ਚੋਣ ਮਨੋਰਥ ਪੱਤਰ : ਪੰਜਾਬ ਕਾਂਗਰਸ ਵੱਲੋਂ ਨੌਕਰੀਆਂ ਦੇਣ ਤੇ ਸ਼ਰਾਬਬੰਦੀ ਦਾ ਵਾਅਦਾ

ਚੋਣ ਮਨੋਰਥ ਪੱਤਰ : ਪੰਜਾਬ ਕਾਂਗਰਸ ਵੱਲੋਂ ਨੌਕਰੀਆਂ ਦੇਣ ਤੇ ਸ਼ਰਾਬਬੰਦੀ ਦਾ ਵਾਅਦਾ

ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਕਾਂਗਰਸ ਨੇ ਉਮੀਦ ਤੋਂ ਜਿਆਦਾ ਵਾਅਦੇ ਕਰਨ ਦੇ ਨਾਲ ਹੀ ਬਿਹਾਰ ਦੀ ਤਰਜ਼ ‘ਤੇ ਪੰਜਾਬ ਨੂੰ ਸ਼ਰਾਬਬੰਦੀ ਵੱਲ ਲਿਜਾਣ ਦਾ ਐਲਾਨ ਕਰਦਿਆਂ ਇਨ੍ਹਾਂ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਨੌਜਵਾਨ ਤੋਂ ਲੈ ਕੇ ਬਜ਼ੁਰਗ ਅਤੇ ਬੇਟੀ ਤੋਂ ਲੈ ਕੇ ਔਰਤ ਤੱਕ ਦਾ ਖ਼ਾਸ ਖਿਆਲ ਰੱਖਣ ਦਾ ਵਾਅਦਾ ਕੀਤਾ ਗਿਆ ਹੈ।

ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਅਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ। ਪੰਜਾਬ ਕਾਂਗਰਸ ਨੇ ਆਪਣੇ ਇਸ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ‘ਤੇ ਹਰ ਘਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਨਸ਼ੇ ਨੂੰ ਪੰਜਾਬ ਵਿੱਚ ਲਗਾਮ ਪਾਉਣ ਲਈ ਇੱਕ ਪਾਲਿਸੀ ਦੇ ਤਹਿਤ ਹਰ ਸਾਲ ਪੰਜਾਬ ਵਿੱਚ 5 ਫੀਸਦੀ ਠੇਕੇ ਬੰਦ ਕੀਤੇ ਜਾਣਗੇ ਅਤੇ ਅਗਲੇ 5 ਸਾਲਾਂ ਵਿੱਚ ਪੰਜਾਬ ਕਾਂਗਰਸ 25 ਫੀਸਦੀ ਸਰਾਬ ਦੇ ਠੇਕੇ ਪੰਜਾਬ ਵਿੱਚੋਂ ਬੰਦ ਕਰਦੇ ਹੋਏ ਪੰਜਾਬ ਵਿੱਚ ਸਰਾਬ ਬੰਦੀ ਵਲ ਵਧੇਗੀ।

ਸੂਬੇ ‘ਚ ਸਰਵ ਪੱਖੀ ਵਿਕਾਸ ਹੋਵੇਗਾ

ਡਾ. ਮਨਮੋਹਣ ਸਿੰਘ ਨੇ ਕਿਹਾ ਕਿ ਇਕ ਦੂਰਦਰਸੀ ਦਸਤਾਵੇਜ਼ ਵਜੋਂ ਚੋਣ ਮਨੋਰਥ ਪੱਤਰ ਲਈ ਕੈਪਟਨ ਅਮਰਿੰਦਰ ਨੂੰ ਸਾਰੇ ਭਾਗੀਦਾਰਾਂ ਦੇ ਵਿਚਾਰ ਹਾਸਿਲ ਕਰਨ, ਪਿੰਡਾਂ ‘ਚ ਜਾਣ ‘ਚ ਛੇ ਮਹੀਨੇ ਦਾ ਸਮਾਂ ਲੱਗਿਆ ਹੈ। ਡਾ. ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੇ ਸ਼ਾਸਨ ਦੌਰਾਨ ਸੂਬੇ ‘ਚ ਸਰਵ ਪੱਖੀ ਵਿਕਾਸ ਹੋਵੇਗਾ ਤੇ ਅਰਥ ਵਿਵਸਥਾ, ਉਦਯੋਗ, ਖੇਤੀਬਾੜੀ ਤੇ ਇਨਫਰਾਸਟਰੱਕਚਰ ਨੂੰ ਮੁੜ ਖੜਾ ਕਰਨ ਸਮੇਤ ਆਮਦਨ ਨੂੰ ਵਧਾਇਆ ਜਾਵੇਗਾ ਤੇ ਧੰਨ ਦੀ ਬਰਾਬਰ ਵੰਡ ਹੋਵੇਗੀ।

ਸਮਾਜ ਦੇ ਹਰੇਕ ਵਰਗ ਦੀਆਂ ਚਿੰਤਾਵਾਂ ਤੇ ਉਮੀਦਾਂ ਨੂੰ ਦਰਸਾਉਣ ਵਾਲੇ ਇਸ ਪਵਿੱਤਰ ਚੋਣ ਮਨੋਰਥ ਪੱਤਰ ਲਈ ਸਮਾਜ ਦੇ ਸਾਰੇ ਵਰਗਾਂ ਤੋਂ ਵਿਚਾਰ ਲਏ ਗਏ ਹਨ ਅਤੇ ਡਾ. ਸਿੰਘ ਨੇ ਇਸ ‘ਚ ਆਪਣੇ ਮੁੱਲਵਾਣ ਸੁਝਾਅ ਵੀ ਦਿੱਤੇ ਸਨ। ਇਹਨੂੰ ਚੇਅਰਮੈਨ ਭੱਠਲ ਤੇ ਕੋ-ਚੇਅਰਮੈਨ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ 17 ਮੈਂਬਰੀ ਮੈਨੀਫੈਸਟੋ ਕਮੇਟੀ ਨੇ ਤਿਆਰ ਕੀਤਾ ਹੈ।

ਆਪਣੇ ਚੋਣ ਮਨੋਰਥ ਪੱਤਰ ‘ਚ ਵਾਅਦਾ ਕੀਤਾ

ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਦਿਆਂ ਕਿਹਾ ਕਿ ਪੰਜਾਬ ਦੀ ਅਗਲੀ ਸਰਕਾਰ 5000 ਕਰੋੜ ਰੁਪਏ ਦੇ ਵਿੱਤੀ ਘਾਟੇ ਸਮੇਤ ਭਾਰੀ ਕਰਜ਼ਿਆਂ ਨੂੰ ਅਪਣਾਉਣ ਜਾ ਰਹੀ ਹੈ, ਕੈਪਟਨ ਅਮਰਿੰਦਰ ਨੇ ਜਰਾ ਹੱਟ ਕੇ ਸੋਚ ਅਪਣਾਉਂਦਿਆਂ ਸੂਬੇ ਨੂੰ ਮੁੜ ਵਿਕਾਸ ਦੀ ਪਟੜੀ ‘ਤੇ ਲਿਆਉਣ ਦਾ ਵਾਅਦਾ ਕੀਤਾ ਹੈ। ਇਥੇ ਹੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਵਿਕਾਸਸ਼ੀਲ ਕਦਮਾਂ ਤਹਿਤ ਸ਼ਰਾਬ ‘ਤੇ ਸੈਸ ਲਗਾਉਣ ਤੇ ਖੁਦਾਈ ਤੋਂ ਹੋਣ ਵਾਲੀ ਆਮਦਨ ਰੋਜ਼ਗਾਰ ਪੈਦਾ ਕਰਨ ਵਾਸਤੇ ਸਹਾਇਤਾ ਕਰਨਗੇ, ਜਿਸ ਬਾਰੇ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਵਾਅਦਾ ਕੀਤਾ ਹੈ। ਹਰੇਕ ਘਰ ਤੋਂ ਇਕ ਵਿਅਕਤੀ ਨੂੰ ਨੌਕਰੀ ਦੇਣ ਦੇ ਵਾਅਦੇ ਨਾਲ ਕਾਂਗਰਸ ਨੇ ਕਈ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ, ਜਿਨਾਂ ‘ਚ ਇਕ ਰੋਜ਼ਗਾਰ ਕਮਿਸ਼ਨ ਦੀ ਨਿਗਰਾਨੀ ਹੇਠ ਸੂਬੇ ਅੰਦਰ ਰੋਜ਼ਗਾਰ ਕੇਂਦਰ ਸਥਾਪਤ ਕਰਨਾ ਸ਼ਾਮਿਲ ਹੈ, ਤਾਂ ਜੋ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕੀਤਾ ਜਾ ਸਕੇ।

ਉਨਾਂ ਨੇ ਕਿਹਾ ਕਿ ਉਨਾਂ ਦੀ ਪਿਛਲੀ ਸਰਕਾਰ ਨੇ 1.70 ਲੱਖ ਕਰੋੜ ਰੁਪਏ ਦਾ ਉਦਯੋਗਿਕ ਨਿਵੇਸ਼ ਹਾਸਿਲ ਕੀਤਾ ਸੀ, ਜਿਸ ਤੋਂ 20 ਲੱਖ ਨੌਕਰੀਆਂ ਪੈਦਾ ਹੋ ਸਕਦੀਆਂ ਸਨ, ਲੇਕਿਨ ਅਕਾਲੀਆਂ ਨੇ ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਇਸ ਪ੍ਰਕ੍ਰਿਆ ‘ਚ ਰੁਕਾਵਟ ਪਾ ਦਿੱਤੀ।
ਇਕ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਚੋਣ ਮਨੋਰਥ ਪੱਤਰ ‘ਚ ਨਸ਼ਿਆਂ ਖ਼ਿਲਾਫ਼ ਲੜਾਈ ਦੇ ਵਾਅਦੇ ‘ਚ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਸੋਚ ਛਿਪੀ ਹੈ ਅਤੇ ਉ ਨਸ਼ਿਆਂ ਦਾ ਲੱਕ ਤੋੜ ਦੇਣਗੇ ਤੇ ਇਸ ਲਈ ਜ਼ਿੰਮੇਵਾਰਾਂ ਨੂੰ ਨਹੀਂ ਬਖ਼ਸ਼ਾਂਗੇ।

ਸਮਾਜ ਦੇ ਹਰੇਕ ਵਰਗ ਨੂੰ ਕਵਰ

ਐਸ.ਵਾਈ.ਐਲ ਦੇ ਮੁੱਦੇ ‘ਤੇ ਉਨਾਂ ਨੇ ਕਿਹਾ ਕਿ ਉਨਾਂ ਦੀ ਸਰਕਾਰ ਪੰਜਾਬ ਦੇ ਪਾਣੀ ਨੂੰ ਬਚਾਉਣ ਖ਼ਾਤਰ ਇਕ ਕਾਨੂੰਨ ਲਿਆਏਗੀ, ਜਿਸ ਕੋਲ ਇਕ ਵੀ ਬੂੰਦ ਵਾਧੂ ਪਾਣੀ ਨਹੀਂ ਹੈ। ਡਾ. ਸਿੰਘ ਤੇ ਕੈਪਟਨ ਅਮਰਿੰਦਰ, ਦੋਨਾਂ ਨੇ ਸਵੀਕਾਰ ਕੀਤਾ ਕਿ ਸੂਬੇ ਨੂੰ ਪੇਸ਼ ਆ ਹੋਰ ਮੁੱਦਿਆਂ ਦੀ ਤਰਾਂ ਨੋਟ ਬੰਦੀ ਵੀ ਪੰਜਾਬ ਲਈ ਇਕ ਮੁੱਦਾ ਹੈ। ਡਾ. ਸਿੰਘ ਨੇ ਜੀ.ਡੀ.ਪੀ ‘ਤੇ ਨੋਟ ਬੰਦੀ ਦੇ ਅਸਰ ਨੂੰ ਲੈ ਕੇ ਚਿੰਤਾ ਪ੍ਰਗਟਾਈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸਮਾਜ ਦੇ ਹਰੇਕ ਵਰਗ ਨੂੰ ਕਵਰ ਕਰਨ ਵਾਲਾ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਇਕ ਅਸਲੀਅਤ ‘ਤੇ ਅਧਾਰਿਤ ਦਸਤਾਵੇਜ਼ ਹੈ, ਨਾ ਕਿ ਆਪ ਵੱਲੋਂ ਬਣਾਏ ਗਏ ਵੱਖ ਵੱਖ ਮੈਨੀਫੈਸਟੋ ਦੀ ਤਰਾਂ,  ਜਿਨਾਂ ਦੇ ਲਾਗੂ ਹੋਣ ਦੀ ਸੰਭਾਵਨਾ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ