ਅਕਾਲੀਆਂ ਦੇ ਕਾਗਜ਼ ਰੱਦ ਹੋਣ ਤੋਂ ਹਰਖੇ ਮਲੂਕਾ ਵੱਲੋਂ ਹਾਈਕੋਰਟ ਜਾਣ ਦੀ ਚਿਤਾਵਨੀ

ਕਾਂਗਰਸ ’ਤੇ ਹਾਰ ਦੇ ਡਰੋਂ ਨਾਮਜਦਗੀ ਕਾਗਜ ਰੱਦ ਕਰਵਾਉਣ ਦੇ ਲਾਏ ਦੋਸ਼

ਬਠਿੰਡਾ, (ਸੁਖਜੀਤ ਮਾਨ) ਸਾਬਕਾ ਪੰਚਾਇਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਾਂਗਰਸ ’ਤੇ ਹਾਰ ਦੇ ਡਰੋਂ ਵਿਰੋਧੀਆਂ ਦੇ ਨਾਮਜਦਗੀ ਕਾਗਜ਼ ਰੱਦ ਕਰਵਾਉਣ ਅਤੇ ਨਾਮਜਦਗੀਆਂ ਦਾਖਲ ਕਰਵਾਉਣ ਤੋਂ ਰੋਕਣ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀਨਿਵਾਸਨ ਨੂੰ ਮੰਗ ਪੱਤਰ ਸੌਂਪਕੇ ਕਾਗਜ਼ਾਂ ਦੀ ਮੁੜ ਪੜਤਾਲ ਕਰਨ ਦੀ ਮੰਗ ਕੀਤੀ ਹੈ ਤੇ ਅਜਿਹਾ ਨਾ ਹੋਣ ’ਤੇ ਧਰਨੇ/ਮੁਜ਼ਹਾਰੇ ਕਰਨ ਤੋਂ ਇਲਾਵਾ ਹਾਈਕੋਰਟ ਜਾਣ ਦੀ ਚਿਤਾਵਨੀ ਦਿੱਤੀ ਹੈ ਦੂਜੇ ਪਾਸੇ ਕਾਂਗਰਸੀ ਆਗੂ ਇਨ੍ਹਾਂ ਦੋਸ਼ਾਂ ਨੂੰ ਨਕਾਰ ਰਹੇ ਹਨ ਕਿ ਇਹ ਚੋਣ ਅਮਲੇ ਦੀ ਕਾਰਵਾਈ ਹੈ ਤੇ ਉਨ੍ਹਾਂ ਅਕਾਲੀਆਂ ਨੂੰ ਬਹਾਨੇ ਘੜਨ ’ਚ ਮਾਹਿਰ ਕਰਾਰ ਦਿੱਤਾ ਹੈ

ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਨਾਮਜ਼ਦਗੀਆਂ ’ਤੇ ਲਗਾਏ ਗਏ ਇਤਰਾਜਾਂ ਸਬੰਧੀ ਲਿਖਤੀ ਜਾਣਕਾਰੀ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਇਸ ਲਈ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਸੌਪਿਆਂ ਹੈ। ਡਿਪਟੀ ਕਮਿਸ਼ਨਰ ਬਠਿੰਡਾ ਤੋਂ ਮੰਗ ਕੀਤੀ ਗਈ ਹੈ ਕਿ ਤੁਰੰਤ ਇਸ ਮਾਮਲੇ ਦੀ ਪੜਤਾਲ ਕਰਵਾਉਣ ਅਤੇ ਰੱਦ ਕੀਤੇ ਗਏ ਉਮੀਦਵਾਰਾ ਦੇ ਕਾਗਜਾ ਦੀ ਦੁਬਾਰਾ ਪੜਤਾਲ ਕਰਵਾ ਕੇ ਉਮੀਦਵਾਰਾ ਨੂੰ ਚੋਣ ਲੜਨ ਦੀ ਮਨਜੂਰੀ ਦਿੱਤੀ ਜਾਵੇ। ਮਲੂਕਾ ਨੇ ਕਿਹਾ ਕਿ ਜੇਕਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾ ਉਹ ਇੰਨਸਾਫ ਲਈ ਹਾਈਕੋਰਟ ਦਾ ਰੁੱਖ ਕਰਨਗੇ। ਇਸ ਤੋਂ ਇਲਾਵਾ ਕਾਂਗਰਸ ਵੱਲੋਂ ਲੋਕਤੰਤਰ ਦੇ ਕੀਤੇ ਜਾ ਰਹੇ ਘਾਣ ਨੂੰ ਠੱਲ ਪਾਉਣ ਲਈ ਧਰਨੇ ਮੁਜ਼ਹਾਰੇ ਕੀਤੇ ਜਾਣਗੇ।

ਮਲੂਕਾ ਨੇ ਹਲਕਾ ਰਾਮਪੁਰਾ ਫੂਲ ਬਾਰੇ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਉਮੀਦਵਾਰਾਂ ਦੀ ਯਕੀਨੀ ਹਾਰ ਤੋਂ ਘਬਰਾ ਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਸ੍ਰੋਮਣੀ ਅਕਾਲੀ ਦਲ ਤੋਂ ਇਲਾਵਾ ਆਜਾਦ ਉਮੀਦਵਾਰਾਂ ਦੀਆਂ ਨਾਮਜਦਗੀਆ ਰੱਦ ਕਰਵਾਈਆਂ ਹਨ। ਉਹਨਾਂ ਕਿਹਾ ਕਿ ਜੇਕਰ ਵਿਰੋਧੀਆ ਦੇ ਕਾਗਜ ਰੱਦ ਕਰਵਾ ਕੇ ਜਾਂ ਧੱਕੇਸ਼ਾਹੀ ਰਾਹੀਂ ਕਾਗਜ ਭਰਨ ਤੋਂ ਰੋਕ ਕੇ ਚੋਣਾਂ ਕਰਵਾਉਣੀਆ ਹਨ ਤਾਂ ਅਜਿਹੀਆ ਚੋਣਾਂ ਦਾ ਡਰਾਮਾ ਕਰਨ ਦੀ ਕੋਈ ਜਰੂਰਤ ਨਹੀਂ ਸਗੋਂ ਸਰਕਾਰ ਨੂੰ ਆਪਣੀ ਪਾਰਟੀ ਨਾਲ ਸਬੰਧਿਤ ਉਮੀਦਵਾਰਾਂ ਨੂੰ ਸਿੱਧੇ ਤੌਰ ’ਤੇ ਨਾਮਜਦ ਕਰ ਲੈਣਾ ਚਾਹੀਦਾ ਹੈ।

ਹਾਸੋਹੀਣੇ ਇਤਰਾਜ਼ ਲਗਾ ਕੇ ਕੀਤੇ ਕਾਗਜ਼ ਰੱਦ ਮਲੂਕਾ

ਮਲੂਕਾ ਨੇ ਕਿਹਾ ਕਿ ਹਲਕਾ ਰਾਮਪੁਰਾ ਫੂਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮਲੂਕਾ ਤੋਂ 7, ਭਗਤਾ ਭਾਈਕਾ ਤੋਂ 2, ਕੋਠਾ ਗੁਰੂ ਤੋਂ 4, ਮਹਿਰਾਜ ਤੋਂ 5 ਅਤੇ ਭਾਈਰੂਪਾ ਤੋਂ 4 ਉਮੀਦਵਾਰਾ ਤੋਂ ਇਲਾਵਾ ਕਈ ਆਜਾਦ ਉਮੀਦਵਾਰਾ ਦੀਆਂ ਨਾਮਜਦਗੀਆ ਹਾਸੋਹੀਣੇ ਤੇ ਬੇਤੁਕੇ ਇਤਰਾਜ ਲਗਾ ਕੇ ਰੱਦ ਕੀਤੇ ਗਏ ਹਨ। ਮਹਿਰਾਜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਕਾਗਜ ਪਾਣੀ ਦਾ ਬਿੱਲ ਬਕਾਇਆ ਦਾ ਇਤਰਾਜ ਲਗਾ ਕੇ ਰੱਦ ਕੀਤੇ ਗਏ ਜਦਕਿ ਸਬੰਧਤ ਉਮੀਦਵਾਰ ਦੇ ਘਰ ਤੱਕ ਪਾਣੀ ਦੀ ਸਪਲਾਈ ਹੀ ਨਹੀ ਜਾਂਦੀ। ਇਸ ਤੋਂ ਇਲਾਵਾ ਇੱਕ ਉਮੀਦਵਾਰ ਦੇ ਕਾਗਜ ਘਰ ਦੇ ਬਾਹਰ ਨਜਾਇਜ ਥੜੇ ਦੀ ਉਸਾਰੀ ਦੇ ਇਤਰਾਜ ਲਗਾਏ ਹਨ, ਜਦਕਿ ਇਸ ਉਮੀਦਵਾਰ ਦਾ ਘਰ ਖੇਤਾ ਵਿੱਚ ਆਪਣੀ ਨਿੱਜੀ ਜਮੀਨ ਵਿੱਚ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.