ਜੇਲ੍ਹ ਮੰਤਰੀ ਦਾ ਇਲਾਜ਼ ਕਰਵਾਉਣ ਮੁੱਖ ਮੰਤਰੀ ਅਮਰਿੰਦਰ
ਗਵਰਨਰ ਨੂੰ ਭਾਸ਼ਣ ਵਿੱਚੋਂ ਝੂਠੀਆਂ ਗੱਲਾਂ ਕੱਢਣ ਦੀ ਕੀਤੀ ਅਪੀਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Majithia) ਨੇ ਕਿਹਾ ਹੈ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣਾ ਦਿਮਾਗੀ ਤਵਾਜ਼ਨ ਗੁਆ ਲਿਆ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸਦਾ ਇਲਾਜ ਕਰਵਾਉਣਾ ਚਾਹੀਦਾ ਹੈ। ਅੱਜ ਇੱਥੇ ਇੱਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਜੇਲ੍ਹਾਂ ਵਿੱਚ ਮੋਬਾਈਲ ਫੋਨ ਫੜੇ ਜਾਣ ਦੇ ਮਾਮਲੇ ‘ਤੇ ਪਿਛਲੀ ਅਕਾਲੀ ਸਰਕਾਰ ਨੂੰ ਦੋਸ਼ੀ ਠਹਿਰਾਉਣਾ, ਸਾਬਤ ਕਰਦਾ ਹੈ ਕਿ ਉਹ ਦਿਮਾਗੀ ਤੌਰ ‘ਤੇ ਠੀਕ ਨਹੀਂ ਹਨ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਬਣੀ ਨੂੰ ਤਿੰਨ ਸਾਲ ਬੀਤ ਚੁੱਕੇ ਹਨ ਤੇ ਕੀ ਮੰਤਰੀਆਂ ਨੇ ਮਿਥ ਲਿਆ ਹੈ ਕਿ ਅਸੀਂ ਡੱਕਾ ਤੋੜਨਾ ਨਹੀਂ ਤੇ ਸਾਰਾ ਦੋਸ਼ ਪਿਛਲੀਆਂ ਸਰਕਾਰਾਂ ਸਿਰ ਪਾਉਣਾ ਹੈ।
ਉਹਨਾਂ ਕਿਹਾ ਕਿ ਅੱਜ ਸੰਗਰੂਰ, ਰੋਪੜ, ਪਟਿਆਲਾ, ਅੰਮ੍ਰਿਤਸਰ ਸਮੇਤ ਸਾਰੀਆਂ ਜੇਲ੍ਹਾਂ ਵਿੱਚ ਨਸ਼ਿਆਂ ਦੇ ਕਾਰੋਬਾਰ, ਕਾਂਟਰੈਕਟ ਕੀਲਿੰਗ ਤੇ ਫਿਰੌਤੀਆਂ ਦੇ ਕਾਰੋਬਾਰ ਦੇ ਅੱਡੇ ਬਣ ਗਏ ਹਨ। ਉਹਨਾਂ ਕਿਹਾ ਕਿ ਜੇਲ੍ਹਾਂ ਵਿੱਚ ਦੇਸ਼ ਵਿਰੋਧੀ ਤੱਤ, ਅੱਤਵਾਦੀ ਤੇ ਨਸ਼ਿਆਂ ਦੇ ਕਾਰੋਬਾਰੀਆਂ ਦੀ ਸਾਂਝ ਪੈ ਗਈ ਤੇ ਜੇਲ੍ਹਾਂ ਵਿੱਚੋਂ ਹੀ ਇਹ ਲੋਕ ਆਪਣਾ ਕਾਰੋਬਾਰ ਚਲਾ ਰਹੇ ਹਨ ਜਿਸਦੀ ਪੁਸ਼ਟੀ ਪੰਜਾਬ ਪੁਲਿਸ ਨੇ ਕੀਤੀ ਹੈ ਤੇ ਮੰਨਿਆ ਹੈ ਕਿ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦਾ ਨੈਟਵਰਕ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਜੇਲ੍ਹ ਮੰਤਰੀ ਦੇ ਹੁਕਮਾਂ ‘ਤੇ ਹੀ ਜੇਲ੍ਹ ਸੁਪਰਡੈਂਟਾਂ ਦੀ ਨਿਯੁਕਤੀ ਹੁੰਦੀ ਹੈ। ਉਹਨਾਂ ਕਿਹਾ ਕਿ ਇਸ ਵਾਸਤੇ ਜੇਲ੍ਹ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ।
ਸਰਕਾਰ ਨੇ ਝੂਠ ਦਾ ਪੁਲੰਦਾ ਪੇਸ਼ ਕਰਨਾ ਹੈ : Majithia
ਸਵਾਲਾਂ ਦੇ ਜਵਾਬ ਦਿੰਦਿਆਂ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ ਸੈਸ਼ਨ ਦੇ ਪਹਿਲੇ ਦਿਨ ਉਹਨਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਭਾਸ਼ਣ ਵਿਚੋਂ ਸਰਕਾਰ ਦੀਆਂ ਝੂਠੀਆਂ ਦਾਅਵੇਦਾਰੀਆਂ ਖਤਮ ਕਰਵਾ ਕੇ ਭਾਸ਼ਣ ਦੇਣ। ਉਹਨਾਂ ਕਿਹਾ ਕਿ ਸਰਕਾਰ ਨੇ ਬੇਸ਼ੱਕ ਸੈਸ਼ਨ ਸੱਦਿਆ ਹੈ ਪਰ ਸਰਕਾਰ ਨੇ ਝੂਠ ਦਾ ਪੁਲੰਦਾ ਪੇਸ਼ ਕਰਨਾ ਹੈ ਜਿਸਦਾ ਖੁਦ ਕਾਂਗਰਸ ਵਿਚੋਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਤੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਇਸਦਾ ਵਿਰੋਧ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਪਾਲ ਜੁਨੇਜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਅਮਲੋਹ ਸਮੇਤ ਹੋਰ ਆਗੂ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।