ਸ੍ਰੀ ਮੁਕਤਸਰ ਸਾਹਿਬ 25 ਅਗਸਤ 2023(ਰਾਜ ਕੁਮਾਰ)। ਸ਼੍ਰੀ ਮੁਕਤਸਰ ਸਾਹਿਬ ਦੇ ਭਾਈ ਜਰਨੈਲ ਸਿੰਘ ਨਗਰ ਦੇ ਨਿਵਾਸੀ ਮਨਪ੍ਰੀਤ ਸਿੰਘ ਗਿੱਲ ਉਰਫ਼ ਬਿੱਲਾ ਡੰਡ ਮਾਰਨ (Desi Squats) ਵਜੋਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਮਨਪ੍ਰੀਤ ਸਿੰਘ ਨੇ ਸੱਚ ਕਹੂੰ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਸਨੂੰ ਚਾਰ ਪੰਜ ਮਹੀਨਿਆਂ ਦੀ ਸਖਤ ਮਿਹਨਤ ਉਪਰੰਤ ਉਪਰੋਕਤ ਕਾਮਯਾਬੀ ਹਾਸਲ ਹੋਈ ਹੈ।
ਜ਼ਿਕਰਯੋਗ ਹੈ ਕਿ ਉਹ 1 ਮਿੰਟ ’ਚ 124 ਡੰਡ ਮਾਰ ਦਿੰਦਾ ਹੈ ਤੇ ਉਸਨੇ ਇਟਲੀ ਦੇ ਵਿਅਕਤੀ ਦਾ 116 ਡੰਡ ਮਾਰਨ ਦਾ ਰਿਕਾਰਡ ਤੋੜ ਕੇ ਆਪਣਾ ਨਾਂਅ ਗਿੰਨੀਜ਼ ਬੁੱਕ ’ਚ ਦਰਜ਼ ਕਰਵਾਇਆ ਹੈ। ਇਸ ਨਾਲ ਸਭ ਤੋਂ ਤੇਜ਼ ਡੰਡ ਮਾਰਨ ਵਾਲਾ ਉਹ ਸ੍ਰੀ ਮੁਕਤਸਰ ਸਾਹਿਬ ਇਲਾਕੇ ਦਾ ਪਹਿਲਾ ਨੌਜਵਾਨ ਬਣ ਗਿਆ ਹੈ। ਉਸਦੀ ਇਸ ਕਾਮਯਾਬੀ ਲਈ ਉਸਨੂੰ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। (Desi Squats)
ਇਹ ਵੀ ਪੜ੍ਹੋ : ਵੇਗ ਆਟੋਮੋਬਾਇਲਜ ਨੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਜਾਗਰੂਕਤਾ ਰੈਲੀ ਕੱਢੀ ਤੇ ਪੌਦੇ ਲਾਏ
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਸਨੇ ਕਿਸੇ ਵੀ ਤਰ੍ਹਾਂ ਦੇ ਕੋਈ ਬਾਹਰੀ ਖਾਣ ਪੀਣ ਜਾਂ ਬਜ਼ਾਰੀ ਪ੍ਰੋਡਕਟਸ ਦਾ ਸਹਾਰਾ ਨਹੀਂ ਲਿਆ ਸਗੋਂ ਘਰ ਦੀ ਦੇਸੀ ਖੁਰਾਕ ਖਾ ਕੇ ਹੀ ਇਹ ਮੁਕਾਮ ਹਾਸਲ ਕੀਤਾ ਹੈ। ਉਸਨੇ ਦੱਸਿਆ ਕਿ ਉਸਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸ਼ੁਰੂ ਤੋਂ ਹੀ ਚੰਗੀ ਸਿਹਤ ਲਈ ਕਸਰਤ ਕਰਨ ਦਾ ਸ਼ੌਂਕ ਹੈ ਜਿਸ ਲਈ ਉਸਨੇ ਲਗਾਤਾਰ ਮਿਹਨਤ ਕੀਤੀ ਹੈ। ਉਸਨੇ ਦੱਸਿਆ ਕਿ ਇਸ ਮਿਹਨਤ ਨੂੰ ਬਰਕਰਾਰ ਰੱਖਦਿਆਂ ਭਵਿੱਖ ’ਚ ਵੀ ਡੰਡ ਮਾਰਨ ਵਜੋਂ ਉਹ ਹੋਰ ਰਿਕਾਰਡ ਤੋੜਨੇ ਚਾਹੁੰਦਾ ਹੈ।