ਸ਼ਰਾਬ ਦੀ ‘ਹੋਮ ਡਿਲੀਵਰੀ’ ਕਰਨ ਅਤੇ ਕੋਰੋਨਾ ਟੈਕਸ ਨਾ ਲਾਉਣ ਤੋਂ ਖਫ਼ਾ ਹੋਏ ਮੰਤਰੀ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਸ਼ਰਾਬ ਦੀ ‘ਹੋਮ ਡਿਲੀਵਰੀ’ ਕਰਨ ਅਤੇ ਸ਼ਰਾਬ ‘ਤੇ ਕੋਰੋਨਾ ਟੈਕਸ ਨਾ ਲਗਾਉਣ ਕਾਰਨ ਹੁਣ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਮੰਤਰੀ ਹੀ ਕਾਫ਼ੀ ਜ਼ਿਆਦਾ ਖਫ਼ਾ ਹੋ ਗਏ ਹਨ। ਜਿਸ ਕਾਰਨ ਸ਼ਨਿੱਚਰਵਾਰ ਨੂੰ ਕੈਬਨਿਟ ਮੀਟਿੰਗ ਤੋਂ ਪਹਿਲਾਂ ਹੀ ਪ੍ਰੀ ਮੀਟਿੰਗ ਦੌਰਾਨ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਕੁਝ ਮੰਤਰੀਆਂ ਨਾਲ ਤਿੱਖੀ ਬਹਿਸ ਹੋ ਗਈ ਅਤੇ ਗੁੱਸੇ ਵਿੱਚ ਆ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਮੀਟਿੰਗ ਨੂੰ ਅੱਧ ਵਿਚਕਾਰ ਛੱਡਦੇ ਹੋਏ ਆਪਣੀ ਕੋਠੀ ਵੱਲ ਰਵਾਨਾ ਹੋ ਗਏ।
ਮਨਪ੍ਰੀਤ ਬਾਦਲ ਵੱਲੋਂ ਮੀਟਿੰਗ ਨੂੰ ਛੱਡਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਮੀਟਿੰਗ ਤੋਂ ਬਾਹਰ ਆ ਗਏ। ਇਨ੍ਹਾਂ ਕੈਬਨਿਟ ਮੰਤਰੀਆਂ ਦੇ ਗੁੱਸੇ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਬਾਹਰ ਜਾ ਕੇ ਮਨਾਉਣ ਦੀ ਕੋਸ਼ਸ਼ ਕੀਤੀ ਪਰ ਮਨਪ੍ਰੀਤ ਬਾਦਲ ਨੇ ਮੁੜ ਤੋਂ ਮੀਟਿੰਗ ਵਿੱਚ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਨੂੰ ਦੇਖਦੇ ਹੋਏ ਬਾਕੀ ਕੈਬਨਿਟ ਮੰਤਰੀ ਵੀ ਮੀਟਿੰਗ ਨੂੰ ਛੱਡ ਕੇ ਚਲੇ ਗਏ।
ਉੱਚ ਅਧਿਕਾਰੀ ਨਾਲ ਕੈਬਨਿਟ ਮੰਤਰੀਆਂ ਦੀ ਹੋਈ ਤਲਖਬਾਜ਼ੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੀਟਿੰਗ ਨੂੰ ਹੀ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ 3 ਦਿਨ ਤੋਂ ਪੰਜਾਬ ਵਿੱਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਵੱਡੇ ਪੱਧਰ ‘ਤੇ ਚਰਚਾ ਹੋ ਰਹੀ ਸੀ ਅਤੇ ਤਿੰਨ ਵਾਰ ਕੈਬਨਿਟ ਮੀਟਿੰਗ ਵੀ ਸੱਦਣ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ ਕਿਉਂਕਿ ਐਕਸਾਈਜ ਪਾਲਿਸੀ ਨੂੰ ਲੈ ਕੇ ਕਾਫ਼ੀ ਜ਼ਿਆਦਾ ਮਤਭੇਦ ਬਾਹਰ ਆ ਰਹੇ ਸਨ।
ਪਿਛਲੇ ਦਿਨੀਂ ਕਈ ਵਾਰ ਕੈਬਨਿਟ ਮੀਟਿੰਗ ਮੁਲਤਵੀ ਹੋਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਸ਼ਨਿੱਚਰਵਾਰ ਨੂੰ ਕੈਬਨਿਟ ਮੀਟਿੰਗ ਤੋਂ ਪਹਿਲਾਂ ਹੀ ਪ੍ਰੀ ਮੀਟਿੰਗ ਕਰਦੇ ਹੋਏ ਚਰਚਾ ਕਰ ਲਈ ਜਾਵੇ, ਜਿਸ ਤੋਂ ਬਾਅਦ ਕੈਬਨਿਟ ਵਿੱਚ ਉਸ ਨੂੰ ਪਾਸ ਕਰ ਦਿੱਤਾ ਜਾਏਗਾ।
ਵੀਡੀਓ ਕਾਨਫਰੰਸ ਰਾਹੀਂ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਭਾਗ ਲੈਣ ਲਈ ਸਰਕਾਰ ਦੇ 7-8 ਮੰਤਰੀ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਪੁੱਜ ਗਏ। ਜਿਥੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਐਕਸਾਈਜ਼ ਵਿਭਾਗ ਦੇ ਹੋਰ ਵੀ ਅਧਿਕਾਰੀ ਵੀ ਮੌਜੂਦ ਸਨ। ਕੈਬਨਿਟ ਤੋਂ ਪਹਿਲਾਂ ਪ੍ਰੀ ਮੀਟਿੰਗ ਦੌਰਾਨ ਮਨਪ੍ਰੀਤ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਕੁਝ ਬਦਲਾਅ ਚਾਹੁੰਦੇ ਸਨ ਅਤੇ ਉਸ ਸਬੰਧੀ ਚਰਚਾ ਵੀ ਹੋ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੀ ਹੋਮ ਡਿਲੀਵਰੀ ਦਾ ਵਿਰੋਧ ਹੋਣ ਦੇ ਨਾਲ ਹੀ ਸ਼ਰਾਬ ‘ਤੇ ਕੋਰੋਨਾ ਟੈਕਸ ਲਗਾਉਣ ਬਾਰੇ ਕਿਹਾ ਗਿਆ। ਇਸ ਦੌਰਾਨ ਕੁਝ ਹੋਰ ਪਾਲਿਸੀ ਦੇ ਪਹਿਲੂਆਂ ‘ਤੇ ਵੀ ਚਰਚਾ ਹੋਈ ਤਾਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਵਾਰ-ਵਾਰ ਟੋਕਿਆ ਗਿਆ।
ਜਿਸ ਦੌਰਾਨ ਕੁਝ ਇਹੋ ਜਿਹੇ ਸ਼ਬਦ ਮੁੱਖ ਸਕੱਤਰ ਵਲੋਂ ਆਖੇ ਗਏ, ਜਿਨ੍ਹਾਂ ਨੂੰ ਸਹਿਣ ਨਾ ਕਰਦੇ ਹੋਏ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਪ੍ਰੀ ਮੀਟਿੰਗ ਤੋਂ ਉੱਠ ਕੇ ਬਾਹਰ ਆ ਗਏ ਅਤੇ ਉਨ੍ਹਾਂ ਦੇ ਪਿੱਛੇ ਚਰਨਜੀਤ ਚੰਨੀ ਵੀ ਗੁੱਸੇ ਵਿੱਚ ਕੁਝ ਬੋਲਦੇ ਹੋਏ ਬਾਹਰ ਆਏ। ਜਿਸ ਤੋਂ ਬਾਅਦ ਹੋਰ ਮੰਤਰੀ ਵੀ ਕਾਫ਼ੀ ਜਿਆਦਾ ਗੁੱਸੇ ਵਿੱਚ ਬਾਹਰ ਆ ਗਏ, ਜਿਸ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਮਨਪ੍ਰੀਤ ਬਾਦਲ ਅਤੇ ਬਾਕੀ ਕੈਬਨਿਟ ਮੰਤਰੀਆਂ ਨੂੰ ਮਨਾਉਣ ਦੀ ਕੋਸ਼ਸ਼ ਕੀਤੀ ਪਰ ਉਨ੍ਹਾਂ ਨੇ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਸ ਸਾਰੇ ਝਗੜੇ ਤੋਂ ਅੱਧਾ ਕੂ ਘੰਟੇ ਬਾਅਦ ਕੈਬਨਿਟ ਦੀ ਮੀਟਿੰਗ ਸ਼ੁਰੂ ਹੋਣੀ ਸੀ ਅਤੇ ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੀਟਿੰਗ ਨੂੰ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ।
ਕੋਰੋਨਾ ਟੈਕਸ ਚਾਹੁੰਦੇ ਹਨ ਮਨਪ੍ਰੀਤ ਬਾਦਲ ਤਾਂ ਖਜ਼ਾਨੇ ਦੀ ਹਾਲਤ ਹੋਵੇ ਠੀਕ
ਮਨਪ੍ਰੀਤ ਬਾਦਲ ਖਜਾਨੇ ਦੀ ਹਾਲਤ ਨੂੰ ਦੇਖਦੇ ਹੋਏ ਦੂਜੇ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਕੋਰੋਨਾ ਟੈਕਸ ਚਾਹੁੰਦੇ ਹਨ। ਹਰਿਆਣਾ ਅਤੇ ਦਿੱਲੀ ਸਣੇ ਕਈ ਸੂਬੇ 70 ਫੀਸਦੀ ਤੱਕ ਕੋਰੋਨਾ ਟੈਕਸ ਸ਼ਰਾਬ ‘ਤੇ ਲਗਾ ਚੁੱਕੇ ਹਨ ਅਤੇ ਇਸ ਨਾਲ ਉਨ੍ਹਾਂ ਸੂਬਿਆਂ ਨੂੰ ਟੈਕਸ ਦੇ ਰੂਪ ਵਿੱਚ ਕਾਫ਼ੀ ਜ਼ਿਆਦਾ ਕਮਾਈ ਵੀ ਹੋ ਰਹੀ ਹੈ ਪਰ ਪੰਜਾਬ ਵਿੱਚ ਇਸ ਟੈਕਸ ਨੂੰ ਲਗਾਉਣ ਸਬੰਧੀ ਕੋਈ ਆਖ਼ਰੀ ਫੈਸਲਾ ਨਹੀਂ ਹੋ ਸਕਿਆ ਹੈ।
ਮਨਪ੍ਰੀਤ ਬਾਦਲ ਦੇ ਚਾਹੁਣ ਦੇ ਬਾਵਜੂਦ ਟੈਕਸ ਲਗਾਉਣ ਦੀ ਤਜਵੀਜ਼ ਨਾ ਲੈ ਕੇ ਆਉਣ ਕਾਰਨ ਉਹ ਨਰਾਜ਼ ਹੋ ਗਏ ਹਨ। ਵਿਧਾਇਕ ਅਤੇ ਮੰਤਰੀ ਦੀ ਪਤਨੀ ਵੀ ਸਾਹਮਣੇ ਆਈ ਹੋਮ ਡਿਲੀਵਰੀ ਖ਼ਿਲਾਫ਼ ਕਾਂਗਰਸ ਪਾਰਟੀ ਦੇ ਹੀ ਇੱਕ ਵਿਧਾਇਕ ਅਤੇ ਮੰਤਰੀ ਦੀ ਧਰਮ ਪਤਨੀ ਵੱਲੋਂ ਸ਼ਰਾਬ ਦੀ ਹੋਮ ਡਿਲੀਵਰੀ ਦਾ ਵਿਰੋਧ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਪੀਲ ਕਰ ਦਿੱਤੀ ਹੈ ਕਿ ਉਹ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਨਾ ਕਰਨ।
ਉਨ੍ਹਾਂ ਕਿਹਾ ਕਿ ਸ਼ਰਾਬ ਦੀ ਹੋਮ ਡਿਲੀਵਰੀ ਹੋਣ ਨਾਲ ਘਰਾਂ ਦੇ ਮਾਹੌਲ ‘ਤੇ ਅਸਰ ਪਵੇਗਾ, ਇਥੇ ਤੱਕ ਕਿ ਘਰਾਂ ਵਿੱਚ ਝਗੜੇ ਵੀ ਵੱਧ ਸਕਦੇ ਹਨ। ਇਥੇ ਹੀ ਸ਼ਰਾਬ ਦੀ ਹੋਮ ਡਿਲੀਵਰੀ ਦੇ ਖ਼ਿਲਾਫ਼ ਪਹਿਲਾਂ ਵੀ ਕਈ ਕੈਬਨਿਟ ਮੰਤਰੀ ਆਪਣੇ ਵਿਚਾਰ ਰੱਖ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।