Paddy Diseases Prevention: ਝੋਨੇ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੀ ਸ਼ੁਰੂਆਤੀ ਲਾਗ ਹਵਾ, ਪਾਣੀ ਜਾਂ ਬੂਟੇ ਤੋਂ ਬੂਟੇ ਦੇ ਸੰਪਰਕ ਰਾਹੀਂ ਆਲੇ-ਦੁਆਲੇ ਦੇ ਸਿਹਤਮੰਦ ਬੂਟਿਆਂ ’ਤੇ ਚਲੀ ਜਾਂਦੀ ਹੈ। ਜੇਕਰ ਇਸ ਸ਼ੁਰੂਆਤੀ ਲਾਗ ਨੂੰ ਸਮੇਂ ਸਿਰ ਨਾ ਰੋਕਿਆ ਜਾਵੇ ਤਾਂ ਇਹ ਬਿਮਾਰੀਆਂ ਮੌਸਮ ਅਨੁਕੂਲ ਦੌਰਾਨ ਝੋਨੇ ਦੀ ਫਸਲ ’ਤੇ ਬਹੁਤ ਤੇਜ਼ੀ ਨਾਲ ਫੈਲ ਜਾਂਦੀਆਂ ਹਨ। ਇਸ ਲਈ ਫਸਲ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਇਸ ਲਾਗ ’ਤੇ ਸਖਤ ਨਿਗਰਾਨੀ ਰੱਖਣੀ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ।
ਇਹ ਖਬਰ ਵੀ ਪੜ੍ਹੋ : Parliament Security Breach: ਸੰਸਦ ’ਚ ਸੁਰੱਖਿਆ ਦੀ ਉਲੰਘਣਾ, ਕੰਧ ਟੱਪ ਕੰਪਲੈਕਸ ’ਚ ਆਇਆ ਵਿਅਕਤੀ
ਤਣੇ ਦੁਆਲੇ ਪੱਤੇ ਦਾ ਝੁਲਸ ਰੋਗ (ਸ਼ੀਥ ਬਲਾਈਟ) | Paddy Diseases Prevention
ਇਹ ਮਿੱਟੀ ਰਾਹੀਂ ਫੈਲਣ ਵਾਲੀ ਉੱਲੀ, ਰਾਈਜ਼ੋਕਟੋਨੀਆ ਸੋਲਾਨੀ, ਕਾਰਨ ਲੱਗਣ ਵਾਲਾ ਰੋਗ ਹੈ ਇਹ ਰੋਗ ਇੱਕ ਵੱਡੀ ਸਮੱਸਿਆ ਵਜੋਂ ਉੱਭਰਿਆ ਹੈ। ਸਿਫਾਰਿਸ਼ ਤੋਂ ਜ਼ਿਆਦਾ ਖੁਰਾਕੀ-ਤੱਤ ਪਾਉਣ ਕਰਕੇ ਬੂਟੇ ਜ਼ਿਆਦਾ ਜਾੜ ਮਾਰ ਲੈਂਦੇ ਹਨ, ਫਸਲ ਸੰਘਣੀ ਹੋ ਜਾਂਦੀ ਹੈ ਅਤੇ ਖੇਤ ਵਿੱਚ ਹਵਾ ਦਾ ਆਦਾਨ-ਪ੍ਰਦਾਨ ਘਟ ਜਾਂਦਾ ਹੈ। ਅਜਿਹੇ ਖੇਤਾਂ ਵਿੱਚ ਲਗਾਤਾਰ ਪਾਣੀ ਖੜ੍ਹਾਉਣ ਨਾਲ ਨਮੀ ਦੀ ਮਾਤਰਾ ਵਧਣ ਕਰਕੇ ਖੇਤ ਵਿਚਲੇ ਹਾਲਾਤ ਇਸ ਬਿਮਾਰੀ ਦੇ ਵਿਕਾਸ ਅਤੇ ਫੈਲਾਅ ਲਈ ਬਹੁਤ ਅਨੁਕੂਲ ਹੋ ਜਾਂਦੇ ਹਨ ਜਿਸ ਕਰਕੇ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਫੈਲਦੀ ਹੈ। ਆਮ ਤੌਰ ’ਤੇ ਇਹ ਪਨੀਰੀ ਲਾਉਣ ਤੋਂ ਲਗਭਗ 60-70 ਦਿਨਾਂ ਬਾਅਦ ਖੇਤ ਵਿੱਚ ਦਿਖਾਈ ਦਿੰਦੀ ਹੈ।
ਇਸ ਦੇ ਸ਼ੁਰੂਆਤੀ ਲੱਛਣ ਪਾਣੀ ਦੇ ਪੱਧਰ ਤੇ ਬੂਟੇ ਦੇ ਹੇਠਲੇ ਪੱਤੇ ਦੀ ਸ਼ੀਥ ’ਤੇ ਗੋਲ ਤੋਂ ਅੰਡਾਕਾਰ ਸਲੇਟੀ ਹਰੇ ਰੰਗ ਦੇ ਜਾਮਣੀ ਭਾਅ ਮਾਰਦੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਸਿੱਟੇ ਨਿੱਕਲਣ ਤੋਂ ਬਾਅਦ ਬਿਮਾਰੀ ਸੰਵੇਦਨਸ਼ੀਲ ਕਿਸਮਾਂ ਦੇ ਪੱਤਿਆਂ ’ਤੇ ਬਹੁਤ ਤੇਜ਼ੀ ਨਾਲ ਵੱਧਦੀ-ਫੁੱਲਦੀ ਹੈ। ਬਿਮਾਰੀ ਨਾਲ ਪ੍ਰਭਾਵਿਤ ਬੂਟੇ ਕਮਜ਼ੋਰ ਹੋ ਜਾਂਦੇ ਹਨ ਤੇ ਅਜਿਹੇ ਬੂਟਿਆਂ ਤੋਂ ਬਣਨ ਵਾਲੇ ਦਾਣੇ ਮਾੜੇ ਅਤੇ ਬਦਰੰਗ ਹੁੰਦੇ ਹਨ। ਇਸ ਦੇ ਰੋਗਾਣੂੰ ਮਿੱਟੀ ਵਿੱਚ ਗੂੜ੍ਹੇ ਭੂਰੇ ਰੰਗ ਦੀਆਂ ਮਘਰੌੜੀਆਂ (ਸਕਰੋਲੋਸ਼ੀਆ) ਦੇ ਰੂਪ ਵਿੱਚ ਕਈ ਸਾਲਾਂ ਤੱਕ ਮਿੱਟੀ ਵਿੱਚ ਜਿਉਂਦੇ ਰਹਿੰਦੇ ਹਨ। Paddy Diseases Prevention
ਇਹ ਮਘਰੌੜੀਆਂ ਅਗਲੇ ਸਾਲ ਲਈ ਬਿਮਾਰੀ ਦੇ ਮੁੱਖ ਸਰੋਤ ਵਜੋਂ ਲਾਗ ਲਾਉਣ ਦਾ ਕੰਮ ਕਰਦੀਆਂ ਹਨ। ਇਸ ਰੋਗ ਦੇ ਸੁਯੋਗ ਪ੍ਰਬੰਧ ਕਰਨ ਲਈ ਖੇਤ ਦੀ ਸਫਾਈ, ਸਮੇਂ ਸਿਰ ਨਿਗਰਾਨੀ, ਸੰਤੁਲਿਤ ਖਾਦ ਤੇ ਉੱਲੀਨਾਸ਼ਕਾਂ ਦੀ ਸਮੇਂ ਸਿਰ ਵਰਤੋਂ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਕਿਸਾਨ ਵੀਰੋ ਅਜੇ ਤੱਕ ਸਾਡੇ ਕੋਲ ਇਸ ਰੋਗ ਦਾ ਟਾਕਰਾ ਕਰਨ ਵਾਲੀ ਝੋਨੇ ਦੀ ਕੋਈ ਵੀ ਕਿਸਮ ਉਪਲੱਬਧ ਨਹੀਂ ਹੈ।ਇਸ ਲਈ ਬਿਮਾਰੀ ਦਾ ਸੁਚੱਜਾ ਪ੍ਰਬੰਧ ਕਰਨ ਵਿੱਚ ਸਾਨੂੰ ਉੱਲੀਨਾਸ਼ਕਾਂ ਦੀ ਵਰਤੋਂ ’ਤੇ ਹੀ ਜ਼ਿਆਦਾਤਰ ਨਿਰਭਰ ਕਰਨਾ ਪੈਂਦਾ ਹੈ ਪਰ ਬੇਲੋੜੀ ਤੇ ਅੰਨੇ੍ਹਵਾਹ ਵਰਤੋਂ ਕਰਨ ਨਾਲ ਫਸਲਾਂ ਦੇ ਉਤਪਾਦ ਵਿੱਚ ਇਨ੍ਹਾਂ ਦੇ ਰਹਿੰਦ-ਖੂੰਹਦ ਦੇ ਅੰਸ਼ ਪਾਏ ਜਾਣ ਕਾਰਨ ਬਾਸਮਤੀ ਦੇ ਨਿਰਯਾਤ ਵਿੱਚ ਮੁਸ਼ਕਿਲ ਖੜ੍ਹੀ ਹੋ ਜਾਂਦੀ ਹੈ। Paddy Diseases Prevention
ਇਸ ਕਰਕੇ ਸਾਨੂੰ ਬਾਸਮਤੀ ਜਾਂ ਝੋਨੇ ਦੀ ਫਸਲ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਸਰਵਪੱਖੀ ਰੋਕਥਾਮ ਦੇ ਢੰਗ ਅਪਣਾਉਣ ਦੀ ਜ਼ਰੂਰਤ ਹੈ। ਸ਼ੀਥ ਬਲਾਈਟ ਅਕਸਰ ਖੇਤ ਦੇ ਵੱਟਾਂ-ਬੰਨਿਆਂ ’ਤੇ ਉੱਗੇ ਘਾਹ ਅਤੇ ਹੋਰ ਨਦੀਨਾਂ ਤੋਂ ਸ਼ੁਰੂ ਹੁੰਦੀ ਹੈ। ਇਸ ਲਈ ਘਾਹ ਤੇ ਨਦੀਨਾਂ ਨੂੰ ਨਿਯਮਿਤ ਤੌਰ ’ਤੇ ਨਸ਼ਟ ਕਰਕੇ ਵੱਟਾਂ-ਬੰਨਿਆਂ ਨੂੰ ਸਾਫ ਰੱਖਣਾ ਵੀ ਇਸ ਬਿਮਾਰੀ ਦੇ ਸ਼ੁਰੂਆਤੀ ਹਮਲੇ ਨੂੰ ਰੋਕਣ ਵਿੱਚ ਮੱਦਦਗਾਰ ਸਿੱਧ ਹੁੰਦਾ ਹੈ। ਕਿਸਾਨਾਂ ਨੂੰ ਨਾਈਟ੍ਰੋਜਨ ਖਾਦ ਦੀ ਜ਼ਿਆਦਾ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।
ਖੇਤ ਦਾ ਲਗਾਤਾਰ ਨਿਰੀਖਣ ਕਰੋ ਇਸ ਦੌਰਾਨ ਬਿਮਾਰੀ ਨਜ਼ਰ ਆਉਣ ’ਤੇ ਫਸਲ ’ਤੇ ਸਿਫਾਰਿਸ਼ ਕੀਤੇ ਉੱਲੀਨਾਸ਼ਕ ਜਿਵੇਂ ਕਿ 200 ਮਿ.ਲੀ. ਐਮੀਸਟਾਰ ਟੋਪ 325 ਐਸਸੀ ਜਾਂ 150 ਮਿ.ਲੀ. ਪਲਸਰ/ਇਗਲੇਅਰ 24 ਐਸਸੀ ਜਾਂ 600 ਗ੍ਰਾਮ ਅਵਾਂਸਰ ਗਲੋ 75 ਡਬਲਯੂਜੀ ਵਿੱਚੋਂ ਕਿਸੇ ਵੀ ਇੱਕ ਉੱਲੀਨਾਸ਼ਕ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਪਹਿਲਾ ਛਿੜਕਾਅ ਫਸਲ ਦੇ ਸਿੱਟੇ ਗੋਭ ਵਿੱਚ ਹੋਣ ’ਤੇ ਕੀਤਾ ਜਾਣਾ ਚਾਹੀਦਾ ਹੈ, ਜੇਕਰ ਲੋੜ ਪਵੇ ਤਾਂ ਦੂਜਾ ਛਿੜਕਾਅ ਉਸ ਤੋਂ 15 ਦਿਨਾਂ ਬਾਅਦ ਕਰੋ।
ਪੱਤਿਆਂ ਉੱਤੇ ਭੂਰੇ ਧੱਬਿਆਂ ਦਾ ਰੋਗ | Paddy Diseases Prevention
ਇਹ ਝੋਨੇ ਦਾ ਇੱਕ ਅਜਿਹਾ ਉੱਲੀ ਨਾਲ ਲੱਗਣ ਵਾਲਾ ਮਹੱਤਵਪੂਰਨ ਰੋਗ ਹੈ, ਜੋ ਅਕਸਰ ਰੇਤਲੀ ਮਿੱਟੀ ’ਤੇ ਉਗਾਈ ਜਾਣ ਵਾਲੀ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਦੀ ਫਸਲ ’ਤੇ ਜ਼ਿਆਦਾ ਪਾਇਆ ਜਾਂਦਾ ਹੈ। ਇਹ ਰੋਗ ਬੀਜ ਅਤੇ ਮਿੱਟੀ, ਦੋਵਾਂ ਦੁਆਰਾ ਪੈਦਾ ਹੁੰਦਾ ਹੈ। ਸ਼ੁਰੂਆਤ ਵਿੱਚ ਪੱਤਿਆਂ ਤੇ ਛੋਟੇ, ਗੋਲ ਜਾਂ ਅੰਡਾਕਾਰ ਧੱਬੇ ਦਿਖਾਈ ਦਿੰਦੇ ਹਨ। ਇਹ ਧੱਬੇ ਆਮ ਤੌਰ ’ਤੇ ਹਲਕੇ ਭੂਰੇ ਰੰਗ ਤੋਂ ਲੈ ਕੇ ਗੂੜ੍ਹੇ ਭੂਰੇ ਰੰਗ ਦੇ ਕੇਂਦਰ ਵਾਲੇ ਹੋ ਸਕਦੇ ਹਨ। ਇਸ ਰੋਗ ਦੇ ਵਧਣ ਨਾਲ ਦਾਣਿਆਂ ਉੱਤੇ ਵੀ ਇਸੇ ਤਰ੍ਹਾਂ ਦੇ ਗੂੜ੍ਹੇ ਭੂਰੇ ਧੱਬੇ ਬਣ ਜਾਂਦੇ ਹਨ ਜੋ ਮੰਡੀ ਵਿੱਚ ਅਜਿਹੀ ਫਸਲ ਦੇ ਮੁੱਲ ਨੂੰ ਪ੍ਰਭਾਵਿਤ ਕਰਦੇ ਹਨ।
ਮੌਸਮੀ ਕਾਰਕ ਇਸ ਰੋਗ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਿੱਟੇ ਨਿੱਕਲਣ ਤੋਂ ਦਾਣੇ ਬਣਨ ਤੱਕ ਗਰਮ ਅਤੇ ਬੱਦਲਵਾਈ ਵਾਲਾ ਮੌਸਮ, ਇਸ ਦੇ ਫੈਲਣ ਲਈ ਬਹੁਤ ਅਨੁਕੂਲ ਹੁੰਦਾ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 500 ਗ੍ਰਾਮ ਇੰਡੋਫਿਲ ਜੈੱਡ-78, 75 ਡਬਲਯੂਪੀ ਦੇ ਦੋ ਛਿੜਕਾਅ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਘੋਲ ਕੇ ਕਰਨ। ਪਹਿਲਾ ਛਿੜਕਾਅ ਇਸ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ’ਤੇ ਹੀ ਕਰਨਾ ਚਾਹੀਦਾ ਹੈ। ਅਤੇ ਦੂਜਾ ਉਸ ਤੋਂ 15 ਦਿਨਾਂ ਬਾਅਦ।
ਝੂਠੀ ਕਾਂਗਿਆਰੀ | Paddy Diseases Prevention
ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਇਸ ਰੋਗ ਦਾ ਹਮਲਾ ਲਗਾਤਾਰ ਵਧਣ ਕਰਕੇ ਇਹ ਮੁੱਖ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਇਹ ਰੋਗ ਨਾ ਸਿਰਫ ਝੋਨੇ ਦੀ ਉਪਜ ਨੂੰ ਘਟਾਉਂਦਾ ਹੈ ਸਗੋਂ ਉਸ ਦੀ ਗੁਣਵੱਤਾ ’ਤੇ ਵੀ ਮਾੜਾ ਅਸਰ ਪਾਉਂਦਾ ਹੈੈ। ਆਮ ਕਿਸਾਨਾਂ ਵਿੱਚ ਇਹ ਹਲਦੀ ਰੋਗ ਜਾਂ ਲੱਡੂ ਰੋਗ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦੇ ਰੋਗਾਣੂੰ ਮੁੱਖ ਤੌਰ ’ਤੇ ਸਿੱਟਿਆਂ ਦੇ ਗੋਭ ਵਿੱਚ ਹੋਣ ਤੋਂ ਲੈ ਕੇ ਸਿੱਟੇ ਨਿੱਸਰਣ ਤੱਕ ਝੋਨੇ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਨਾਲ ਦਾਣੇ ਵੱਡੇ ਆਕਾਰ ਦੇ ਮਖਮਲੀ ਗੋਲਿਆਂ ਵਿੱਚ ਬਦਲ ਜਾਂਦੇ ਹਨ। ਇਹ ਸ਼ੁਰੂ ਵਿੱਚ ਛੋਟੇ ਹਲਕੇ ਹਰੇ ਰੰਗ ਦੇ ਦਿਖਾਈ ਦਿੰਦੇ ਹਨ ਜੋ ਹੌਲੀ-ਹੌਲੀ ਵੱਡੇ ਹੁੰਦੇ ਹਨ।
ਪੀਲੇ ਤੋਂ ਸੰਤਰੀ ਰੰਗਾਂ ਵਿੱਚ ਬਦਲਦੇ ਹਨ, ਅੰਤ ਵਿੱਚ ਗੂੜ੍ਹੇ ਹਰੇ ਹੋ ਜਾਂਦੇ ਹਨ। ਬਦਲਦੇ ਮੌਸਮ ਅਤੇ ਵਧੇਰੇ ਉਪਜ ਦੇਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਕਾਸ਼ਤ ਕਰਨ ਨਾਲ ਝੂਠੀ ਕਾਂਗਿਆਰੀ ਦਾ ਹਮਲਾ ਵਧ ਰਿਹਾ ਹੈ। ਇਸ ਰੋਗ ਦੇ ਸੁਚੱਜੇ ਪ੍ਰਬੰਧ ਲਈ ਉੱਲੀਨਾਸ਼ਕਾਂ ਦੀ ਵਰਤੋਂ ਦਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ। ਬੂਟਿਆਂ ਦੇ ਗੋਭ ਭਰਨ ਸਮੇਂ ਦੌਰਾਨ 500 ਗ੍ਰਾਮ ਕੋਸਾਈਡ (ਕਾਪਰ ਹਾਈਡ੍ਰੋੋਕਸਾਈਡ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨਾਲ ਇਸ ਦੀ ਰੋਕਥਾਮ ਬੜੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਫਸਲ ਨੂੰ ਸੰਤੁਲਿਤ ਖਾਦ ਦੀ ਵਰਤੋਂ ਕਰਨੀ ਬੜੀ ਜ਼ਰੂਰੀ ਹੈ।
ਧੰਨਵਾਦ ਸਹਿਤ, ਚੰਗੀ ਖੇਤੀ
ਝੋਨੇ ਤੇ ਬਾਸਮਤੀ ਦੀਆਂ ਬਿਮਾਰੀਆਂ ਨੂੰ ਕਾਬੂ ਕਰਨ ਦੇ ਢੰਗ | Paddy Diseases Prevention
- ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਝੋਨੇ ਅਤੇ ਬਾਸਮਤੀ ਦੀਆਂ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਸਮੇਂ ਸਿਰ ਹੇਠ ਲਿਖੀਆਂ ਨੀਤੀਆਂ ਅਪਣਾਉਣ :
- ਫਸਲ ਨੂੰ ਖਾਦਾਂ ਹਮੇਸ਼ਾ ਮਿੱਟੀ ਪਰਖ ਦੇ ਆਧਾਰ ’ਤੇ ਜਾਂ ਪੀਏਯੂ, ਲੁਧਿਆਣਾ ਦੀਆਂ ਸਿਫਾਰਿਸ਼ਾਂ ਅਨੁਸਾਰ ਪਾਓ।
- ਝੋਨੇ ਤੋਂ ਪਹਿਲਾਂ ਹਰੀ ਖਾਦ ਦੀ ਵਰਤੋਂ ਮਿੱਟੀ ਦੀ ਸਿਹਤ ਤੇ ਸੂਖਮ-ਜੀਵਾਂ ਦੀ ਘਣਤਾ ਵਧਾਉਂਦੀ ਹੈ ਜਿਸ ਨਾਲ ਫਸਲ ਦੀ ਦਿੱਖ ਵਧੀਆ ਹੋ ਜਾਂਦੀ ਹੈ ਹਰੀ ਖਾਦ ਦੀ ਵਰਤੋਂ ਭੂਰੇ ਧੱਬਿਆਂ ਦੇ ਰੋਗ ਨੂੰ ਘਟਾਉਣ ਵਿੱਚ ਵੀ ਸਹਾਈ ਹੁੰਦੀ ਹੈ।
- ਪੀਏਯੂ ਦੀ ਸਿਫਾਰਿਸ਼ ਅਨੁਸਾਰ ਹਮੇਸ਼ਾ ਲੋੜ ਅਨੁਸਾਰ ਸਿੰਚਾਈ ਕਰੋ। ਖੇਤ ਨੂੰ ਬੇਲੋੜਾ ਪਾਣੀ ਲਾਉਣਾ, ਵਧੇਰੇ ਨਮੀ ਪੈਦਾ ਕਰਦਾ ਹੈ। ਅਜਿਹਾ ਕਰਨ ਨਾਲ ਖੇਤਾਂ ਵਿਚਲੇ ਹਾਲਾਤ ਉਪਰੋਕਤ ਸਾਰੀਆਂ ਬਿਮਾਰੀਆਂ ਦੀ ਲਾਗ ਲਈ ਅਨੁਕੂਲ ਹੋ ਜਾਂਦੇ ਹਨ।