ਕਿਹਾ ਕਿ ਬੱਸ ਅੱਡਾ ਬਦਲਣ ਦਾ ਫ਼ੈਸਲਾ ਵਾਪਿਸ ਲੈਣ ਤੱਕ ਸੰਘਰਸ਼ ਜਾਰੀ ਰਹੇਗਾ। Bathinda News
