ਇੰਸਟਾਗ੍ਰਾਮ ਰਾਹੀਂ ਦਿੱਤੀਆ ਜਾ ਰਹੀਆਂ ਸਨ ਜਾਨੋਂ ਮਾਰਨ ਦੀਆਂ ਧਮਕੀਆਂ
Crime News Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਐਸਐਸਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਫ਼ਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਜੀਰੋ ਟੌਲਰੈਸ ਦੀ ਨੀਤੀ ਅਪਣਾਈ ਹੋਈ ਹੈ। ਜਿਸਦੇ ਤਹਿਤ ਮਾੜੇ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸੇ ਲੜੀ ਤਹਿਤ ਐਸਪੀ ਜੋਗੇਸ਼ਵਰ ਸਿੰਘ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਰਹਿਨੁਮਾਈ ਹੇਠ ਕਾਰਵਾਈ ਕਰਦੇ ਹੋਏ ਫ਼ਰੀਦਕੋਟ ਪੁਲਿਸ ਵੱਲੋਂ 2 ਲੱਖ ਰੁਪਏ ਫਿਰੌਤੀ ਮੰਗਣ ਦੇ ਮਾਮਲੇ ਦੇ ਮੁੱਖ ਮੁਲਜ਼ਮ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਐਸਪੀ ਰਮਨਦੀਪ ਸਿੰਘ (ਐਨ.ਡੀ.ਪੀ.ਐਸ) ਫਰੀਦਕੋਟ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਦੀਪਕ ਸ਼ਰਮਾ ਪੁੱਤਰ ਸਤਪਾਲ ਸ਼ਰਮਾ ਵਾਸੀ ਜੋਤਾ ਵਾਲੀ ਗਲੀ ਜੀਵਨ ਨਗਰ, ਕੋਟਕਪੂਰਾ ਵਜੋਂ ਹੋਈ ਹੈ। ਇਸ ਤੋਂ ਇਲਾਵਾ ਇਸ ਵਿੱਚ ਉਸ ਦਾ ਸਾਥ ਦੇਣ ਲਈ ਦੀਪਕ ਸ਼ਰਮਾ ਦੀ ਮਾਤਾ ਵੀਨਾ ਰਾਣੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਕੋਟਕਪੂਰਾ ਦੇ ਕਾਰੋਬਾਰੀ ਨੂੰ ਉਸ ਪਾਸ ਸਾਲ-2020 ਦੌਰਾਨ ਕੰਮ ਕਰਦੇ ਦੀਪਕ ਸ਼ਰਮਾ ਨਾਂਅ ਦੇ ਵਿਅਕਤੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਅਤੇ ਵੀਡਿਓ ਪਾ ਕੇ ਉਸ ਕਾਰੋਬਾਰੀ, ਉਸਦੇ ਪਿਤਾ ਅਤੇ ਉਸਦੇ ਜਾਣਕਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਬਾਰੇ ਸੂਚਨਾ ਹਾਸਲ ਹੋਈ ਸੀ। ਇਸ ਤੋਂ ਇਲਾਵਾ ਦੀਪਕ ਸ਼ਰਮਾ ਵੱਲੋਂ ਉਸ ਕਾਰੋਬਾਰੀ ਨੂੰ ਕਰੀਬ 6 ਮਹੀਨੇ ਪਹਿਲਾ ਵੀ ਵੱਟਸਅੱਪ ਕਾਲ ਰਾਹੀਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਦੀਪਕ ਸ਼ਰਮਾ ਦੀ ਮਾਤਾ ਵੀਨਾ ਰਾਣੀ ਵੱਲੋਂ ਵੀ ਉਸਦੇ ਲੜਕੇ ਨੂੰ ਫਿਰੌਤੀ ਦੀ ਰਕਮ ਦੇਣ ਲਈ ਧਮਕਾਇਆ ਗਿਆ ਸੀ। ਮਾਮਲੇ ਦੀ ਸੂਚਨਾ ਮਿਲਣ ਸਾਰ ਹੀ ਐਸਪੀ ਜੋਗੇਸ਼ਵਰ ਸਿੰਘ (ਇੰਨਵੈਸਟੀਗੇਸ਼ਨ) ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੀ ਸੰਜੀਵ ਕੁਮਾਰ ਡੀਐਸਪੀ (ਕੋਟਕਪੂਰਾ) ਦੀ ਨਿਗਰਾਨੀ ਹੇਠ ਪੁਲਿਸ ਟੀਮਾ ਬਣਾ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ: Government News: ਹੁਣ ਸਰਕਾਰ ਸਾਈਕਲ ਖਰੀਦਣ ਲਈ ਵੀ ਦੇ ਰਹੀ ਐ 3000 ਰੁਪਏ, ਇਸ ਤਰ੍ਹਾਂ ਮਿਲਦਾ ਐ ਲਾਭ
ਜਿਸ ਦੌਰਾਨ ਟੈਕਨੀਕਲ ਇੰਨਪੁੱਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੀ ਮੁਲਜ਼ਮ ਵੀਨਾ ਰਾਣੀ ਨੂੰ ਮਿਤੀ 12 ਫਰਵਰੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਸੀ। ਜਿਸ ਉਪਰੰਤ ਮੁੱਕਦਮੇ ਦੇ ਮੁੱਖ ਮੁਲਜ਼ਮ ਦੀਪਕ ਸ਼ਰਮਾ ਨੂੰ ਮਹਾਂਰਾਸ਼ਟਰ ਦੇ ਮੁੰਬਈ ਤੋਂ ਮਿਤੀ 19 ਫਰਵਰੀ ਗ੍ਰਿਫਤਾਰ ਕਰਕੇ ਪੰਜਾਬ ਲਿਆਂਦਾ ਗਿਆ। ਜਿਸ ਨੂੰ ਕਿ ਕੱਲ੍ਹ ਮਿਤੀ 23 ਫਰਵਰੀ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕਰਕੇ 02 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਵਜਾ ਰੰਜਿਸ਼ ਇਹ ਸਾਹਮਣੇ ਆਈ ਹੈ ਕਿ ਦੀਪਕ ਸ਼ਰਮਾ ਕਾਰੋਬਾਰੀ ਪਾਸ ਪੈਟਰੋਲ ਪੰਪ ’ਤੇ ਬਤੌਰ ਸੇਲਜਮੈਨ ਲੱਗਾ ਹੋਇਆ ਸੀ, ਜਿਸ ਵੱਲੋਂ ਹਿਸਾਬ-ਕਿਤਾਬ ਵਿੱਚ ਹੇਰਾਫੇਰੀ ਸਾਹਮਣੇ ਆਉਣ ’ਤੇ ਕੰਮ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕਰੋਨਾ ਸਮੇਂ ਦੌਰਾਨ ਮੁਲਜ਼ਮ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ’ਤੇ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਹ ਕਾਰੋਬਾਰੀ ਵੀ ਬਤੌਰ ਗਵਾਹ ਸੀ। ਫਰੀਦਕੋਟ ਪੁਲਿਸ ਵੱਲੋਂਂ ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 30 ਅਧੀਨ ਧਾਰਾ 308(4)/61(2) ਬੀਐਨਐਸ ਤਹਿਤ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ।














